ਪੰਜਾਬ ਤੇ ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਵਿਚ ਕਿਸਾਨਾਂ ਨੇ ਮਨਾਇਆ ਦਮਨ ਵਿਰੋਧੀ ਦਿਵਸ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਤੇ ਹਰਿਆਣਾ ਸਮੇਤ ਵੱਖ-ਵੱਖ ਰਾਜਾਂ ਵਿਚ ਕਿਸਾਨਾਂ ਨੇ ਮਨਾਇਆ ਦਮਨ ਵਿਰੋਧੀ ਦਿਵਸ

image

ਦਿੱਲੀ ਪੁਲਿਸ ਦੇ ਅਤਿਆਚਾਰਾਂ ਵਿਰੁਧ ਜ਼ਿਲ੍ਹਾ ਕੇਂਦਰਾਂ ਉਤੇ ਰੋਸ ਮੁਜ਼ਾਹਰੇ ਕਰ ਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ

ਚੰਡੀਗੜ੍ਹ, 24 ਫ਼ਰਵਰੀ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਅੱਜ ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਦੀਆਂ ਹੱਦਾਂ ਸਮੇਤ ਦੇਸ਼ ਦੇ ਹੋਰ ਵੱਖ-ਵੱਖ ਰਾਜਾਂ ਵਿਚ 26 ਜਨਵਰੀ ਦੇ ਲਾਲ ਕਿਲ੍ਹਾ ਘਟਨਾਕ੍ਰਮ ਦੀ ਆੜ ਵਿਚ ਕਿਸਾਨਾਂ ਤੇ ਨੌਜਵਾਨ ਉਪਰ ਦਿੱਲੀ ਪੁਲਿਸ ਦੇ ਅਤਿਆਚਾਰਾਂ ਅਤੇ ਜੇਲਾਂ ਵਿਚ ਬੰਦ ਸਾਰੇ ਅੰਦੋਲਨਕਾਰੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਮਨ ਵਿਰੋਧੀ ਦਿਵਸ ਮਨਾਇਆ ਗਿਆ। 
ਪੰਜਾਬ ਵਿਚ 32 ਕਿਸਾਨ ਜਥੇਬੰਦੀਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਅਗਵਾਈ ਹੇਠ ਜ਼ਿਲ੍ਹਾ ਕੇਂਦਰਾਂ ਉਤੇ ਰੋਸ ਮੁਜ਼ਾਹਰੇ ਕਰ ਕੇ ਡਿਪਟੀ ਕਮਿਸ਼ਨਰਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਭੇਜੇ ਗਏ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਅਤੇ ਸੰਯੁਕਤ ਮੋਰਚੇ ਦੇ ਆਗੂ ਜਗਮੋਹਨ ਸਿੰਘ ਪਟਿਆਲਾ ਨੇ ਦਸਿਆ ਕਿ ਦੇਸ਼ ਭਰ ਵਿਚ ਦਮਨ ਵਿਰੋਧੀ ਦਿਵਸ ਨੂੰ ਹੁੰਗਾਰਾ ਮਿਲਿਆ ਹੈ, ਜੋ ਕਿਸਾਨ ਅੰਦੋਲਨ ਦੀ ਵਧ ਰਹੀ ਸ਼ਕਤੀ ਦਾ ਸਬੂਤ ਹੈ। ਅੱਜ ਕਿਸਾਨਾਂ ਵਲੋਂ ਮਨਾਏ ਗਏ ਦਮਨ ਵਿਰੋਧੀ ਦਿਵਸ ਮੌਕੇ ਰਾਸ਼ਟਰਪਤੀ ਨੂੰ ਭੇਜੇ ਗਏ ਮੰਗ ਪੱਤਰ ਵਿਚ ਚਾਰ ਮੰਗਾਂ ਸ਼ਾਮਲ ਹਨ। ਇਨ੍ਹਾਂ ਵਿਚ ਪਹਿਲੀ ਮੰਗ ਜੇਲਾਂ ਵਿਚ ਬੰਦ ਸਾਰੇ ਨਿਰਦੋਸ਼ ਕਿਸਾਨਾਂ ਨੂੰ ਰਿਹਾਅ ਕਰ ਕੇ ਦਰਜ ਕੇਸ ਰੱਦ ਕਰਨ ਦੀ ਹੈ। 

ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੀ ਹਿਮਾਇਤ ਵਿਚ ਆਏ ਲੋਕਾਂ ਵਿਰੁਧ ਦਰਜ ਕੇਸ ਵਾਪਸ ਲੈਣ, ਕਿਸਾਨਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਐਨ.ਆਈ.ਏ. ਤੇ ਪੁਲਿਸ ਦੇ ਜਾਰੀ ਨੋਟਿਸਾਂ ਦੀ ਵਾਪਸੀ ਅਤੇ ਦਿੱਲੀ ਦੀਆਂ ਹੱਦਾਂ ਉਪਰ ਕਿਸਾਨ ਮੋਰਚਿਆਂ ਦੀ ਘੇਰਾਬੰਦੀ ਦੇ ਬਹਾਨੇ ਹੇਠ ਆਮ ਲੋਕਾਂ ਦੇ ਬੰਦ ਕੀਤੇ ਰਸਤੇ ਬੈਰੀਕੇਡ ਹਟਾ ਕੇ ਖੋਹਲਣ ਦੀਆਂ ਮੰਗਾਂ ਸ਼ਾਮਲ ਹਨ।