ਸਾਂਪਲਾ ਨੇ ਸੰਭਾਲਿਆ ਕੌਮੀ ਐਸ.ਸੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ
ਸਾਂਪਲਾ ਨੇ ਸੰਭਾਲਿਆ ਕੌਮੀ ਐਸ.ਸੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ
ਨਵੀਂ ਦਿੱਲੀ , 24 ਫ਼ਰਵਰੀ : ਸਾਬਕਾ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਅੱਜ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਕੇਂਦਰੀ ਮੰਤਰੀ ਕਿ੍ਰਸ਼ਣਪਾਲ ਗੁੱਜਰ, ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਪੰਜਾਬ ਸਰਕਾਰ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਦੇ ਨਾਲ-ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਪ੍ਰੋਗਰਾਮ ਉਪਰੰਤ ਭੋਜਨ ’ਤੇ ਕੇਂਦਰੀ ਰਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਡੀ.ਵੀ. ਸਦਾਨੰਦਾ ਗੋਯਡਾ, ਕੇਂਦਰੀ ਮੰਤਰੀ ਹਰਦੀਪ ਪੁਰੀ, ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅਤੇ ਸੰਸਦ ਹੰਸਰਾਜ ਹੰਸ ਆਦਿ ਨੇ ਸਾਂਪਲਾ ਨੂੰ ਵਧਾਈ ਅਤੇ ਸ਼ੁਭ ਕਾਮਨਾਵਾਂ ਦਿਤੀ।
ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੈ ਸਾਂਪਲਾ ਨੇ ਕਿਹਾ ਕਿ ਉਹ ਦਲਿਤ ਸਮਾਜ ਨੂੰ ਪੇਸ਼ ਆਉਣ ਵਾਲੀ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਤਿੰਨ ਪਧਰੀ ਰਹੇਗੀ। ਪਹਿਲੇ ਪੱਧਰ ’ਤੇ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਅਨੁਸੂਚਿਤ ਜਾਤੀ ਨੂੰ ਸਮਾਜ ਵਿਚ ਆਉਂਦੀ ਸਮੱਸਿਆਵਾਂ ਦਾ ਹੱਲ ਕਰਵਾਉਣਾ ਹੈ। ਦੂਜਾ ਸਰਕਾਰੀ ਵਿਭਾਗਾਂ ਚਾਹੇ ਉਹ ਕੇਂਦਰ ਸਰਕਾਰ ਅਧੀਨ ਹੋਵੇ ਜਾਂ ਸੂਬਾ ਸਰਕਾਰਾਂ ਦੇ ਅਧੀਨ ਹੋਣ ਉਨ੍ਹਾਂ ਵਿਭਾਗਾਂ ਵਿਚ ਦਲਿਤਾਂ ਨੂੰ ਇਨਸਾਫ਼ ਮਿਲੇ ਅਜਿਹਾ ਸੁਨਿਸ਼ਿਚਤ ਕਰਨਾ ਹੈ। ਤੀਜਾ ਦਲਿਤਾਂ ਨਾਲ ਹੋ ਰਹੀ ਬੇਇਨਸਾਫ਼ੀ, ਸ਼ੋਸ਼ਣ ਅਤੇ ਵੱਖ-ਵੱਖ ਮੁੱਦਿਆਂ ਦੇ ਹੱਲ ਲਈ ਉਹ ਭਾਰਤ ਸਰਕਾਰ ਦੇ ਰਾਸ਼ਟਰਪਤੀ ਨੂੰ ਕਮਿਸ਼ਨ ਵਲੋਂ, ਸਮੇਂ-ਸਮੇਂ ’ਤੇ ਜ਼ਰੂਰਤ ਮੁਤਾਬਕ ਸੁਝਾਅ ਪੇਸ਼ ਕਰਦੇ ਰਹਿਣਗੇ।
(ਏਜੰਸੀ)