ਨੌਦੀਪ ਕੌਰ ਦੇ ਸਹਿ ਮੁਲਜ਼ਮ ਸ਼ਿਵ ਕੁਮਾਰ ਨੂੰ ਹਿਰਾਸਤ ’ਚ ਤਸੀਹੇ ਦੇਣ ਦੀ ਹੋਈ ਪੁਸ਼ਟੀ

ਏਜੰਸੀ

ਖ਼ਬਰਾਂ, ਪੰਜਾਬ

ਨੌਦੀਪ ਕੌਰ ਦੇ ਸਹਿ ਮੁਲਜ਼ਮ ਸ਼ਿਵ ਕੁਮਾਰ ਨੂੰ ਹਿਰਾਸਤ ’ਚ ਤਸੀਹੇ ਦੇਣ ਦੀ ਹੋਈ ਪੁਸ਼ਟੀ

image

ਮੈਡੀਕਲ ਰੀਪੋਰਟ ਬਣੀ ਹਰਿਆਣਾ ਪੁਲਿਸ ਦੇ ਤਸ਼ੱਦਦ ਦਾ ਦਸਤਾਵੇਜ਼

ਚੰਡੀਗੜ੍ਹ, 24 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਕਿਰਤੀ ਕਾਰਕੁੰਨ ਨੌਦੀਪ ਕੌਰ ਵਿਰੁਧ ਦਰਜ ਮਾਮਲੇ ’ਚ ਉਸ ਦੇ ਸਹਿ ਮੁਲਜ਼ਮ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ ਦੀ ਮੈਡੀਕਲ ਰੀਪੋਰਟ ਹਰਿਆਣਾ ਪੁਲਿਸ ਦੇ ਤਸ਼ੱਦਦ ਦਾ ਦਸਤਾਵੇਜ਼ ਬਣ ਕੇ ਸਾਹਮਣੇ ਆਈ ਹੈ। ਹਾਈ ਕੋਰਟ ਦੇ ਹੁਕਮ ’ਤੇ ਜੀਐਮਸੀਐਚ ਸੈਕਟਰ-32 ਚੰਡੀਗੜ੍ਹ ਦੇ ਡਾਕਟਰਾਂ ਦੇ ਬੋਰਡ ਵਲੋਂ ਕੀਤੀ ਮੈਡੀਕਲ ਜਾਂਚ ਵਿਚ ਸਾਹਮਣੇ ਆਇਆ ਹੈ ਕਿ 20 ਫ਼ਰਵਰੀ ਨੂੰ ਜਾਂਚ ਕਰਵਾਉਣ ਆਉਂਦੇ ਸਮੇਂ ਉਹ ਲੰਗੜਾ ਕੇ ਤੁਰ ਰਿਹਾ ਸੀ ਤੇ ਉਸ ਦੇ ਪੱਟਾਂ ਅਤੇ ਪੈਰਾਂ ’ਤੇ ਨੀਲ ਪਏ ਹੋਏ ਸੀ ਤੇ ਪੈਰਾਂ ਦੇ ਨਹੁੰ ਵੀ ਉਖੜੇ ਹੋਏ ਸੀ। 
ਡਾਕਟਰੀ ਰੀਪੋਰਟ ਵਿਚ ਸਾਹਮਣੇ ਆਇਆ ਹੈ ਕਿ ਸ਼ਿਵ ਕੁਮਾਰ ਨੇ ਇਹ ਤਸੀਹੇ ਪੁਲਿਸ ਹਿਰਾਸਤ ਦੌਰਾਨ ਦਿਤੇ ਜਾਣ ਦੀ ਗੱਲ ਕਹੀ ਹੈ। ਸ਼ਿਵ ਕੁਮਾਰ ਨੇ ਦਸਿਆ ਹੈ ਕਿ ਉਸ ਕੋਲੋਂ ਝੂਠੇ ਨਾਮ ਬੋਲਣ ਦਾ ਦਬਾਅ ਬਣਾਇਆ ਗਿਆ ਅਤੇ ਤਿੰਨ ਰਾਤਾਂ ਸੌਣ ਤਕ ਨਾ ਦਿਤਾ ਗਿਆ।  ਇਹ ਕਾਰਾ ਅਪਰਾਧ ਸ਼ਾਖਾ ਦੇ ਸੱਤ ਮੁਲਾਜ਼ਮਾਂ ਵਲੋਂ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ।  ਮੈਡੀਕਲ ਰੀਪੋਰਟ ਬੁਧਵਾਰ ਨੂੰ ਹਾਈ ਕੋਰਟ ਵਿਚ ਪੇਸ਼ ਕੀਤੀ ਗਈ ਤੇ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਹਦਾਇਤ ਕੀਤੀ ਹੈ ਕਿ ਸ਼ਿਵ ਕੁਮਾਰ ਨੂੰ ਹਰ ਡਾਕਟਰੀ ਸਹੂਲਤ ਮੁਹਈਆ ਕਰਵਾਈ ਜਾਵੇ ਅਤੇ ਨਾਲ ਹੀ ਉਹ ਰੀਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ, ਜਿਹੜੀ ਕਿ ਸ਼ਿਵ ਕੁਮਾਰ ਨੂੰ ਗਿ੍ਰਫ਼ਤਾਰ ਕਰਨ ’ਤੇ ਡਾਕਟਰੀ ਜਾਂਚ ਕੀਤੀ ਗਈ ਸੀ। 
ਕਿਰਤੀ ਕਾਰਕੁੰਨ ਨੌਦੀਪ ਕੌਰ ਵਿਰੁਧ ਕੁੰਡਲੀ (ਸੋਨੀਪਤ) ਥਾਣੇ ਵਿਚ ਦਰਜ ਐਫ਼ਆਈਆਰ ਦੀ ਜਾਂਚ ਸੀਬੀਆਈ 
ਕੋਲੋਂ ਕਰਵਾਉਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਖ਼ਲ ਕੀਤੀ ਗਈ ਸੀ। ਨੌਦੀਪ ਕੌਰ ਦੇ ਸਹਿ ਮੁਲਜ਼ਮ ਸ਼ਿਵ ਕੁਮਾਰ ਦੇ ਪਿਤਾ ਰਾਜਬੀਰ ਵਲੋਂ ਐਡਵੋਕੇਟ ਅਰਸ਼ਦੀਪ ਚੀਮਾ ਰਾਹੀਂ ਦਾਖ਼ਲ ਇਸ ਪਟੀਸ਼ਨ ’ਤੇ ਹਾਈ ਕੋਰਟ ਨੇ ਜਿਥੇ ਸੀਬੀਆਈ ਤੇ ਹਰਿਆਣਾ ਪੁਲਿਸ ਨੂੰ ਨੋਟਿਸ ਜਾਰੀ  ਕਰਕੇ ਜਵਾਬ ਮੰਗ ਲਿਆ ਸੀ, ਉਥੇ ਸ਼ਿਵ ਕੁਮਾਰ ਦੀ ਡਾਕਟਰੀ ਜਾਂਚ ਕਰਵਾਉਣ ਦਾ ਹੁਕਮ ਦਿਤਾ ਸੀ। 
ਰਾਜਬੀਰ ਨੇ ਪਟੀਸ਼ਨ ਵਿਚ ਦੋਸ਼ ਲਗਾਇਆ ਸੀ ਕਿ ਸ਼ਿਵ ਕੁਮਾਰ ਦੀ ਗਿ੍ਰਫ਼ਤਾਰੀ ਵਿਖਾਉਣ ਤੋਂ ਇਕ ਹਫ਼ਤਾ ਪਹਿਲਾਂ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ ਤੇ ਉਸ ਨਾਲ ਅਣਮਨੁੱਖੀ ਵਤੀਰਾ ਕਰਦਿਆਂ ਤਸ਼ੱਦਦ ਕੀਤੇ ਗਏ। 
ਡੱਬੀ
ਨੌਦੀਪ ਕੌਰ ਦੀ ਰੈਗੂਲਰ ਜ਼ਮਾਨਤ ਦੀ ਵੀ ਸੁਣਵਾਈ
ਇਸੇ ਕੇਸ ਨਾਲ ਬੁਧਵਾਰ ਨੂੰ ਨੌਦੀਪ ਕੌਰ ਦੀ ਰੈਗੂਲਰ ਜ਼ਮਾਨਤ ਦੀ ਸੁਣਵਾਈ ਵੀ ਹੋਈ ਤੇ ਹਾਈ ਕੋਰਟ ਨੇ ਉਸ ਦੀ ਡਾਕਟਰੀ ਜਾਂਚ ਦੀ ਰੀਪੋਰਟ ਵੀ ਪੇਸ਼ ਕਰਨ ਦੀ ਹਦਾਇਤ ਕੀਤੀ ਹੈ। ਉਸ ਦੇ ਵਕੀਲ ਅਰਸ਼ਦੀਪ ਸਿੰਘ ਚੀਮਾ ਵਲੋਂ ਅਰਜ਼ੀ ਦਾਖ਼ਲ ਕਰ ਕੇ ਨੌਦੀਪ ਦੀ ਮੈਡੀਕਲ ਜਾਂਚ ਕਰਵਾਈ ਗਈ ਸੀ, ਕਿਉਂਕਿ ਉਸ ਨੇ ਵੀ ਪੁਲਿਸ ਹਿਰਾਸਤ ਦੌਰਾਨ ਤਸੀਹੇ ਦੇਣ ਦਾ ਦੋਸ਼ ਲਗਾਇਆ ਸੀ। ਇਨ੍ਹਾਂ ਤੋਂ ਇਲਾਵਾ ਹਾਈ ਕੋਰਟ ਵਲੋਂ ਨੌਦੀਪ ਕੌਰ ਦੇ ਮਾਮਲੇ ’ਚ ਆਪੇ ਲਏ ਨੋਟਿਸ ਦੇ ਮਾਮਲੇ ਵਿਚ ਵੀ ਸੁਣਵਾਈ ਹੋਈ ਸੀ। ਹਾਈ ਕੋਰਟ ਨੂੰ ਈਮੇਲ ਪ੍ਰਾਪਤ ਹੋਈ ਸੀ ਤੇ ਇਸ ਈਮੇਲ ਰਾਹੀਂ ਦੋਸ਼ ਲਗਾਇਆ ਗਿਆ ਸੀ ਕਿ ਪੁਲਿਸ ਵਲੋਂ ਨੌਦੀਪ ਕੌਰ ਨੂੰ ਨਾਜਾਇਜ਼ ਹਿਰਾਸਤ ’ਚ ਰਖਿਆ ਗਿਆ। ਇਸੇ ’ਤੇ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਸੀ। ਹੁਣ ਤਿੰਨਾਂ ਮਾਮਲਿਆਂ ਦੀ ਸੁਣਵਾਈ ਅੱਗੇ ਪਾ ਦਿਤੀ ਗਈ ਹੈ।