ਯੂਕਰੇਨ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਦੇ ਮਾਪੇ ਚਿੰਤਤ, ਬੱਚਿਆਂ ਨੇ ਦੱਸੇ ਜ਼ਮੀਨੀ ਹਾਲਾਤ, ਸਰਕਾਰ ਨੂੰ ਲਾਈ ਗੁਹਾਰ

ਏਜੰਸੀ

ਖ਼ਬਰਾਂ, ਪੰਜਾਬ

ਵੱਖ-ਵੱਖ ਸੰਸਥਾਵਾਂ ਵਲੋਂ ਇਹਨਾਂ ਵਿਦਿਆਰਥੀਆਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।

Punjabi Students in Ukraine

 

ਚੰਡੀਗੜ੍ਹ: ਯੂਕਰੇਨ 'ਤੇ ਰੂਸ ਦੇ ਹਮਲੇ ਦਾ ਅੱਜ ਦੂਜਾ ਦਿਨ ਹੈ। ਰੂਸੀ ਲੜਾਕੂ ਜਹਾਜ਼ ਯੂਕਰੇਨ ਦੀ ਰਾਜਧਾਨੀ ਕੀਵ ਉੱਤੇ ਘੁੰਮ ਰਹੇ ਹਨ। ਇਸ ਦੌਰਾਨ ਕਈ ਭਾਰਤੀ ਵਿਦਿਆਰਥੀ ਅਤੇ ਆਮ ਨਾਗਰਿਕ ਯੂਕਰੇਨ ਵਿਚ ਫਸੇ ਹੋਏ ਹਨ। ਯੂਕਰੇਨ ਵਿਚ ਪੜ੍ਹ ਰਹੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨਾਲ ਸਬੰਧਤ ਵਿਦਿਆਰਥੀਆਂ ਦੇ ਮਾਪੇ ਬੇਹੱਦ ਚਿੰਤਤ ਹਨ। ਵੱਖ-ਵੱਖ ਸੰਸਥਾਵਾਂ ਵਲੋਂ ਇਹਨਾਂ ਵਿਦਿਆਰਥੀਆਂ ਦੀ ਮਦਦ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਯੂਕਰੇਨ ਵਿਚ ਫਸੇ ਜਲੰਧਰ ਦੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਹੈਲਪਲਾਈਨ ਨੰਬਰ 0181-2224417 ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹੈਲਪਲਾਈਨ ਨੰਬਰ 0183-2500598 ਜਾਰੀ ਕੀਤਾ ਗਿਆ ਹੈ।

Russia-Ukraine crisis

ਕੋਟਕਪੂਰਾ ਦਾ ਭਾਸਕਰ ਕਟਾਰੀਆ ਵੀ ਯੂਕਰੇਨ ਵਿਚ ਫਸਿਆ

ਪੰਜਾਬ ਦੇ ਕੋਟਕਪੂਰਾ ਦਾ ਭਾਸਕਰ ਕਟਾਰੀਆ ਵੀ ਯੂਕਰੇਨ ਵਿਚ ਫਸਿਆ ਹੋਇਆ ਹੈ। ਉਸ ਦੇ ਮਾਤਾ ਡਾ. ਅਨੂ ਕਟਾਰੀਆ ਅਤੇ ਪਿਤਾ ਡਾ. ਸ਼ੈਲੇਸ਼ ਕਟਾਰੀਆ ਆਪਣੇ ਪੁੱਤਰ ਲਈ ਚਿੰਤਤ ਹਨ। ਭਾਸਕਰ ਕਟਾਰੀਆ ਐਮਬੀਬੀਐਸ ਕਰਨ ਲਈ ਯੂਕਰੇਨ ਗਿਆ ਹੈ। ਉਸ ਦੇ ਪਿਤਾ ਸ਼ੈਲੇਸ਼ ਕਟਾਰੀਆ ਨੇ ਦੱਸਿਆ ਕਿ ਭਾਸਕਰ 2016 'ਚ ਯੂਕਰੇਨ ਗਿਆ ਸੀ। ਹੁਣ ਉਸ ਦੀ ਪੜ੍ਹਾਈ ਦੇ ਸਿਰਫ਼ 3 ਮਹੀਨੇ ਬਚੇ ਹਨ। ਉਹ ਆਪਣੇ ਪੁੱਤਰ ਨਾਲ ਲਗਾਤਾਰ ਫ਼ੋਨ 'ਤੇ ਗੱਲ ਕਰ ਰਹੇ ਹੈ।

ਉਹਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਭਾਰਤੀਆਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਤੋਂ ਕੱਢਿਆ ਜਾਵੇ। ਭਾਸਕਰ ਨੇ ਆਪਣੇ ਮਾਤਾ-ਪਿਤਾ ਨੂੰ ਇਹ ਵੀ ਦੱਸਿਆ ਕਿ ਕੀਵ ਵਿਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਯੂਕਰੇਨ ਵਿਚ ਰਹਿੰਦੇ ਸਾਰੇ ਭਾਰਤੀਆਂ ਦੇ ਸੰਪਰਕ ਵਿਚ ਹਨ ਅਤੇ ਦੂਤਾਵਾਸ ਦੇ ਅਧਿਕਾਰੀਆਂ ਦੁਆਰਾ ਸਮੇਂ-ਸਮੇਂ 'ਤੇ ਐਡਵਾਇਜ਼ਰੀ ਜਾਰੀ ਕੀਤੀ ਜਾਂਦੀ ਹੈ।

Bhaskar Kataria

ਲੁਧਿਆਣਾ ਦੀ ਮਾਨਵੀਰ ਵੀ ਯੂਕਰੇਨ ਵਿਚ ਫਸੀ

ਯੂਕਰੇਨ ਵਿਚ ਫਸੇ ਭਾਰਤੀ ਯਾਤਰੀਆਂ ਵਿਚ ਲੁਧਿਆਣਾ ਦੇ ਦੁੱਗਰੀ ਦੀ ਰਹਿਣ ਵਾਲੀ ਵਿਦਿਆਰਥਣ ਮਾਨਵੀਰ ਵੀ ਸ਼ਾਮਲ ਹੈ। ਪਰਿਵਾਰ ਨੇ ਆਪਣੀ ਧੀ ਨੂੰ ਐਮਬੀਬੀਐਸ ਦੀ ਡਿਗਰੀ ਹਾਸਲ ਕਰਨ ਲਈ ਯੂਕਰੇਨ ਭੇਜਿਆ ਸੀ। ਪਰਿਵਾਰ ਮੈਂਬਰ ਯੂਕਰੇਨ ਦੇ ਹਾਲਾਤ ਨੂੰ ਲੈ ਕੇ ਚਿੰਤਤ ਹਨ। ਉਹਨਾਂ ਦੱਸਿਆ ਕਿ ਅੱਜ ਸਵੇਰੇ ਹੀ ਉਹਨਾਂ ਦੀ ਮਾਨਵੀਰ ਨਾਲ ਗੱਲ ਹੋਈ ਸੀ। ਉਸ ਨੇ ਰਾਤ ਮਾਈਨਸ 2 ਡਿਗਰੀ ਤਾਪਮਾਨ 'ਚ ਸਬਵੇਅ 'ਤੇ ਬਿਤਾਈ। ਪਰਿਵਾਰਕ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਯੂਕਰੇਨ ਵਿਚ ਪੜ੍ਹ ਰਹੇ ਸੂਬੇ ਦੇ ਕਰੀਬ 12 ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਲਈ ਤੁਰੰਤ ਪ੍ਰਬੰਧ ਕੀਤੇ ਜਾਣ।

Indians In Ukraine

ਅੰਮ੍ਰਿਤਸਰ ਨਾਲ ਸਬੰਧਤ ਵਿਦਿਆਰਥੀ ਵੀ ਯੂਕਰੇਨ ਵਿਚ ਫਸੇ

ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕ੍ਰਿਸ਼ਨਾ ਸਕੁਏਅਰ ਅਤੇ ਤਿਲਕ ਨਗਰ ਦੇ ਚਾਰ ਬੱਚੇ ਇਕੋ ਬੰਕਰ ਵਿਚ ਇਕੱਠੇ ਹਨ। ਉਹਨਾਂ ਦੇ ਮਾਤਾ-ਪਿਤਾ ਨੇ ਸਰਕਾਰ ਨੂੰ ਇਹਨਾਂ ਬੱਚਿਆਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਯੂਕਰੇਨ 'ਚ ਪੜ੍ਹਾਈ ਕਰ ਰਹੀ ਕਾਇਨਾਤ ਮਹਾਜਨ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਅਗਸਤ 'ਚ ਹੀ ਛੁੱਟੀਆਂ ਕੱਟ ਕੇ ਵਾਪਸ ਗਈ ਹੈ। ਹਰ ਅੱਧੇ ਘੰਟੇ ਬਾਅਦ ਧੀ ਨਾਲ ਗੱਲ ਕਰਦੀ ਹੈ ਪਰ ਹਰ ਵਾਰ ਚਿੰਤਾ ਵਧਦੀ ਜਾ ਰਹੀ ਹੈ।

Parents Of Punjabi Studetns in Ukraine

ਵਿਦਿਆਰਥੀਆਂ ਨੇ ਮਾਈਨਸ 2 ਡਿਗਰੀ ਸੈਲੀਸਲ ਤਾਪਮਾਨ ਵਿਚ ਬਿਤਾਈ ਰਾਤ

ਹਰਿਆਣਾ ਦੇ ਫਰੀਦਾਬਾਦ ਦੇ ਅੰਕਿਤ ਸ਼ਰਮਾ, ਯੂਪੀ ਦੇ ਸਕਸ਼ਮ ਨੇ ਦੱਸਿਆ ਕਿ ਸਾਰੇ ਭਾਰਤੀ ਵਿਦਿਆਰਥੀਆਂ ਨੇ ਮੈਟਰੋ ਸਟੇਸ਼ਨ 'ਤੇ ਰਾਤ ਕੱਟੀ। ਰਾਤ 12 ਵਜੇ ਬੰਬ ਧਮਾਕਾ ਰੁਕ ਗਿਆ। ਉਸ ਤੋਂ ਬਾਅਦ ਹੀ ਉਹ ਸੌਂ ਸਕੇ। ਉਹ ਸਵੇਰੇ 8 ਵਜੇ ਵਾਪਸ ਆਪਣੇ ਫਲੈਟ ਵਿਚ ਆ ਗਏ। ਸਾਰੀ ਰਾਤ ਹਮਲੇ ਦੀ ਚੇਤਾਵਨੀ ਆਉਂਦੀ ਰਹੀ। ਯੂਪੀ ਦੇ ਸ਼ਾਹਰੁਖ ਹੁਸੈਨ, ਫਰੀਦਾਬਾਦ ਤੋਂ ਅਰਬਾਜ਼ ਖਾਨ, ਪੰਜਾਬ ਤੋਂ ਹਰਸ਼ਿਤ ਬਾਂਸਲ, ਫਰੀਦਾਬਾਦ ਤੋਂ ਅੰਕਿਤ ਸ਼ਰਮਾ ਅਤੇ ਸਕਸ਼ਮ ਨੇ ਦੱਸਿਆ ਕਿ ਇਸ ਸਮੇਂ ਤਾਪਮਾਨ ਮਾਈਨਸ 2 ਡਿਗਰੀ ਸੈਲਸੀਅਸ ਹੈ। ਸਾਰਿਆਂ ਨੇ ਬੇਸਮੈਂਟ ਅਤੇ ਮੈਟਰੋ ਸਟੇਸ਼ਨ ’ਤੇ ਰਾਤ ਬਿਤਾਈ।

Indian Students in Ukraine

 ਹੁਸ਼ਿਆਰਪੁਰ ਦੇ ਗੁਰਭੇਜ ਸਿੰਘ ਨੇ ਦੱਸੇ ਜ਼ਮੀਨੀ ਹਾਲਾਤ

ਹੁਸ਼ਿਆਰਪੁਰ ਦੇ ਪਿੰਡ ਭੁੰਗਰਣੀ ਦੇ ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਇੱਥੇ ਉੜੀਸਾ ਸਟੇਟ ਐਗਰੇਰੀਅਨ ਯੂਨੀਵਰਸਿਟੀ ਵਿਚ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਉਹ 7 ਮਹੀਨੇ ਪਹਿਲਾਂ ਹੀ ਇੱਥੇ ਆਇਆ ਸੀ। ਇੱਥੇ ਸਾਰੀ ਰਾਤ ਧਮਾਕੇ ਹੁੰਦੇ ਰਹੇ ਜਿਸ ਕਾਰਨ ਹੋਸਟਲ ਦੇ ਕਮਰੇ ਦਾ ਸ਼ੀਸ਼ਾ ਟੁੱਟ ਗਿਆ। ਇੱਥੇ ਬਹੁਤ ਠੰਢ ਹੈ। ਸਾਨੂੰ ਹੁਣ ਬੇਸਮੈਂਟ ਵਿਚ ਇੱਕ ਕਮਰਾ ਦਿੱਤਾ ਗਿਆ ਹੈ। ਇੱਥੇ ਏਟੀਐਮ ਖਾਲੀ ਹਨ। ਜਿੱਥੇ ਪੈਸਾ ਹੈ, ਉੱਥੇ ਇਕ ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਹੈ। ਥੋੜ੍ਹੇ ਪੈਸੇ ਬਚੇ ਹਨ।

Nawanshahr Student in Ukraine

ਨਵਾਂਸ਼ਹਿਰ ਦੀ ਮੈਡੀਕਲ ਵਿਦਿਆਰਥਣ ਵਿਚ ਯੂਕਰੇਨ ਵਿਚ ਫਸੀ

ਜ਼ਿਲ੍ਹਾ ਨਵਾਂਸ਼ਹਿਰ ਦੇ ਬਲਾਚੌਰ ਨਾਲ ਸਬੰਧਤ ਵਿਦਿਆਰਥਣ ਰੀਤਾ ਰਾਣਾ ਐਮਬੀਬੀਐਸ ਕਰਨ ਲਈ  1 ਸਾਲ ਪਹਿਲਾਂ ਯੂਕਰੇਨ ਗਈ ਸੀ। ਉਸ ਦੇ  ਪਿਤਾ ਰਣਵਿਜੇ ਸਿੰਘ ਨੇ ਬੇਟੀ ਨਾਲ ਗੱਲ ਕੀਤੀ ਤਾਂ ਰੀਤਾ ਨੇ ਦੱਸਿਆ ਕਿ ਫਿਲਹਾਲ ਉਹ ਉੱਥੇ ਸੁਰੱਖਿਅਤ ਹੈ ਅਤੇ ਟਿਕਟ ਕਨਫਰਮ ਹੁੰਦੇ ਹੀ ਭਾਰਤ ਵਾਪਸ ਆ ਜਾਵੇਗੀ। ਉਹਨਾਂ ਦੱਸਿਆ ਕਿ ਟਿਕਟ ਦੀ ਕੀਮਤ ਵੀ ਵਧਾ ਦਿੱਤੀ ਗਈ ਹੈ। ਉਹਨਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਬੇਟੀ ਨੂੰ ਸਹੀ ਸਲਾਮਤ ਘਰ ਪਹੁੰਚਾਉਣਦੀ ਜ਼ਿੰਮੇਵਾਰੀ ਲਈ ਜਾਵੇ।

Kareena Mandi

ਯੂਕਰੇਨ ਤੋਂ ਘਰ ਪਹੁੰਚੀ ਮੰਡੀ ਦੀ ਵਿਦਿਆਰਥਣ

ਯੂਕਰੇਨ 'ਚ ਐਮਬੀਬੀਐਸ ਕਰ ਰਹੀ ਹਿਮਾਚਲ ਦੇ ਮੰਡੀ ਦੀ ਕਰੀਨਾ ਅਪਣੇ ਘਰ ਪਹੁੰਚੀ ਹੈ। ਕਰੀਨਾ ਦੇ ਪਰਿਵਾਰਕ ਮੈਂਬਰ ਕਾਫੀ ਖੁਸ਼ ਹਨ, ਅਪਣੀ ਧੀ ਨੂੰ ਅੱਖਾਂ ਸਾਹਮਣੇ ਦੇਖ ਉਹਨਾਂ ਦੀਆਂ ਅੱਖਾਂ ਨਮ ਹੋ ਗਈਆਂ।  ਜਿੱਥੇ ਕਰੀਨਾ ਘਰ ਪਹੁੰਚ ਕੇ ਖੁਸ਼ ਨਜ਼ਰ ਆ ਰਹੀ ਸੀ ਤਾਂ ਉੱਥੇ ਹੀ ਉਹ ਯੂਕਰੇਨ ਵਿਚ ਫਸੇ ਅਪਣੇ ਹੋਰ ਦੋਸਤਾਂ ਨੂੰ ਲੈ ਕੇ ਚਿੰਤਤ ਹੈ।