ਕਾਰ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ, 2 ਦੀ ਮੌਤ, 1 ਗੰਭੀਰ ਜ਼ਖਮੀ

ਏਜੰਸੀ

ਖ਼ਬਰਾਂ, ਪੰਜਾਬ

ਅਣਪਛਾਤੇ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਚਾਲਕ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

photo

 

ਬਨੂੜ : ਬਨੂੜ ਤੋਂ ਤੇਪਲਾ ਨੂੰ ਜਾਂਦੇ ਕੌਮੀ ਰਾਜਮਾਰਗ ’ਤੇ ਤੇਜ਼ ਰਫ਼ਤਾਰ ਕਰੇਟਾ ਕਾਰ ਵੱਲੋਂ ਮੋਟਰਸਾਈਕਲ ਨੂੰ ਭਿਆਨਕ ਟੱਕਰ ਮਾਰ ਦੇਣ ’ਤੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਅਤੇ ਇਕ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਇਸ ਭਿਆਨਕ ਹਾਦਸੇ ਨੇ 2 ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਜਾਣਕਾਰੀ ਅਨੁਸਾਰ ਥਾਣਾ ਬਨੂੜ ਅਧੀਨ ਪੈਂਦੇ ਪਿੰਡ ਖਲੌਰ ਤੇ ਚੰਗੇਰਾ ਦੇ 3 ਨੌਜਵਾਨ, ਜੋ ਨੇੜਲੇ ਪਿੰਡ ਬੂਟਾ ਸਿੰਘ ਵਾਲਾ ’ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਹਨ। ਇਨ੍ਹਾਂ ਨੌਜਵਾਨਾਂ ਦਾ ਅੱਜ ਅੰਗਰੇਜ਼ੀ ਦਾ ਪੇਪਰ ਸੀ। ਇਹ ਸਾਰੇ ਨੌਜਵਾਨ ਪੜ੍ਹਾਈ ਦੇ ਨਾਲ-ਨਾਲ ਵੇਟਰ ਦਾ ਕੰਮ ਕਰਦੇ ਸਨ। ਬੀਤੀ ਰਾਤ ਇਹ ਨੌਜਵਾਨ ਜ਼ੀਰਕਪੁਰ ਨੇੜਿਓਂ ਕਿਸੇ ਪੈਲੇਸ ’ਚੋਂ ਵਿਆਹ ਸਮਾਗਮ ’ਚੋਂ ਕੰਮ ਨਿਬੇੜ ਕੇ ਰਾਤ 1 ਵਜੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡਾਂ ਨੂੰ ਜਾ ਰਹੇ ਸਨ। ਜਦੋਂ ਤਿੰਨੋਂ ਤੇਪਲਾ ਮਾਰਗ ‘ਤੇ ਸਥਿਤ ਪਿੰਡ ਖਾਸਪੁਰ ਨੇੜੇ ਪਹੁੰਚੇ ਤਾਂ ਪਿੱਛੇ ਤੋਂ ਤੇਜ਼ ਰਫਤਾਰ ਕਰੇਟਾ ਨੇ ਇਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ।

ਹਾਦਸੇ ਵਿਚ ਗਗਨਦੀਪ ਸਿੰਘ ਤੇ ਛਿੰਦਾ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਜਤਿਨ ਕੁਮਾਰ ਗੰਭੀਰ ਜ਼ਖਮੀ ਹੋ ਗਿਆ। ਉਹ ਫਿਲਹਾਲ ਪੀਜੀਆਈ ਚੰਡੀਗੜ੍ਹ ਵਿਚ ਇਲਾਜ ਅਧੀਨ ਹੈ। ਪੁਲਿਸ ਮੁਤਾਬਕ ਵਾਰਦਾਤ ਦੇ ਬਾਅਦ ਦੋਸ਼ੀ ਕਰੇਟਾ ਚਾਲਕ ਬੁਰੀ ਤਰ੍ਹਾਂ ਤੋਂ ਨੁਕਸਾਨੀ ਗਈ ਆਪਣੀ ਕਾਰ ਨੂੰ ਮੌਕੇ ‘ਤੇ ਹੀ ਛੱਡ ਕੇ ਫਰਾਰ ਹੋ ਗਿਆ। ਫਿਲਹਾਲ ਅਣਪਛਾਤੇ ਖਿਲਾਫ ਕੇਸ ਦਰਜ ਕਰਕੇ ਦੋਸ਼ੀ ਚਾਲਕ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

ਥਾਣਾ ਬਨੂੜ ਦੇ ਏਐੱਸਆਈ ਮੁਹੰਮਦ ਨਸੀਮ ਨੇ ਦੱਸਿਆ ਕਿ ਬਾਈਕ ਸਵਾਰ ਤਿੰਨੋਂ ਨੌਜਵਾਨ ਇਕੋ ਹੀ ਸਕੂਲ ਵਿਚ ਪੜ੍ਹਦੇ ਸਨ ਤੇ ਗਰੀਬ ਪਰਿਵਾਰ ਤੋਂ ਹੋਣ ਕਾਰਨ ਆਪਣਾ ਖਰਚਾ ਚੁੱਕਣ ਲਈ ਪੜ੍ਹਾਈ ਦੇ ਨਾਲ ਵੇਟਰ ਦਾ ਕੰਮ ਕਰਦੇ ਸਨ। ਗਗਨਦੀਪ ਸਿੰਘ (19) ਵਾਸੀ ਪਿੰਡ ਚੰਗੇਰਾ ਤੇ ਛਿੰਦਾ ਸਿੰਘ (19) ਵਾਸੀ ਖਲੌਰ ਦੋਵੇਂ 12ਵੀਂ ਕਲਾਸ ਤੇ ਜਤਿਨ ਕੁਮਾਰ (17) ਵਾਸੀ ਖਲੌਰ 11ਵੀਂ ਕਲਾਸ ਦਾ ਵਿਦਿਆਰਥੀ ਹੈ।