ਡਰੱਗ ਮਾਮਲਿਆਂ ’ਚ ਨਾਮੀ ਮੁਲਜ਼ਮ ਰਾਜਾ ਕੰਧੋਲਾ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੰਬਈ ’ਚ ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ

Raja Kandhola, a prominent accused in drug cases, dies

ਬੰਗਾ : ਆਈਸ ਡਰੱਗ ਤਸਕਰੀ ਦੇ ਮਾਮਲਿਆਂ ਵਿਚ ਘਿਰੇ ਰਹੇ ਰਾਜਾ ਕੰਦੋਲਾ ਦੀ ਮੁੰਬਈ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਅਚਾਨਕ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇਲਾਜ ਦੌਰਾਨ ਆਖਰੀ ਸਾਹ ਲਿਆ । ਜ਼ਿਕਰਯੋਗ ਹੈ ਕਿ ਰਾਜਾ ਕੰਦੋਲਾ ਦਾ ਨਾਂ ਸਾਬਕਾ ਡੀ.ਐੱਸ.ਪੀ ਜਗਦੀਸ਼ ਭੋਲਾ ਡਰੱਗ ਮਾਮਲੇ ਵਿਚ ਵੀ ਸਾਹਮਣੇ ਆਇਆ ਸੀ। ਉਸ ਸਮੇਂ ਜਾਂਚ ਏਜੰਸੀਆਂ ਉਸ ਨੂੰ ਵੱਡੇ ਡਰੱਗ ਨੈੱਟਵਰਕ ਵਿਚ ਮੁੱਖ ਕੜੀ ਮੰਨਦੀਆਂ ਸਨ।

ਆਈਸ ਡਰੱਗ (ਕ੍ਰਿਸਟਲ ਮੈਥ) ਤਸਕਰੀ ਦੇ ਮਾਮਲਿਆਂ ਵਿਚ ਉਸ ਦਾ ਨਾਂ ਕਈ ਵਾਰ ਸਾਹਮਣੇ ਆਇਆ ਸੀ ਤੇ ਉਸ ਨੂੰ ਅੰਤਰਰਾਜੀ ਡਰੱਗ ਤਸਕਰ ਦੱਸਿਆ ਜਾਂਦਾ ਸੀ । ਸੂਤਰਾਂ ਅਨੁਸਾਰ ਰਾਜਾ ਲੰਬੇ ਸਮੇਂ ਤੋਂ ਮੁੰਬਈ ਵਿਚ ਰਹਿ ਰਿਹਾ ਸੀ ਤੇ ਉੱਥੋਂ ਆਪਣਾ ਕਾਰੋਬਾਰ ਚਲਾਉਂਦਾ ਸੀ। ਭਾਵੇਂ ਪੁਲਿਸ ਤੇ ਹੋਰ ਏਜੰਸੀਆਂ ਵੱਲੋਂ ਸਖ਼ਤ ਨਿਗਰਾਨੀ ਕਾਰਨ ਉਸ ਦਾ ਨੈੱਟਵਰਕ ਕਾਫ਼ੀ ਕਮਜ਼ੋਰ ਹੋ ਗਿਆ ਸੀ ਪਰ ਨਸ਼ਾ ਤਸਕਰੀ ਦੇ ਮਾਮਲਿਆਂ ਦੀ ਜਾਂਚ ਦੌਰਾਨ ਉਸ ਦਾ ਨਾਂ ਸਮੇਂ-ਸਮੇਂ 'ਤੇ ਸਾਹਮਣੇ ਆਉਂਦਾ ਰਿਹਾ। ਇਹ ਮੰਨਿਆ ਜਾ ਰਿਹਾ ਹੈ ਕਿ ਰਾਜਾ ਦੀ ਮੌਤ ਨਾਲ ਨਸ਼ਾ ਤਸਕਰੀ ਦੇ ਕੁਝ ਮਹੱਤਵਪੂਰਨ ਰਾਜ਼ਾਂ ਨੂੰ ਹਮੇਸ਼ਾ ਲਈ ਦੱਬ ਸਕਦੀ ਹੈ।