ਆਤਮ ਨਿਰਭਰ ਭਾਰਤ’ ਮੁਹਿੰਮ ਦੇ ਅਟੁੱਟ ਅੰਗ ਬਣ ਰਹੇ ਹਨ ਕਿਸਾਨ : ਨਰਿੰਦਰ ਮੋਦੀ
ਆਤਮ ਨਿਰਭਰ ਭਾਰਤ’ ਮੁਹਿੰਮ ਦੇ ਅਟੁੱਟ ਅੰਗ ਬਣ ਰਹੇ ਹਨ ਕਿਸਾਨ : ਨਰਿੰਦਰ ਮੋਦੀ
ਕਿਹਾ, ਸਾਡੀ ਸਰਕਾਰ ਨੂੰ ਐਮਐਸਪੀ ’ਚ ਇਤਿਹਾਸਕ ਵਾਧਾ ਕਰਨ ਦਾ ਮਾਣ ਪ੍ਰਾਪਤ ਹੋਇਆ
ਨਵੀਂ ਦਿੱਲੀ, 24 ਫ਼ਰਵਰੀ: ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਦੋ ਸਾਲ ਪੂਰੇ ਹੋਣ ’ਤੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਨਾਲ ਕਰੋੜਾਂ ਕਿਸਾਨਾਂ ਦੀ ਜ਼ਿੰਦਗੀ ’ਚ ਬਦਲਾਅ ਆਇਆ ਹੈ ਅਤੇ ਉਹ ‘ਆਤਮ ਨਿਰਭਰ ਭਾਰਤ’ ਮੁਹਿੰਮ ਦੇ ਅਟੁੱਟ ਅੰਗ ਬਣ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਲੜੀਵਾਰ ਟਵੀਟ ਕਰ ਕੇ ਕਿਹਾ ਕਿ ਪੀ. ਐੱਮ. ਕਿਸਾਨ ਨਿਧੀ ਦੀ ਲਾਂਚਿੰਗ ਨੂੰ ਅੱਜ ਦੋ ਸਾਲ ਪੂਰੇ ਹੋ ਰਹੇ ਹਨ। ਅੰਨਦਾਤਾ ਦੇ ਕਲਿਆਣ ਨੂੰ ਸਮਰਪਿਤ ਇਸ ਯੋਜਨਾ ਨਾਲ ਕਰੋੜਾਂ ਕਿਸਾਨ ਭੈਣ-ਭਰਾਵਾਂ ਦੀ ਜ਼ਿੰਦਗੀ ਵਿਚ ਬਦਲਾਅ ਆਏ ਹਨ, ਉਸ ਨਾਲ ਸਾਨੂੰ ਉਨ੍ਹਾਂ ਲਈ ਹੋਰ ਵਧ ਕੰਮ ਕਰਨ ਦੀ ਪ੍ਰੇਰਣਾ ਮਿਲੀ ਹੈ।
ਪ੍ਰਧਾਨ ਮੰਤਰੀ ਨੇ ਇਕ ਹੋਰ ਟਵੀਟ ਕੀਤਾ ਕਿ ਸਾਡੀ ਸਰਕਾਰ ਨੇ ਅੰਨਦਾਤਾ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਅਤੇ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਦਾ ਜੋ ਸੰਕਲਪ ਦੇਸ਼ ਨੇ ਲਿਆ ਹੈ, ਉਸ ’ਚ ਪੀ. ਐੱਮ. ਕਿਸਾਨ ਨਿਧੀ ਦੀ ਮਹੱਤਵਪੂਰਨ ਭੂਮਿਕਾ ਹੈ। ਅੱਜ ਸਾਡੇ ਕਿਸਾਨ ਆਤਮ ਨਿਰਭਰ ਭਾਰਤ ਮੁਹਿੰਮ ਦੇ ਵੀ ਅਟੁੱਟ ਅੰਗ ਬਣ ਰਹੇ ਹਨ।
ਇਸ ਯੋਜਨਾ ਦੀ ਸ਼ੁਰੂਆਤ 2019 ’ਚ ਅੱਜ ਦੇ ਦਿਨ ਹੋਈ ਸੀ। ਇਸ ਦੇ ਤਹਿਤ ਸਰਕਾਰ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਹਰ ਸਾਲ 6,000 ਰੁਪਏ ਜਮ੍ਹਾਂ ਕਰਦੀ ਹੈ। ਸਰਕਾਰ ਇਹ ਰਾਸ਼ੀ ਤਿੰਨ ਬਰਾਬਰ ਕਿਸ਼ਤਾਂ ਵਿਚ ਸਿੱਧੇ ਕਿਸਾਨਾਂ ਦੇ ਖਾਤੇ ਵਿਚ ਪਾਉਂਦੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ 25 ਦਸੰਬਰ ਨੂੰ ਪੀ. ਐੱਮ. ਕਿਸਾਨ ਸਨਮਾਨ ਨਿਧੀ ਤਹਿਤ ਵਿੱਤੀ ਲਾਭ ਦੀ 7ਵੀਂ ਕਿਸ਼ਤ ਜਾਰੀ ਕੀਤੀ ਸੀ।
ਮੋਦੀ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਕੇਂਦਰ ਸਰਕਾਰ ਨੇ ਖੇਤੀਬਾੜੀ ਸੈਕਟਰ ਨੂੰ ਬਦਲਣ ਲਈ ਕਈ ਕਦਮ ਚੁਕੇ ਹਨ, ਜਿਸ ਵਿਚ ਸੰਚਾਈ ਲਈ ਚੰਗੀ ਟੈਕਨਾਲੋਜੀ ਦੀ ਵਰਤੋਂ, ਜ਼ਿਆਦਾ ਕਰਜ਼ ਅਤੇ ਬਾਜ਼ਾਰ ਉਪਲਬਧ
ਕਰਵਾਉਣ ਤੋਂ ਲੈ ਕੇ ਫ਼ਸਲਾਂ ਦੇ ਸਹੀ ਬੀਮੇ ਅਤੇ ਮਿੱਟੀ ਦੀ ਸਿਹਤ ਦੀ ਜਾਂਚ ਉੱਤੇ ਧਿਆਨ ਕੇਂਦਰਿਤ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾਵਾਂ ਨਾਲ ਵਿਚੋਲੇ ਦੀ ਭੂਮਿਕਾ ਖ਼ਤਮ ਹੋਵੇਗੀ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਘੱਟੋ ਘੱਟ ਸਮਰਥਨ ਮੁੱਲ (ਐਮਐਸਪੀ) ਵਿਚ ਇਤਿਹਾਸਕ ਵਾਧਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ। ਅਸੀਂ ਕਿਸਾਨਾਂ ਦੀ ਆਮਦਨੀ ਨੂੰ ਦੁਗਣਾ ਕਰਨ ਲਈ ਹਰ ਕੋਸ਼ਿਸ਼ ਕਰ ਰਹੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ “ਨਮੋ ਐਪ” ਰਾਹੀਂ ਕਿਸਾਨਾਂ ਦੇ ਹਿਤ ਵਿਚ ਚੁਕੇ ਕਦਮਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ 25 ਦਸੰਬਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ ਵਿੱਤੀ ਲਾਭ ਦੀ ਸੱਤਵੀਂ ਕਿਸ਼ਤ ਜਾਰੀ ਕੀਤੀ।
ਕਿਸਾਨਾਂ ਅਤੇ ਖੇਤੀਬਾੜੀ ਸੈਕਟਰ ਬਾਰੇ ਪ੍ਰਧਾਨ ਮੰਤਰੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਿਸਾਨ ਲਗਭਗ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਵੱਖ ਵੱਖ ਹੱਦਾਂ ’ਤੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ।
ਹੁਣ ਤਕ ਸਰਕਾਰ ਦੇ ਨੁਮਾਇੰਦਿਆਂ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ 11 ਦੌਰ ਗੱਲਬਾਤ ਹੋ ਚੁਕੀ ਹੈ, ਪਰ ਅਜੇ ਤਕ ਕੋਈ ਹੱਲ ਨਹੀਂ ਮਿਲਿਆ। (ਪੀਟੀਆਈ)
------