ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਯੂਕਰੇਨ ਜਾਣਗੇ ਏਅਰ ਇੰਡੀਆ ਦੇ ਦੋ ਜਹਾਜ਼

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਯੂਕਰੇਨ ਜਾਣਗੇ ਏਅਰ ਇੰਡੀਆ ਦੇ ਦੋ ਜਹਾਜ਼

image

ਨਵੀਂ ਦਿੱਲੀ, 25 ਫ਼ਰਵਰੀ : ਭਾਰਤ ਸਰਕਾਰ ਨੇ ਜੰਗ ਪ੍ਰਭਾਵਤ ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿਤੀਆਂ ਹਨ। ਇਸ ਦੇ ਤਹਿਤ ਸਨਿਚਰਵਾਰ ਨੂੰ ਏਅਰ ਇੰਡੀਆ ਦੇ ਦੋ ਜਹਾਜ਼ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਰੋਮਾਨੀਆ ਭੇਜੇ ਜਾਣਗੇ, ਜਿਥੋਂ ਉਹ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣਗੇ। ਯੂਕਰੇਨ ਦੇ ਹਵਾਈ ਖੇਤਰ ਬੰਦ ਹੋਣ ਕਾਰਨ ਭਾਰਤ ਉਸ ਦੇ ਗੁਆਂਢੀ ਦੇਸ਼ਾਂ ਨਾਲ ਸੰਪਰਕ ਵਿਚ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲਬਾਤ ਦੌਰਾਨ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਜ਼ਿਕਰ ਕੀਤਾ ਸੀ।
ਮੀਡੀਆ ਰਿਪੋਰਟ ਮੁਤਾਬਕ ਏਅਰ ਇੰਡੀਆ ਦੇ ਦੋ ਜਹਾਜ਼ ਸਨਿਚਰਵਾਰ ਰਾਤ 2 ਵਜੇ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਲਈ ਰਵਾਨਾ ਹੋਣਗੇ। ਇਹ ਯੂਕਰੇਨ ਦੀ ਰਾਜਧਾਨੀ ਕੀਵ ਤੋਂ ਲਗਭਗ 12 ਘੰਟੇ ਦੀ ਦੂਰੀ ’ਤੇ ਹੈ। ਭਾਰਤੀ ਦੂਤਾਵਾਸ ਦੀ ਟੀਮ ਬੁਖਾਰੈਸਟ ਪਹੁੰਚ ਗਈ ਹੈ ਅਤੇ ਯੂਕਰੇਨ ਤੋਂ ਉੱਥੇ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਦੀ ਵਾਪਸੀ ਦੀ ਤਿਆਰੀ ਕਰ ਰਹੀ ਹੈ। ਯੂਕਰੇਨ ਵਿਚ ਲਗਭਗ 18,000 ਭਾਰਤੀ ਨਾਗਰਿਕ ਫਸੇ ਹੋਏ ਹਨ। ਵਿਦੇਸ਼ ਮੰਤਰਾਲੇ ਨੇ ਨਾਗਰਿਕਾਂ ਨੂੰ ਕੱਢਣ ਲਈ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਹੰਗਰੀ, ਪੋਲੈਂਡ, ਸਲੋਵਾਕੀਆ ਅਤੇ ਰੋਮਾਨੀਆ ਆਦਿ ਦੇਸ਼ਾਂ ਵਿਚ ਅਪਣੀਆਂ ਟੀਮਾਂ ਭੇਜੀਆਂ ਹਨ ਅਤੇ ਰੋਮਾਨੀਆ ਦੀ ਸਕਿਆਵਾ ਸਰਹੱਦ ’ਤੇ ਅਪਣੀਆਂ ਟੀਮਾਂ ਤਾਇਨਾਤ ਕਰ ਦਿਤੀਆਂ ਹਨ। ਭਾਰਤੀ ਨਾਗਰਿਕਾਂ ਨੂੰ ਇਨ੍ਹਾਂ ਟੀਮਾਂ ਵਿਚ ਤਾਇਨਾਤ ਅਧਿਕਾਰੀਆਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।     (ਏਜੰਸੀ)