ਸੁਲਤਾਨਪੁਰ ਲੋਧੀ ਵਿਖੇ ਗੈਂਗਸਟਰਾਂ ਵਿਰੁਧ ਮੁਹਿੰਮ 'ਚ ਸੁਲਤਾਨਪੁਰ ਲੋਧੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਥਿਆਰਾਂ ਸਮੇਤ 3 ਵਿਅਕਤੀ ਕੀਤੇ ਗ੍ਰਿਫ਼ਤਾਰ

Sultanpur Lodhi Police achieved great success in the campaign against gangsters in Sultanpur Lodhi.

ਸੁਲਤਾਨਪੁਰ ਲੋਧੀ :ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਗੈਂਗਸਟਰਾਂ ਅਤੇ ਅਪਰਾਧਕ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਮਹੱਤਵਪੂਰਨ ਸਫਲਤਾ ਹਾਸਲ ਕਰਦਿਆਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਸ੍ਰੀ ਗੌਰਵ ਤੂਰਾ, ਪੁਲਿਸ ਕਪਤਾਨ ਤਫਤੀਸ਼ ਸ੍ਰੀ ਪ੍ਰਭਜੋਤ ਸਿੰਘ ਅਤੇ ਸਹਾਇਕ ਪੁਲਿਸ ਕਪਤਾਨ ਸੁਲਤਾਨਪੁਰ ਲੋਧੀ ਸ੍ਰੀ ਧਰੇਂਦਰ ਵਰਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਇਹ ਕਾਰਵਾਈ ਅੰਜਾਮ ਦਿੱਤੀ।

ਉਹਨਾਂ ਦੱਸਿਆ ਕਿ 15-02-2026 ਨੂੰ ਏਐਸਆਈ ਲਖਵਿੰਦਰਪਾਲ ਸਿੰਘ ਚੌਕੀ ਮੋਠਾਂਵਾਲ ਸਮੇਤ ਪੁਲਿਸ ਪਾਰਟੀ ਅੱਡਾ ਡਡਵਿੰਡੀ ਬੱਸ ਸਟੈਂਡ ’ਤੇ ਸਮਾਜ ਵਿਰੋਧੀ ਅਨਸਰਾਂ ਦੀ ਤਲਾਸ਼ ਵਿੱਚ ਮੌਜੂਦ ਸੀ। ਇਸ ਦੌਰਾਨ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਵਿਸ਼ਾਲ ਪੁੱਤਰ ਬੱਗਾ ਸਿੰਘ ਵਾਸੀ ਤਲਵੰਡੀ ਪਾਈ (ਥਾਣਾ ਕੋਤਵਾਲੀ ਕਪੂਰਥਲਾ) ਕੋਲ ਨਜਾਇਜ਼ ਅਸਲਾ ਹੈ ਅਤੇ ਉਸਦੇ ਮਾੜੇ ਤੱਤਾਂ ਨਾਲ ਸੰਬੰਧ ਹਨ।

ਇਤਲਾਹ ਦੇ ਆਧਾਰ ’ਤੇ ਪੁਲਿਸ ਨੇ ਮੁਕੱਦਮਾ ਨੰਬਰ 35 ਮਿਤੀ 15-02-2026 ਧਾਰਾ 25-54-59 ਅਸਲਾ ਐਕਟ ਤਹਿਤ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਅਤੇ ਵਿਸ਼ਾਲ ਨੂੰ ਗ੍ਰਿਫਤਾਰ ਕਰ ਲਿਆ। ਉਸ ਪਾਸੋਂ 02 ਨਜਾਇਜ਼ ਪਿਸਟਲਾਂ ਅਤੇ 04 ਜਿੰਦਾ ਰੌਂਦਾਂ ਬਰਾਮਦ ਕੀਤੀਆਂ ਗਈਆਂ।

ਪੁੱਛਗਿੱਛ ਦੌਰਾਨ ਵਿਸ਼ਾਲ ਨੇ ਖੁਲਾਸਾ ਕੀਤਾ ਕਿ ਉਸ ਨੇ ਇਹ ਪਿਸਟਲ ਮਨਪ੍ਰੀਤ ਸਿੰਘ ਉਰਫ ਮਾਪੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਪੰਮਣ (ਥਾਣਾ ਤਲਵੰਡੀ ਚੌਧਰੀਆਂ) ਪਾਸੋਂ ਕਰੀਬ ਇੱਕ ਮਹੀਨਾ ਪਹਿਲਾਂ 03 ਲੱਖ ਰੁਪਏ ਵਿੱਚ ਖਰੀਦੇ ਸਨ। ਪੁਲਿਸ ਨੇ ਮਨਪ੍ਰੀਤ ਸਿੰਘ ਉਰਫ ਮਾਪੀ ਨੂੰ ਗ੍ਰਿਫਤਾਰ ਕਰਕੇ ਉਸਦੇ ਪਾਸੋਂ ਇੱਕ ਹੋਰ ਵਿਦੇਸ਼ੀ ਪਿਸਟਲ ਮਾਰਕਾ ਬਰੇਟਾ .30 ਬੋਰ ਬਰਾਮਦ ਕੀਤਾ।

ਅੱਗੇ ਦੀ ਜਾਂਚ ਦੌਰਾਨ ਅਮਨਦੀਪ ਸਿੰਘ ਉਰਫ ਅਮਨ ਪੁੱਤਰ ਦਲਬੀਰ ਸਿੰਘ ਵਾਸੀ ਪੰਮਣ ਨੂੰ ਵੀ ਨਾਮਜ਼ਦ ਕੀਤਾ ਗਿਆ, ਜੋ ਪਹਿਲਾਂ ਹੀ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸੀ। ਪੁਲਿਸ ਨੇ ਉਸਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਗ੍ਰਿਫਤਾਰ ਕਰ ਲਿਆ।

ਪੁਲਿਸ ਨੇ ਤਿੰਨਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ ਅਤੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ ਤਾਂ ਜੋ ਅਸਲੇ ਦੀ ਸਪਲਾਈ ਚੇਨ, ਸੰਭਾਵਿਤ ਅਪਰਾਧਕ ਯੋਜਨਾਵਾਂ ਅਤੇ ਹੋਰ ਸਾਥੀਆਂ ਬਾਰੇ ਜਾਣਕਾਰੀ ਮਿਲ ਸਕੇ। ਡੀਐਸਪੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਮਾਪੀ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ 9 ਅਤੇ ਅਮਨਦੀਪ ਸਿੰਘ ਖ਼ਿਲਾਫ਼ 5 ਮਾਮਲੇ ਪਹਿਲਾਂ ਤੋਂ ਦਰਜ ਹਨ।

ਉਹਨਾਂ ਕਿਹਾ ਕਿ ਇਲਾਕੇ ਵਿੱਚ ਅਪਰਾਧਕ ਤੱਤਾਂ ਖ਼ਿਲਾਫ਼ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਕਾਨੂੰਨ-ਵਿਵਸਥਾ ਭੰਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।