ਬਹਿਬਲ ਗੋਲੀਕਾਂਡ: ਮੁਲਜ਼ਮਾਂ ਵਿਰੁਧ ਦੋਸ਼ ਆਇਦ ਕਰਨ ਦੇ ਮੁੱਦੇ ’ਤੇ ਮਾਮਲੇ ਦੀ ਸੁਣਵਾਈ 11 ਮਾਰਚ ਤਕ ਟਲੀ

ਏਜੰਸੀ

ਖ਼ਬਰਾਂ, ਪੰਜਾਬ

ਬਹਿਬਲ ਗੋਲੀਕਾਂਡ: ਮੁਲਜ਼ਮਾਂ ਵਿਰੁਧ ਦੋਸ਼ ਆਇਦ ਕਰਨ ਦੇ ਮੁੱਦੇ ’ਤੇ ਮਾਮਲੇ ਦੀ ਸੁਣਵਾਈ 11 ਮਾਰਚ ਤਕ ਟਲੀ

image

ਕੋਟਕਪੂਰਾ, 25 ਫ਼ਰਵਰੀ (ਗੁਰਿੰਦਰ ਸਿੰਘ) : 12 ਅਕਤੂਬਰ 2015 ਨੂੰ ਬੇਅਦਬੀ ਕਾਂਡ ਦੇ ਮਾਮਲੇ ਵਿਚ ਇਨਸਾਫ਼ ਮੰਗਦੀਆਂ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਸੀਆ ਅਤਿਆਚਾਰ ਦੇ ਮਾਮਲੇ ਵਿਚ ਭਾਵੇਂ ਪੀੜਤ ਪ੍ਰਵਾਰਾਂ ਵਲੋਂ ਪਿਛਲੇ 72 ਦਿਨਾਂ ਤੋਂ ਬਹਿਬਲ ਕਲਾਂ ਵਿਖੇ ਦਿਨ ਰਾਤ ਦਾ ਪੱਕਾ ਮੋਰਚਾ ਵੀ ਲੱਗਾ ਹੋਇਆ ਹੈ, ਜਿਥੇ ਪੀੜਤ ਪ੍ਰਵਾਰ ਇਨਸਾਫ਼ ਦੀ ਮੰਗ ਵੀ ਕਰ ਰਹੇ ਹਨ, ਉੱਥੇ ਉਨ੍ਹਾਂ ਦੀਆਂ ਨਜ਼ਰਾਂ ਅਦਾਲਤੀ ਫ਼ੈਸਲੇ ’ਤੇ ਵੀ ਟਿਕੀਆਂ ਹੋਈਆਂ ਹਨ। 
ਉਕਤ ਮਾਮਲੇ ਦੀ ਅੱਜ ਹਰਬੰਸ ਸਿੰਘ ਲੇਖੀ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਦੋਸ਼ ਆਇਦ ਕਰਨ ਦੇ ਮੁੱਦੇ ’ਤੇ ਹੋਈ ਸੁਣਵਾਈ ਦੌਰਾਨ ਭਾਵੇਂ ਮੁਲਜ਼ਮ ਹਾਜ਼ਰ ਹੋਏ ਪਰ ਫਿਰ ਵੀ ਉਕਤ ਮਾਮਲੇ ਦੀ ਸੁਣਵਾਈ 11 ਮਾਰਚ ਤਕ ਮੁਲਤਵੀ ਕਰ ਦਿਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਣਵਾਈ ਦੌਰਾਨ ਅੱਜ ਅਦਾਲਤ ਵਿਚ, ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ, ਐਸ.ਪੀ. ਬਿਕਰਮਜੀਤ ਸਿੰਘ, ਸਾਬਕਾ ਐਸਐਚਉ ਅਮਰਜੀਤ ਸਿੰਘ ਕੁਲਾਰ, ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ ਅਤੇ ਸੁਹੇਲ ਸਿੰਘ ਬਰਾੜ ਹਾਜ਼ਰ ਸਨ, ਜਦੋਂ ਕਿ ਤਤਕਾਲੀ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਦਾਲਤ ਵਿਚ ਪੇਸ਼ ਨਹੀਂ ਹੋਏ ਕਿਉਂਕਿ ਉਸ ਨੂੰ ਅੱਜ ਲਈ ਹਾਜ਼ਰੀ ਤੋਂ ਛੋਟ ਦਿਤੀ ਗਈ। ਉਕਤ ਮੁਲਜ਼ਮਾਂ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਦੀ ਸੁਣਵਾਈ ਮੁਲਤਵੀ ਕੀਤੀ ਜਾਵੇ, ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਬਹਿਬਲ ਕਲਾਂ ਗੋਲੀਕਾਂਡ ਵਿਚ ਮੁਲਜ਼ਮ ਵਜੋਂ ਨਾਮਜ਼ਦ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਅੱਜ ਸੁਣਵਾਈ ਹੋਈ ਹੈ ਅਤੇ ਉਸ ਦਾ ਹੁਕਮ ਅਸੀਂ ਅਗਲੀ ਤਰੀਕ ’ਤੇ ਪੇਸ਼ ਕਰ ਦੇਵਾਂਗੇ ਜਿਸ ’ਤੇ ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਨੇ ਇਸ ਕੇਸ ਨੂੰ 11 ਮਾਰਚ ਲਈ ਦੋਸ਼ ਆਇਦ ਕਰਨ ਦੇ ਮੁੱਦੇ ਅਤੇ ਪੁਲਿਸ ਅਧਿਕਾਰੀਆਂ ਵਲੋਂ ਨਕਲਾਂ ਪੁੂਰੀਆਂ ਨਾ ਮਿਲਣ ’ਤੇ ਬਹਿਸ ਕਰਨ ਲਈ ਤਰੀਕ ਮੁਲਤਵੀ ਕਰ ਦਿਤੀ।