ਸਪੀਕਰ ਕੁਲਤਾਰ ਸੰਧਵਾਂ ਵੱਲੋਂ ਸਿੱਕਮ ਵਿਧਾਨ ਸਭਾ ਵਿਖੇ 19ਵੀਂ ਸਾਲਾਨਾ CPA ਭਾਰਤੀ ਖੇਤਰੀ ਜ਼ੋਨ-III ਕਾਨਫ਼ਰੰਸ 'ਚ ਸ਼ਮੂਲੀਅਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਕਾਨਫ਼ਰੰਸ ਕਾਫ਼ੀ ਸਾਰਥਕ ਰਹੀ, ਜਿੱਥੇ ਵੱਖ-ਵੱਖ ਸਮਾਜਿਕ ਮੁੱਦਿਆਂ ਅਤੇ ਨਾਗਰਿਕਾਂ ਦੀ ਭਲਾਈ ਸਬੰਧੀ ਚੁਣੌਤੀਆਂ ਦਾ ਡੂੰਘਾਈ ਨਾਲ ਹੱਲ ਲੱਭਿਆ ਗਿਆ

Sandhwan participated in 19th annual conference of the CPA India region Zone-III hled at Sikkim legislative assembly

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਿੱਕਮ ਵਿਧਾਨ ਸਭਾ ਵੱਲੋਂ ਕਰਵਾਈ ਗਈ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ (ਸੀ.ਪੀ.ਏ.), ਭਾਰਤੀ ਖੇਤਰੀ ਜ਼ੋਨ-III ਦੀ 19ਵੀਂ ਸਾਲਾਨਾ ਕਾਨਫ਼ਰੰਸ ਵਿੱਚ ਹਿੱਸਾ ਲਿਆ। ਗੰਗਟੋਕ ਵਿਖੇ 23 ਅਤੇ 24 ਫ਼ਰਵਰੀ ਨੂੰ ਹੋਈ ਕਾਨਫ਼ਰੰਸ ਵਿੱਚ "ਸੰਸਦ ਅਤੇ ਅਸੈਂਬਲੀ ਨੂੰ ਨਾਗਰਿਕਾਂ ਲਈ ਵਧੇਰੇ ਪਹੁੰਚਯੋਗ ਬਣਾਉਣਾ", "ਨਸ਼ੇ ਰੋਕਣਾ ਅਤੇ ਅੱਗੇ ਵਧਣ ਦੇ ਰਾਹ ਤਲਾਸ਼ਣਾ" ਅਤੇ "ਸਾਈਬਰ ਬੁਲਿੰਗ" ਜਿਹੇ ਅਹਿਮ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਾਨਫ਼ਰੰਸ ਦਾ ਉਦਘਾਟਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤਾ।

ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਦੋ ਦਿਨ ਚੱਲੀ ਇਹ ਕਾਨਫ਼ਰੰਸ ਕਾਫ਼ੀ ਸਾਰਥਕ ਰਹੀ, ਜਿੱਥੇ ਵੱਖ-ਵੱਖ ਸਮਾਜਿਕ ਮੁੱਦਿਆਂ ਅਤੇ ਨਾਗਰਿਕਾਂ ਦੀ ਭਲਾਈ ਸਬੰਧੀ ਚੁਣੌਤੀਆਂ ਦਾ ਡੂੰਘਾਈ ਨਾਲ ਹੱਲ ਲੱਭਿਆ ਗਿਆ। ਉਨ੍ਹਾਂ ਕਿਹਾ ਕਿ ਕਾਨਫ਼ਰੰਸ ਵਿੱਚ ਪੁੱਜੇ ਡੈਲੀਗੇਟਸ ਨੇ ਉਦਘਾਟਨੀ ਅਤੇ ਪਲੇਨਰੀ ਸੈਸ਼ਨ ਦੌਰਾਨ ਨਸ਼ਿਆਂ ਦੀ ਲਾਹਣਤ ਨਾਲ ਸਬੰਧਤ ਕਈ ਸਮਾਜਿਕ ਅਤੇ ਨੈਤਿਕ ਮੁੱਦਿਆਂ ਬਾਰੇ ਆਪਣੀਆਂ ਚਿੰਤਾਵਾਂ ਦਾ ਪ੍ਰਗਟਾਵਾ ਕੀਤਾ।

ਮੁੱਖ ਮਹਿਮਾਨ ਸ੍ਰੀ ਓਮ ਬਿਰਲਾ ਨੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਕਿ ਡੈਲੀਗੇਟਸ ਨੇ ਨਸ਼ਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਕੁਸ਼ਲ ਨੀਤੀ ਬਣਾਉਣ ਅਤੇ ਇਸ ਨੂੰ ਲਾਗੂ ਕਰਨ ਲਈ ਆਪਣੇ ਕੀਮਤੀ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਸਮੂਹ ਮੈਂਬਰਾਂ ਨੂੰ ਦੋ-ਦਿਨ ਲੰਮੇ ਸੈਸ਼ਨਾਂ ਦੌਰਾਨ ਵਿਚਾਰੇ ਗਏ ਕੀਮਤੀ ਸੁਝਾਅ ਜ਼ਰੂਰ ਅਪਨਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਆਪੋ-ਆਪਣੇ ਸੂਬਿਆਂ ਵਿੱਚ ਲਾਗੂ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸਾਰਥਕ ਇਨਪੁਟ ਨੂੰ ਉਤਸ਼ਾਹਿਤ ਕਰਨ ਲਈ ਲੋਕਾਂ ਦੀ ਸ਼ਮੂਲੀਅਤ ਦੇ ਮਹੱਤਵ ਨੂੰ ਵੀ ਉਜਾਗਰ ਕੀਤਾ।

ਸਪੀਕਰ ਸੰਧਵਾਂ ਨੇ ਕਿਹਾ ਕਿ ਸਮੂਹ ਮੈਂਬਰਾਂ ਦਾ ਮੰਨਣਾ ਸੀ ਕਿ ਨਸ਼ਾਖੋਰੀ ਵਿਸ਼ਵ ਪੱਧਰ 'ਤੇ ਵੱਡੀ ਸਮਾਜਿਕ ਸਮੱਸਿਆ ਬਣ ਗਈ ਹੈ ਅਤੇ ਨਸ਼ਿਆਂ ਦੀ ਬੀਮਾਰੀ ਨੂੰ ਖ਼ਤਮ ਕਰਨ ਲਈ ਸਿੱਖਿਆ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਉਨ੍ਹਾਂ ਉਮੀਦ ਜਤਾਈ ਕਿ ਸੀ.ਪੀ.ਏ. ਭਾਰਤੀ ਖੇਤਰੀ ਜ਼ੋਨ-III ਕਾਨਫ਼ਰੰਸ, ਨੀਤੀ ਅਤੇ ਕਾਨੂੰਨ ਨਿਰਮਾਤਾਵਾਂ ਲਈ ਦੇਸ਼ ਵਿੱਚ ਚੰਗੇ ਪ੍ਰਸ਼ਾਸਨ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਇੱਕ ਸਪੱਸ਼ਟ ਰੂਪ ਰੇਖਾ ਦਾ ਮੁਲਾਂਕਣ ਕਰਨ ਹਿੱਤ ਇੱਕ ਪਲੇਟਫ਼ਾਰਮ ਵਜੋਂ ਕੰਮ ਕਰੇਗੀ। ਕਾਨਫ਼ਰੰਸ ਨੇ ਮੁੱਦਿਆਂ ਨੂੰ ਉਠਾਉਣ, ਵਿਚਾਰ-ਵਟਾਂਦਰੇ ਅਤੇ ਹੱਲ ਲਈ ਨਿਯਮਿਤ ਤੌਰ 'ਤੇ ਬਹਿਸ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।