'ਚਾਈਨਿਜ਼ ਭਜਾਉ, ਦੇਸ਼ ਬਚਾਉ' ਦੇ ਨਾਹਰਿਆਂ ਨਾਲ ਗੂੰਜਿਆ ਸੈਕਟਰ-17 ਪਲਾਜ਼ਾ
ਚੀਨੀ ਵਸਤੂਆਂ ਦੀ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਨ ਲਈ ਸਵਦੇਸ਼ੀ ਜਾਗਰਣ ਮੰਚ ਦੇ ਬੈਨਰ ਹੇਠ ਅੱਜ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਦੇ ਕਨਵੀਨਰ ਦੀਪਕ ਬੱਤਰਾ ਤੇ..
ਚੰਡੀਗੜ੍ਹ, 12 ਅਗੱਸਤ (ਨੀਲ ਭਲਿੰਦਰ, ਅਕੁੰਰ): ਚੀਨੀ ਵਸਤੂਆਂ ਦੀ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਨ ਲਈ ਸਵਦੇਸ਼ੀ ਜਾਗਰਣ ਮੰਚ ਦੇ ਬੈਨਰ ਹੇਠ ਅੱਜ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਦੇ ਕਨਵੀਨਰ ਦੀਪਕ ਬੱਤਰਾ ਤੇ ਸਾਬਕਾ ਕੌਂਸਲਰ ਅਤੇ ਭਾਜਪਾ ਆਗੂ ਸੌਰਭ ਜੋਸ਼ੀ ਨੇ ਸਾਂਝੇ ਤੌਰ 'ਤੇ ਇਕ ਵੱਡੀ ਦਸਤਖ਼ਤ ਮੁਹਿੰਮ ਦੀ ਸ਼ੁਰੂਆਤ ਕੀਤੀ। ਸਵਦੇਸ਼ੀ ਜਾਗਰਣ ਮੰਚ ਵਲੋਂ ਸੈਕਟਰ 17 ਦੀ ਸ਼ਾਹੀ ਮਾਰਕੀਟ ਵਿਚਕਾਰ ਸਥਿਤ ਪਲਾਜ਼ਾ ਵਿਚ ਇਕ ਵੱਡਾ ਪਰਦਾ ਲਗਾ ਕੇ ਇਸ ਦਸਤਖ਼ਤ ਮੁਹਿੰਮ ਦੇ ਜ਼ਰੀਏ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਚੀਨੀ ਵਸਤੂਆਂ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰਨ ਲਈ ਅਪੀਲ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੌਜੂਦ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਨਿਸ਼ਵਰ, ਸਹਿਕਾਰ ਭਾਰਤੀ ਦੇ ਉਤਰ ਖੇਤਰ ਦੇ ਸੰਗਠਨ ਮੰਤਰੀ ਅੰਮ੍ਰਿਤ ਸਾਗਰ ਨੇ ਕਿਹਾ ਕਿ ਚੀਨ ਜਿਥੇ ਤੋਂ ਭਾਰਤ ਵਿਚ ਅਰਬਾਂ-ਖਰਬਾਂ ਦਾ ਚੀਨੀ ਮਾਲ ਜਿਸ ਵਿਚ ਚਾਈਨਿਜ਼ ਮੋਬਾਈਲ, ਖਿਡੌਣੇ, ਸ਼ੂਜ ਅਤੇ ਹੋਰਨਾਂ ਇਲੈਕਟ੍ਰੋਨਿਕਸ ਪ੍ਰੋਡਕਟਸ ਭਾਰਤ ਵਿਚ ਵੇਚ ਕੇ ਅਪਣੀ ਅਰਥ ਵਿਵਸਥਾ ਨੂੰ ਮਜ਼ਬੂਤ ਕਰ ਰਿਹਾ ਹੈ, ਉਥੇ ਹੀ ਬਾਰਡਰ 'ਤੇ ਭਾਰਤ ਨੂੰ ਅੱਖਾਂ ਦਿਖਾ ਰਿਹਾ ਹੈ ਅਤੇ ਨਾਲ ਹੀ ਭਾਰਤ ਦੇ ਦੁਸ਼ਮਣ ਦੇਸ਼ ਪਾਕਿਸਤਾਨ ਦੀ ਅੰਦਰਖ਼ਾਤੇ ਸਹਾਇਤਾ ਕਰਦਾ ਹੈ।
ਕਨਵੀਨਰ ਦੀਪਕ ਬੱਤਰਾ ਅਤੇ ਸੌਰਭ ਜੋਸ਼ੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਚੀਨ ਵਰਗੇ ਦੇਸ਼ ਨੂੰ ਸਬਕ ਸਿਖਾਉਣ ਦਾ ਸੱਭ ਤੋਂ ਸੌਖਾ ਤਰੀਕਾ ਇਹੋ ਹੈ ਕਿ ਭਾਰਤ ਵਿਚ ਚੀਨੀ ਵਸਤੂਆਂ ਦਾ ਬਾਈਕਾਟ ਹੋਵੇ। ਇਸ ਮੌਕੇ ਜੋਸ਼ੀ ਨੇ ਦਸਿਆ ਕਿ ਸਵਦੇਸ਼ੀ ਜਾਗਰਣ ਮੰਚ ਵੱਲੋਂ ਪੂਰੇ ਭਾਰਤ ਵਿਚ ਇਸ ਮੁਹਿਮ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਚੰਡੀਗੜ੍ਹ ਵਿਚ ਬੀਤੀ 8 ਤੋਂ 20 ਅਗੱਸਤ ਤਕ ਇਸ ਮੁਹਿੰਮ ਤਹਿਤ ਵੱਖ-ਵੱਖ ਸੈਕਟਰਾਂ ਦੀ ਮਾਰਕੀਟਾਂ, ਮੁਹੱਲੇ, ਕਾਲਜਾਂ ਅਤੇ ਸਕੂਲਾਂ ਵਿਚ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਕੇ ਚੀਨੀ ਪ੍ਰੋਡਕਟਸ ਦੇ ਬਾਈਕਾਟ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ 13 ਅਗੱਸਤ ਨੂੰ ਡੱਡੂਮਾਜਰਾ ਅਤੇ ਮੌਲੀਜਾਗਰਾਂ ਵਿਚ ਪੈਦਲ ਯਾਤਰਾ, ਸੁਖਨਾ ਲੇਕ ਵਿਚ ਦਸਤਖ਼ਤ ਮੁਹਿੰਮ, ਮਨੀਮਾਜਰਾ ਵਿਚ ਸਕੂਟਰ ਮੋਟਰ ਸਾਈਕਲ ਰੈਲੀ ਕੱਢੀ ਜਾਵੇਗੀ।
ਉਨ੍ਹਾਂ ਦਸਿਆ ਕਿ ਇਸ ਮੁਹਿੰਮ ਦਾ ਸਮਾਪਤੀ 20 ਅਗੱਸਤ ਨੂੰ ਸੈਕਟਰ 27 ਸਥਿਤ ਰਾਮਲੀਲਾ ਮੈਦਾਨ ਵਿਚ ਇਕ ਵਿਸ਼ਾਲ ਜਨਸਭਾ ਕਰਵਾ ਕੇ ਕੀਤਾ ਜਾਵੇਗਾ। ਇਸ ਮੌਕੇ ਤਿਰਲੋਕੀ ਨਾਥ ਸੰਘ ਚਾਲਕ ਚੰਡੀਗੜ੍ਹ, ਰਜਿੰਦਰ ਜੈਨ ਸਹਿਸੰਘ ਚਾਲਕ ਤੋਂ ਇਲਾਵਾ ਸਵਦੇਸ਼ੀ ਜਾਗਰਣ ਮੰਚ ਅਤੇ ਭਾਜਪਾ ਦੇ ਸੈਂਕੜਿਆਂ ਵਰਕਰ ਮੌਜੂਦ ਸਨ।