ਪਰਿਵਾਰ ਵਿਚ ਬੱਚਿਆਂ ਦਾ ਜਿਨਸੀ ਸ਼ੋਸ਼ਣ ਉਨ੍ਹਾਂ ਦੇ ਵਿਸ਼ਵਾਸ ਦੀ ਉਲੰਘਣਾ ਹੈ: ਜਸਟਿਸ ਹਿਮਾ ਕੋਹਲੀ

ਏਜੰਸੀ

ਖ਼ਬਰਾਂ, ਪੰਜਾਬ

ਪਰਿਵਾਰ ਅੰਦਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬੱਚੇ ਦੇ ਭਰੋਸੇ ਦੀ ਨਿੰਦਣਯੋਗ ਉਲੰਘਣਾ ਹੈ

Sexual abuse of children in the family is a violation of their faith: Justice Hima Kohli

ਨਵੀਂ ਦਿੱਲੀ - ਸੁਪਰੀਮ ਕੋਰਟ ਦੀ ਜੱਜ ਜਸਟਿਸ ਹਿਮਾ ਕੋਹਲੀ ਨੇ ਸ਼ਨੀਵਾਰ ਨੂੰ ਕਿਹਾ ਕਿ ਪਰਿਵਾਰ ਅੰਦਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਬੱਚੇ ਦੇ ਭਰੋਸੇ ਦੀ ਨਿੰਦਣਯੋਗ ਉਲੰਘਣਾ ਹੈ ਅਤੇ ਪਰਿਵਾਰ ਦੇ ਤਾਣੇ-ਬਾਣੇ ਦੇ ਖਿਲਾਫ਼ ਇੱਕ ਨਾ ਮਾਫ਼ਯੋਗ ਅਪਰਾਧ ਹੈ। ਜਸਟਿਸ ਕੋਹਲੀ ਨੇ ਕਿਹਾ ਕਿ ਅਜਿਹੇ ਬਾਲ ਪੀੜਤਾਂ ਨੂੰ ਪੂਰੀ ਮਦਦ ਅਤੇ ਸਮਝ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੇ ਦੁਰਵਿਵਹਾਰ ਦਾ ਪੀੜਤ ਵਿਅਕਤੀ 'ਤੇ ਲੰਮੇ ਸਮੇਂ ਤੱਕ ਦਾ ਅਸਰ ਪੈਂਦਾ ਹੈ ਅਤੇ ਇਹ ਮੰਦਭਾਗਾ ਹੈ ਕਿ ਕਈ ਵਾਰ ਪਰਿਵਾਰਕ ਸਨਮਾਨ ਦੇ ਨਾਂ 'ਤੇ ਅਜਿਹੀਆਂ ਘਟਨਾਵਾਂ ਨੂੰ ਦਬਾ ਦਿੱਤਾ ਜਾਂਦਾ ਹੈ।

ਉਹ ਅੱਜ ਦਿੱਲੀ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ ਵੱਲੋਂ ਕਰਵਾਏ ਸਮਾਗਮ ਵਿਚ ਮੈਗਜ਼ੀਨ ‘ਚਿਲਡਰਨ ਫਸਟ’ ਦੇ ਤੀਜੇ ਐਡੀਸ਼ਨ ਦੇ ਰਿਲੀਜ਼ ਮੌਕੇ ਮੁੱਖ ਮਹਿਮਾਨ ਵਜੋਂ ਬੋਲ ਰਹੇ ਸਨ। ਜਸਟਿਸ ਕੋਹਲੀ ਨੇ ਕਿਹਾ ਕਿ ਬੱਚਿਆਂ ਦੀ ਬਿਹਤਰੀ ਲਈ ਅਨੁਕੂਲ ਹਾਲਾਤ ਪੈਦਾ ਕਰਨ ਲਈ ਸਾਰੀਆਂ ਧਿਰਾਂ ਦਾ ਹੱਥ ਮਿਲਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਅੰਦਰ ਬੱਚਿਆਂ ਦਾ ਜਿਨਸੀ ਸ਼ੋਸ਼ਣ ਇਕ ਸੰਵੇਦਨਸ਼ੀਲ ਵਿਸ਼ਾ ਹੈ ਜਿਸ ਨੂੰ ਅਕਸਰ ਦਬਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਸੁਪਰੀਮ ਕੋਰਟ ਅਤੇ ਕਈ ਹਾਈ ਕੋਰਟਾਂ ਨੇ ਬੱਚਿਆਂ ਦੇ ਹਿੱਤਾਂ ਦੀ ਰਾਖੀ ਲਈ ਕਈ ਨਿਰਦੇਸ਼ ਜਾਰੀ ਕੀਤੇ ਸਨ।