ਸੁਮੇਧ ਸੈਣੀ ਅਤੇ ਉਮਰਾਨੰਗਲ ਦੀ ਜ਼ਮਾਨਤ ਉਤੇ ਬਹਿਸ ਜਾਰੀ, ਕੇਸ ’ਤੇ ਅੱਜ ਫਿਰ ਹੋਵੇਗੀ ਸੁਣਵਾਈ
ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵਲੋਂ ਦਾਖ਼ਲ ਅਗਾਉਂ ਜਮਾਨਤ ਦੀਆਂ ਅਰਜੀਆਂ ’ਤੇ ਬੁਧਵਾਰ ਨੂੰ ਵੀ ਬਹਿਸ ਜਾਰੀ ਰਹੀ।
ਚੰਡੀਗੜ੍ਹ : ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਪ੍ਰਗਟ ਕਰ ਰਹੀ ਸਿੱਖ ਸੰਗਤ ’ਤੇ ਗੋਲੀ ਚਲਾਉਣ ਦੀ ਵਿਉਂਤ ਬਣਾਉਣ ਦੇ ਦੋਸ਼ ਵਿਚ ਫਸੇ ਤੱਤਕਾਲੀ ਪੁਲਿਸ ਮੁਖੀ ਸੁਮੇਧ ਸੈਣੀ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਵਲੋਂ ਦਾਖ਼ਲ ਅਗਾਉਂ ਜਮਾਨਤ ਦੀਆਂ ਅਰਜੀਆਂ ’ਤੇ ਬੁਧਵਾਰ ਨੂੰ ਵੀ ਬਹਿਸ ਜਾਰੀ ਰਹੀ।
ਲੰਮੀ ਬਹਿਸ ਉਪਰੰਤ ਹਾਈ ਕੋਰਟ ਇਕ ਵਾਰ ਮਾਮਲੇ ਦੀ ਸੁਣਵਾਈ ਫੇਰ ਇਕ ਦਿਨ ਅੱਗੇ ਵੀਰਵਾਰ ’ਤੇ ਪਾ ਦਿਤੀ ਹੈ ਤੇ ਹੁਣ ਵੀਰਵਾਰ ਨੂੰ ਵੀ ਬਹਿਸ ਜਾਰੀ ਰਹੇਗੀ। ਉਨ੍ਹਾਂ ਨੂੰ ਅਜੇ ਕੋਈ ਰਾਹਤ ਨਹੀਂ ਮਿਲੀ ਹੈ। ਸੈਣੀ ਤੇ ਉਮਾਰਨੰਗਲ ਦੇ ਵਕੀਲਾਂ ਦਾ ਕਹਿਣਾ ਹੈ ਕਿ ਦੋਵੇਂ ਅਫ਼ਸਰਾਂ ਨੂੰ ਰਾਜਨੀਤਕ ਬਦਲਾਖੋਰੀ ਦੀ ਭਾਵਨਾ ਨਾਲ ਇਸ ਮਾਮਲੇ ਵਿਚ ਫਸਾਇਆ ਗਿਆ ਹੈ।
ਦਲੀਲ ਦਿਤੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਵੀ ਇਨ੍ਹਾਂ ਬਾਰੇ ਦੋਸ਼ਾਂ ਦਾ ਕੋਈ ਜ਼ਿਕਰ ਨਹੀਂ ਹੈ। ਦੂਜੇ ਪਾਸੇ ਸਰਕਾਰ ਦੇ ਵਕੀਲ ਨੇ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਸਬੂਤਾਂ ਅਤੇ ਐਸਆਈਟੀ ਵਲੋਂ ਕੀਤੀ ਤਫ਼ਤੀਸ਼ ਦੌਰਾਨ ਇਨ੍ਹਾਂ ਦੋਵੇਂ ਅਫ਼ਸਰਾਂ ਦੀ ਭੂਮਿਕਾ ਸਾਹਮਣੇ ਆਈ ਹੈ ਤੇ ਇਸ ਤੋਂ ਇਲਾਵਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਵਿਚ ਵੀ ਉਨ੍ਹਾਂ ਦੀ ਭੂਮਿਕਾ ਦਾ ਜ਼ਿਕਰ ਹੈ, ਲਿਹਾਜਾ ਜ਼ਮਾਨਤ ਨਹੀਂ ਦਿਤੀ ਜਾਣੀ ਚਾਹੀਦੀ।