ਮਾਪਿਆਂ ਦੇ 15 ਸਾਲ ਦੇ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਜਾਗਿਆ ਪ੍ਰਸ਼ਾਸਨ
ਸਮਰਾਲਾ–ਖੰਨਾ ਵਿੱਚ ਗੈਰ ਕਾਨੂੰਨੀ ਪਤੰਗਬਾਜ਼ੀ ’ਤੇ ਲਗਾਈ ਪਾਬੰਦੀ, ਐਸ.ਡੀ.ਐਮ. ਵੱਲੋਂ ਲਿਖਤੀ ਹੁਕਮ ਜਾਰੀ
ਸਮਰਾਲਾ : ਸਮਰਾਲਾ ਵਿੱਚ ਕੱਲ੍ਹ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਦੇ ਸਮੇਂ ਇੱਕ ਮਾਸੂਮ ਦੀ ਮੌਤ ਹੋ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਉਂਦੇ ਹੋਏ ਗੈਰ ਕਾਨੂੰਨੀ ਪਤੰਗਬਾਜ਼ੀ ’ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਮਰਾਲਾ ਵਿੱਚ ਪਤੰਗ ਉਡਾਉਂਦੇ ਸਮੇਂ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਤਰਨਜੋਤ ਸਿੰਘ (15) ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੇ ਬਾਅਦ ਵਿੱਚ ਦਮ ਤੋੜ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਲੁਧਿਆਣਾ–ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਜਾਮ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਸੀ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਮਰਾਲਾ ਅਤੇ ਖੰਨਾ ਦੇ ਉਪ ਮੰਡਲ ਮੈਜਿਸਟਰੇਟਾਂ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ। ਖੰਨਾ ਅਤੇ ਸਮਰਾਲਾ ਦੇ ਐਸ.ਡੀ.ਐਮ. ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮਿਤੀ 24.01.26 ਨੂੰ ਸਬ ਡਵੀਜ਼ਨ ਸਮਰਾਲਾ ਵਿੱਚ ਗੈਰ ਕਾਨੂੰਨੀ ਪਤੰਗਬਾਜ਼ੀ ਕਾਰਨ ਇੱਕ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ, ਜੋ ਬਹੁਤ ਹੀ ਦੁੱਖਦਾਈ ਅਤੇ ਨਿੰਦਣਯੋਗ ਹੈ।
ਇਸ ਮੰਦਭਾਗੀ ਘਟਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਬ ਡਵੀਜ਼ਨ ਖੰਨਾ ਅਤੇ ਸਮਰਾਲਾ ਦੇ ਸਮੂਹ ਖੇਤਰ ਵਿੱਚ ਚਾਈਨਾ ਡੋਰ ਅਤੇ ਹੋਰ ਗੈਰ ਕਾਨੂੰਨੀ ਸਾਧਨਾਂ ਨਾਲ ਪਤੰਗਬਾਜ਼ੀ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ। ਹੁਕਮਾਂ ਵਿੱਚ ਪੁਲਿਸ ਅਤੇ ਸਬੰਧਤ ਵਿਭਾਗਾਂ ਨੂੰ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ ਕਿਹਾ ਗਿਆ ਹੈ।
ਪ੍ਰਸ਼ਾਸਨ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਕਿਉਂਕਿ ਅੱਜ ਵੀ ਕਈ ਥਾਵਾਂ ’ਤੇ ਬਸੰਤ ਪੰਚਮੀ ਮਨਾਈ ਜਾ ਰਹੀ ਹੈ, ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੁਰੱਖਿਅਤ ਤਰੀਕੇ ਨਾਲ ਤਿਉਹਾਰ ਮਨਾਇਆ ਜਾਵੇ ਅਤੇ ਕਿਸੇ ਦੀ ਜਾਨ ਨਾਲ ਖਿਡਾਰੀ ਨਾ ਕੀਤੀ ਜਾਵੇ।
ਦੂਜੇ ਪਾਸੇ ਪੁਲਿਸ ਜ਼ਿਲ੍ਹਾ ਖੰਨਾ ਦੇ ਡੀ.ਐਸ.ਪੀ. (ਐਚ) ਪ੍ਰਿਤਪਾਲ ਸਿੰਘ ਸੰਧੂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਨਾ ਕੀਤੀ ਜਾਵੇ। ਪੁਲਸ ਡ੍ਰੋਨ ਰਾਹੀਂ ਇਸ ਉਪਰ ਨਜ਼ਰ ਰੱਖੇਗੀ। ਉਨ੍ਹਾਂ ਦੱਸਿਆ ਕਿ ਖੰਨਾ ਜ਼ਿਲ੍ਹੇ ਅੰਦਰ ਹੁਣ ਤੱਕ 1200 ਗੱਟੂ ਡੋਰ ਬਰਾਮਦ ਕੀਤੀ ਜਾ ਚੁੱਕੀ ਹੈ ਅਤੇ 12 ਮੁਕੱਦਮੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲੀਸ ਨੇ ਸਮਰਾਲਾ ਘਟਨਾ ਸਬੰਧੀ ਵੀ ਅਣਪਛਾਤੇ ਵਿਅਕਤੀਆਂ ਖਿਲਾਫ ਗੈਰ ਇਰਾਦਤਨ ਕਤਲ ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।