ਕਿਸਾਨ ਮੇਜਰ ਸਿੰਘ ਖੁਦਕੁਸ਼ੀ ਮਾਮਲੇ ’ਚ ਪੀੜਤ ਪਰਿਵਾਰ ਨੇ CM ਭਗਵੰਤ ਮਾਨ ਨੂੰ ਕੀਤੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ‘ਮੌਤ ਲਈ ਜ਼ਿੰਮੇਵਾਰ 3 ਵਿਅਕਤੀਆਂ ਨੂੰ ਕੀਤਾ ਜਾਵੇ ਗ੍ਰਿਫ਼ਤਾਰ’

In the case of farmer Major Singh's suicide, the victim's family appealed to CM Bhagwant Mann.

ਰੂੜੇਕੇ ਕਲਾਂ : ਬਰਨਾਲਾ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਰੂੜੇਕੇ ਕਲਾਂ ਦੇ ਅੰਗਹੀਨ ਪਤੀ-ਪਤਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਪੰਜਾਬ ਤੋਂ ਆਪਣੇ ਪਿਤਾ ਮੇਜਰ ਸਿੰਘ ਦੀ ਮੌਤ ਦੇ ਜਿੰਮੇਵਾਰ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਗੁਹਾਰ ਲਾਈ ਹੈ। ਅੰਗਹੀਣ ਕੁਲਵਿੰਦਰ ਕੌਰ ਅਤੇ ਉਸ ਦੇ ਪੁੱਤਰ ਸੁਖਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ 75 ਸਾਲ ਦੇ ਮੇਜਰ ਸਿੰਘ ਦੀਆਂ ਤਿੰਨ ਧੀਆਂ ਸਨ। ਤਿੰਨੇ ਭੈਣਾਂ ਵਿਆਹ ਤੋਂ ਬਾਅਦ ਆਪੋ-ਆਪਣੇ ਪਰਿਵਾਰਾਂ ਵਿੱਚ ਚਲੀਆਂ ਗਈਆਂ ਅਤੇ ਇਨ੍ਹਾਂ ਤਿੰਨ ਧੀਆਂ ਦਾ ਪਿਤਾ ਮੇਜਰ ਸਿੰਘ 12 ਏਕੜ ਜਮੀਨ ਦਾ ਮਾਲਕ ਸੀ । ਜਮੀਨ ਦੇ ਲਾਲਚ ’ਚ ਆਏ ਉਸ ਦੇ ਤਾਏ ਦੇ ਪੁੱਤ ਨੇ ਉਸ ਦੀ 12 ਏਕੜ ਜਮੀਨ ਹਥਿਆਉਣ ਲਈ ਵੱਖੋ-ਵੱਖਰੇ ਦੋ ਜਾਅਲੀ ਆਧਾਰ ਕਾਰਡ ਬਣਾ ਕੇ ਜਾਅਲੀ ਰਜਿਸਟਰੀ ਕਰਵਾਈ, ਜਿਸ ਦਾ ਪਤਾ ਲੱਗਣ ’ਤੇ ਉਸ ਦਾ ਵਿਰੋਧ ਕੀਤਾ ਗਿਆ ਅਤੇ ਅਦਾਲਤ ਵਿੱਚ ਕੇਸ ਲਾ ਦਿੱਤਾ ਗਿਆ।
ਇਸ ਤੋਂ ਬਾਅਦ ਮੇਜਰ ਸਿੰਘ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਲੱਗੀਆਂ। ਇਸ ਤੋਂ ਬਾਅਦ ਮੇਜਰ ਸਿੰਘ ਧੀ ਉਸ ਨੂੰ ਆਪਣੇ ਸਹੁਰੇ ਘਰ ਰੂੜੇਕੇ ਕਲਾਂ ਵਿਖੇ ਲੈ ਗਈ। ਉਹ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਨਾਲ ਰਹਿ ਰਿਹਾ ਸੀ ਪਰ ਇਸ ਦੇ ਚਲਦਿਆਂ ਵੀ ਮੇਜਰ ਸਿੰਘ ਨੂੰ ਧਮਕੀਆਂ ਮਿਲ ਰਹੀਆਂ ਸਨ। ਪ੍ਰੇਸ਼ਾਨ ਮੇਜਰ ਸਿੰਘ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਸੀ। ਪੁਲਿਸ ਥਾਣਾ ਰੂੜੇਕੇ ਕਲਾਂ ਵਿਖੇ ਜਾਅਲੀ ਰਜਿਸਟਰੀ ਕਰਵਾਉਣ ਵਾਲੇ ਅਤੇ ਉਨਾਂ ਦੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਵੀਰਪਾਲ ਕੌਰ, ਹਰਦੀਪ ਸਿੰਘ ਅਤੇ ਮਨਜੀਤ ਕੌਰ ਖਿਲਾਫ 108,351(2) ਤਹਿਤ ਮਾਮਲਾ ਦਰਜ ਕਰ ਲਿਆ ਸੀ। ਪਰ ਹਾਲੇ ਤੱਕ ਉਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਮੇਜਰ ਸਿੰਘ ਦੀ ਧੀ ਅਤੇ ਜਵਾਈ ਅੰਗਹੀਣ ਹੋਣ ਕਰਕੇ ਥਾਣਿਆਂ ਦੇ ਚੱਕਰਾਂ ਲਗਾ-ਲਗਾ ਕੇ ਥੱਕ ਚੁੱਕੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਪੰਜਾਬ ਤੋਂ ਮੰਗ ਕਰਦੇ ਕਿਹਾ ਕਿ ਉਹਨਾਂ ਦੇ ਪਿਤਾ ਦੀ ਮੌਤ ਦੇ ਜ਼ਿੰਮੇਵਾਰ ਮਾਂ-ਪੁੱਤ ਅਤੇ ਨੂੰਹ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। ਉਹਨਾਂ ਪੁਲਿਸ ਕਾਰਜਕਾਰੀ ’ਤੇ ਵੀ ਸ਼ੱਕ ਜਾਹਿਰ ਕੀਤਾ ਇਸ ਮਾਮਲੇ ਵਿੱਚ ਦੋਵੇਂ ਔਰਤਾਂ ਨੂੰ ਕੱਢਿਆ ਜਾ ਰਿਹਾ ਹੈ । ਉਹਨਾਂ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਉਲੀਕਣਗੇ।
ਮਾਮਲੇ ਸਬੰਧ ਪੁਲਿਸ ਥਾਣਾ ਰੂੜੇਕੇ ਕਲਾਂ ਦੇ ਐਸ.ਐਚ.ਓ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਮੀਨੀ ਵਿਵਾਦ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਮੇਜਰ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ। ਜਿਸ ਤਹਿਤ ਵੱਖੋ ਵੱਖਰੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਉਹਨਾਂ ਵਿਸ਼ਵਾਸ ਦਿਵਾਇਆ ਕਿ ਮਾਮਲੇ ਵਿੱਚ ਦਰਜ ਤਿੰਨੋਂ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।