ਜੇਕਰ ਤੁਹਾਡਾ ਵੀ ਆਧਾਰ ਕਾਰਡ 10 ਸਾਲ ਤੋਂ ਪੁਰਾਣਾ ਤਾਂ ਅੱਜ ਹੀ ਕਰਵਾਓ ਅਪਡੇਟ ਨਹੀਂ ਤਾਂ....
ਇਸ ਕੰਮ ਨੂੰ ਆਫਲਾਈਨ ਤਰੀਕੇ ਨਾਲ ਜੇ ਕੀਤਾ ਜਾਂਦਾ ਹੈ ਤਾਂ 50 ਰੁਪਏ ਦੇਣੇ ਪੈਣਗੇ।
ਚੰਡੀਗੜ੍ਹ : ਯੂ. ਟੀ. ਪ੍ਰਸ਼ਾਸਨ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਸ਼ਹਿਰ ਦੇ ਜਿਨਾਂ ਲੋਕਾਂ ਨੇ 10 ਸਾਲ ਪਹਿਲਾਂ ਦਾ ਆਧਾਰ ਕਾਰਡ ਬਣਵਾਇਆ ਹੋਇਆ ਹੈ ਉਹ ਉਸ ਨੂੰ ਅਪਡੇਟ ਕਰਵਾ ਲੈਣ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਆਧਾਰ ਨਾਲ ਜੁੜੀਆਂ ਵੱਖ-ਵੱਖ ਸੇਵਾਵਾਂ ਤੋਂ ਵਾਂਝੇ ਰਹਿ ਸਕਦੇ ਹਨ। ਚੰਡੀਗੜ੍ਹ ਖੇਤਰੀ ਦਫ਼ਤਰ ਯੂ. ਆਈ. ਡੀ. ਏ. ਆਈ. ਦੇ ਉਪ ਡਾਇਰੈਕਟਰ ਜਨਰਲ ਭਾਵਨਾ ਗਰਗ ਨੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਵੱਖ-ਵੱਖ ਯੋਜਨਾਵਾਂ ਸਬੰਧੀ ਜਾਣੂ ਕਰਵਾਇਆ। ਦੱਸਿਆ ਗਿਆ ਕਿ 10 ਸਾਲ ਪਹਿਲਾਂ ਬਣੇ ਆਧਾਰ ਕਾਰਡ ਧਾਰਕਾਂ ਨੂੰ ਹੁਣ ਅਪਡੇਟ ਕਰਵਾਉਣੇ ਪੈਣਗੇ।
ਲੋਕਾਂ ਨੂੰ ਆਧਾਰ ਕਾਰਡ 'ਚ ਡਿਟੇਲ ਜਿਵੇਂ ਨਾਂ, ਪਤਾ ਅਤੇ ਮੋਬਾਇਲ ਨੰਬਰ ਅਪਡੇਟ ਕਰਨਾ ਪਵੇਗਾ, ਤਾਂ ਜੋ ਆਧਾਰ ਕਾਰਡ ਨਾਲ ਸਬੰਧਿਤ ਧੋਖਾਧੜੀ ਅਤੇ ਘਪਲਿਆਂ ਨੂੰ ਰੋਕਿਆ ਜਾ ਸਕੇ। ਦੱਸਿਆ ਗਿਆ ਕਿ ਲੋਕ ਪਛਾਣ ਅਤੇ ਪਤਾ ਵੈਰੀਫਾਈ ਕਰਨ ਲਈ ਦਸਤਾਵੇਜ਼ਾਂ ਨੂੰ ਆਨਲਾਈਨ ਅਤੇ ਆਫਲਾਈਨ ਦੋਵਾਂ ਤਰੀਕਿਆਂ ਨਾਲ ਸੌਖ ਨਾਲ ਅਪਡੇਟ ਕਰ ਸਕਦੇ ਹਨ। ਆਧਾਰ ਕਾਰਡ 'ਚ ਪਛਾਣ ਅਤੇ ਪਤੇ ਨਾਲ ਜੁੜੇ ਦਸਤਾਵੇਜ਼ਾਂ ਨੂੰ ਆਨਲਾਈਨ ਤਰੀਕੇ ਨਾਲ ਅਪਡੇਟ ਕਰਨ ਦੀ ਫ਼ੀਸ 25 ਰੁਪਏ ਹੈ। ਉੱਥੇ ਹੀ, ਇਸ ਕੰਮ ਨੂੰ ਆਫਲਾਈਨ ਤਰੀਕੇ ਨਾਲ ਜੇ ਕੀਤਾ ਜਾਂਦਾ ਹੈ ਤਾਂ 50 ਰੁਪਏ ਦੇਣੇ ਪੈਣਗੇ।
ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਚੰਡੀਗੜ੍ਹ ਵਿਚ ਪਹਿਲਾਂ ਹੀ 18 ਤੋਂ ਜ਼ਿਆਦਾ ਉਮਰ ਵਰਗ ਲਈ 100 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਦੇ ਆਧਾਰ ਕਾਰਡ ਬਣ ਗਏ ਹਨ। ਇਹੀ ਕਾਰਨ ਹੈ ਕਿ ਚੰਡੀਗੜ੍ਹ ਤੋਂ 18 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਵਿਅਕਤੀ ਜੇਕਰ ਆਧਾਰ ਕਾਰਡ ਬਣਾਉਣ ਲਈ ਅਰਜ਼ੀ ਦੇਵੇਗਾ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਨਿੱਜੀ ਤੌਰ 'ਤੇ ਸੰਪਰਕ ਕਰ ਕੇ ਉਸ ਦੇ ਬਿਨੈਕਾਰਾਂ ਨੂੰ ਚੈੱਕ ਕੀਤਾ ਜਾਵੇਗਾ ਕਿ ਉਹ ਠੀਕ ਹਨ ਜਾਂ ਨਹੀਂ। ਵਿਭਾਗ ਕੋਲ ਸਧਾਰਨ ਰੋਜ਼ਾਨਾ ਆਧਾਰ ਕਾਰਡ ਬਣਾਉਣ ਲਈ 100 ਅਰਜ਼ੀਆਂ ਆਉਂਦੀਆਂ ਹਨ। ਪ੍ਰਸ਼ਾਸਨ ਨੇ ਇਸ ਪ੍ਰਕਿਰਿਆ ਵਿਚ ਲੋਕਾਂ ਤੋਂ ਸਹਿਯੋਗ ਮੰਗਿਆ ਹੈ, ਤਾਂ ਜੋ ਬਿਨਾਂ ਕਿਸੇ ਪਰੇਸ਼ਾਨੀ ਦੇ ਉਨ੍ਹਾਂ ਦਾ ਆਧਾਰ ਕਾਰਡ ਬਣ ਸਕੇ।