ਗਣਤੰਤਰ ਦਿਵਸ ਲਈ ਪੰਜਾਬ ਸਰਕਾਰ ਦੀ ਝਾਕੀ ਮਨੁੱਖੀ ਏਕਤਾ ਤੇ ਕੁਰਬਾਨੀ ਦੀ ਭਾਵਨਾ ਦਾ ਪ੍ਰਤੀਕ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੋਵੇਗੀ ਪੰਜਾਬ ਦੀ ਝਾਕੀ
ਚੰਡੀਗੜ੍ਹ : ਗਣਤੰਤਰ ਦਿਵਸ ਪਰੇਡ 2026 ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਝਾਕੀ ਅਧਿਆਤਮਿਕਤਾ ਅਤੇ ਮਨੁੱਖੀ ਏਕਤਾ, ਦਇਆ ਅਤੇ ਧਾਰਮਿਕ ਕਦਰਾਂ-ਕੀਮਤਾਂ ਦੇ ਉੱਚਤਮ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਨਿਰਸਵਾਰਥ ਕੁਰਬਾਨੀ ਦੀ ਭਾਵਨਾ ਦਾ ਇੱਕ ਵਿਲੱਖਣ ਪ੍ਰਤੀਕ ਹੈ।
ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਝਾਕੀ ਦੇ ਦੋ ਹਿੱਸੇ ਹਨ ਜਿਸ ’ਚ ਇੱਕ ਟਰੈਕਟਰ ਅਤੇ ਇੱਕ ਟ੍ਰੇਲਰ ਸ਼ਾਮਲ ਹਨ। ਝਾਕੀ ਦੇ ਟਰੈਕਟਰ ਵਾਲੇ ਹਿੱਸੇ ਵਿੱਚ ਇੱਕ ਹੱਥ ਦਾ ਨਿਸ਼ਾਨ ਹੈ, ਜੋ ਮਨੁੱਖਤਾਵਾਦੀ ਅਤੇ ਹਮਦਰਦੀ ਵਾਲੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਹੋਏ ਅਧਿਆਤਮਿਕਤਾ ਦੀ ਰੌਸ਼ਨੀ ਫੈਲਾਉਂਦਾ ਹੈ। ਅਗਲੇ ਹਿੱਸੇ ਵਿੱਚ "ਏਕ ਓਂਕਾਰ" (ਰੱਬ ਇੱਕ ਹੈ) ਪ੍ਰਤੀਕ ਵੀ ਹੈ, ਜਿਸ ਨੂੰ ਘੁੰਮਦਾ ਦਰਸਾਇਆ ਗਿਆ ਹੈ ਅਤੇ ਕੱਪੜੇ ਦਾ ਇੱਕ ਟੁਕੜਾ "ਹਿੰਦ ਦੀ ਚਾਦਰ" ਨਾਲ ਉੱਕਰੀ ਹੋਈ ਹੈ, ਜੋ ਜ਼ੁਲਮ ਤੋਂ ਸੁਰੱਖਿਆ ਦੀ ਮੰਗ ਕਰਨ ਵਾਲਿਆਂ ਦੀ ਸੁਰੱਖਿਆ ਦਾ ਪ੍ਰਤੀਕ ਹੈ।
ਟ੍ਰੇਲਰ ਵਾਲੇ ਹਿੱਸੇ ਵਿੱਚ ਰਾਗੀ ਸਿੰਘ "ਸ਼ਬਦ ਕੀਰਤਨ" ਕਰ ਰਹੇ ਹਨ, ਜਿਸ ਦੇ ਪਿੱਛੇ ਖੰਡਾ ਸਾਹਿਬ ਦਾ ਪ੍ਰਤੀਕ ਹੈ, ਜੋ ਪੂਰੇ ਵਾਤਾਵਰਣ ਨੂੰ ਇੱਕ ਅਲੌਕਿਕ ਅਤੇ ਅਧਿਆਤਮਿਕ ਮਾਹੌਲ ਨਾਲ ਰੰਗਦਾ ਹੈ। ਇਹ ਸਥਾਨ ਦਿੱਲੀ ਵਿੱਚ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦੇ ਬਿਲਕੁਲ ਸਾਹਮਣੇ ਸਥਿਤ ਹੈ, ਜਿੱਥੇ ਰੋਜ਼ਾਨਾ ਸ਼ਬਦ ਕੀਰਤਨ ਹੁੰਦਾ ਹੈ। ਟ੍ਰੇਲਰ ਵਾਲੇ ਹਿੱਸੇ ਦੇ ਪਾਸੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਦਾ ਇੱਕ ਮਾਡਲ ਸਜਾਇਆ ਗਿਆ ਹੈ, ਜੋ ਉਸ ਸਥਾਨ ਨੂੰ ਦਰਸਾਉਂਦਾ ਹੈ ਜਿੱਥੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ।
ਸਾਈਡ ਪੈਨਲ ਗੁਰੂ ਸਾਹਿਬ ਦੇ ਸਿੱਖ ਸ਼ਰਧਾਲੂਆਂ, ਭਾਈ ਮਤੀ ਦਾਸ ਜੀ, ਜਿਨ੍ਹਾਂ ਨੂੰ ਜ਼ਿੰਦਾ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ ਸੀ, ਭਾਈ ਸਤੀ ਦਾਸ ਜੀ, ਜਿਨ੍ਹਾਂ ਨੂੰ ਰੂੰ ਵਿੱਚ ਲਪੇਟ ਕੇ ਜ਼ਿੰਦਾ ਸਾੜ ਦਿੱਤਾ ਗਿਆ ਸੀ ਅਤੇ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਉਬਲਦੇ ਕੜਾਹੀ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ ਸੀ, ਦੀ ਸ਼ਹਾਦਤ ਨੂੰ ਦਰਸਾਉਂਦੇ ਹਨ। ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਮਰਪਿਤ ਸ਼ਰਧਾਲੂ ਸਨ ਅਤੇ ਗੁਰੂ ਸਾਹਿਬ ਦੇ ਉੱਚ ਆਦਰਸ਼ਾਂ ਨੂੰ ਮੰਨਦੇ ਹੋਏ ਸ਼ਹਾਦਤ ਦਾ ਰਸਤਾ ਚੁਣਿਆ। ਬੁਲਾਰੇ ਨੇ ਅੱਗੇ ਕਿਹਾ ਕਿ ਇਨ੍ਹਾਂ ਸਿੱਖ ਸ਼ਰਧਾਲੂਆਂ ਦੀ ਸ਼ਹਾਦਤ ਨੇ ਮਨੁੱਖਤਾ ਲਈ ਇੱਕ ਅਲੌਕਿਕ ਉਦਾਹਰਣ ਕਾਇਮ ਕੀਤੀ ਹੈ।
ਇਹ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵਾਂ ਸ਼ਹੀਦੀ ਪੁਰਬ 23 ਨਵੰਬਰ ਤੋਂ 29 ਨਵੰਬਰ 2025 ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ। ਵੱਖ-ਵੱਖ ਧਾਰਮਿਕ ਇਕੱਠ ਪੂਰੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਹੋਏ।
ਪਹਿਲੀ ਵਾਰ ਸੂਬਾ ਸਰਕਾਰ ਨੇ ਭਾਈ ਜੈਤਾ ਜੀ ਯਾਦਗਾਰ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ, ਜਿਸ ਨਾਲ ਇਹ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਵਿਲੱਖਣ ਘਟਨਾ ਬਣ ਗਈ। ਧਾਰਮਿਕ ਇਕੱਠ 25 ਅਕਤੂਬਰ 2025 ਨੂੰ ਨਵੀਂ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਵਿਖੇ ਅਰਦਾਸ ਨਾਲ ਸ਼ੁਰੂ ਹੋਏ । ਇਸੇ ਤਰ੍ਹਾਂ ਨਗਰ ਕੀਰਤਨ ਸ੍ਰੀਨਗਰ (ਜੰਮੂ ਅਤੇ ਕਸ਼ਮੀਰ), ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਫਰੀਦਕੋਟ ਅਤੇ ਗੁਰਦਾਸਪੁਰ ਤੋਂ ਕੱਢੇ ਗਏ ਸਨ, ਜੋ ਪਵਿੱਤਰ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਏ ਸਨ। ਇਸ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਨਗਰ ਕੀਰਤਨ ਅਤੇ ਧਾਰਮਿਕ ਇਕੱਠ ਆਯੋਜਿਤ ਕੀਤੇ ਗਏ ਸਨ।