ਮੋਹਾਲੀ ਪੁਲਿਸ ਵਲੋਂ ਫਿਰੌਤੀ ਲੈ ਕੇ ਕਤਲ ਕਰਨ ਵਾਲੇ ਗਰੋਹ ਦਾ ਪਰਦਾ ਫ਼ਾਸ਼
ਮੋਹਾਲੀ ਪੁਲਿਸ ਨੇ ਫ਼ਿਰੌਤੀ ਲੈ ਕੇ ਕਤਲ ਕਰਨ ਵਾਲੇ ਗਰੋਹ ਨੂੰ ਕਾਬੂ ਕਰ ਕੇ ਪਿਛਲੇ ਦਿਨੀਂ ਬਲੌਂਗੀ ਦੇ ਇਕ ਵਸਨੀਕ 'ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ
ਐਸ.ਏ.ਐਸ. ਨਗਰ, 12 ਅਗੱਸਤ (ਗੁਰਮੁਖ ਵਾਲੀਆ): ਮੋਹਾਲੀ ਪੁਲਿਸ ਨੇ ਫ਼ਿਰੌਤੀ ਲੈ ਕੇ ਕਤਲ ਕਰਨ ਵਾਲੇ ਗਰੋਹ ਨੂੰ ਕਾਬੂ ਕਰ ਕੇ ਪਿਛਲੇ ਦਿਨੀਂ ਬਲੌਂਗੀ ਦੇ ਇਕ ਵਸਨੀਕ 'ਤੇ ਗੋਲੀਆਂ ਚਲਾਉਣ ਦੇ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵਲੋਂ ਇਸ ਸਬੰਧੀ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਅਸਲਾ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ।
ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਅੱਜ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਪਿਛਲੇ ਦਿਨੀਂ ਬਲੌਂਗੀ ਦੇ ਇਕ ਵਸਨੀਕ 'ਤੇ ਗੋਲੀਆਂ ਚੱਲਣ ਦੇ ਮਾਮਲੇ ਵਿਚ ਸੀ. ਆਈ.ਏ. ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਅਤੇ ਬਲੌਂਗੀ ਥਾਣੇ ਦੇ ਐਸ.ਐਚ.ਓ. ਅਮਰਦੀਪ ਸਿੰਘ ਦੀ ਸਾਂਝੀ ਕਾਰਵਾਈ ਹੇਠ ਸੁਪਾਰੀ ਲੈ ਕੇ ਕਤਲ ਕਰਨ ਵਾਲੇ ਇਸ ਗਰੋਹ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਸ ਮਾਮਲੇ ਵਿਚ ਸੱਭ ਤੋਂ ਪਹਿਲਾਂ ਰੋਹਿਤ ਮਦੋਕ ਪੁੱਤਰ ਨਰਿੰਦਰ ਮਦੋਕ ਵਾਸੀ ਬਲਟਾਣਾ ਨੂੰ ਜੇਲ ਵਿਚੋਂ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੇ ਪੁਛਗਿਛ ਵਿਚ ਮੰਨਿਆ ਕਿ ਉਸ ਨੇ ਅਪਣੇ ਸਾਥੀ ਰਜਿੰਦਰ ਉਰਫ਼ ਜੋਕਰ ਰਾਹੀਂ ਆਪਣੇ ਸਾਥੀਆਂ ਦਾ ਪ੍ਰਬੰਧ ਕਰ ਕੇ ਹਰਵਿੰਦਰ ਹੀਰਾ ਵਾਸੀ ਬਲੌਂਗੀ 'ਤੇ ਗੋਲੀਆਂ ਚਲਾਈਆਂ ਸਨ ਜਿਸ ਤੋਂ ਬਾਅਦ ਰਜਿੰਦਰ ਜੋਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜੋਕਰ ਨੇ ਪੁਛਗਿਛ ਦੌਰਾਨ ਦਸਿਆ ਕਿ ਕੀ ਇਹ ਗੋਲੀਆਂ ਉਸ ਨੇ ਵਿਪਨ ਕੁਮਾਰ ਵਾਸੀ ਨਨਹੇੜੀ ਜਿਲ੍ਹਾ ਫਤਿਹਾਬਾਦ, ਹਰਿਆਣਾ, ਸੁਨੀਲ ਕੁਮਾਰ ਉਰਫ ਸੀਲੂ ਉਰਫ਼ ਸਿਲੀ ਵਾਸੀ ਨਾਲਾਗੜ੍ਹ (ਹਿਮਾਚਲ ਪ੍ਰਦੇਸ਼), ਹਰਦੀਪ ਸਿੰਘ ਉਰਫ਼ ਹੈਪੂ ਪੁੱਤਰ ਗੁਰਮੇਲ ਚੰਦ ਵਾਸੀ ਭਲਾਣ ਰਾਹੀਂ ਹਰਵਿੰਦਰ ਹੀਰਾ ਨੂੰ ਮਰਵਾਈਆਂ ਸਨ ਜੋ ਉਸ ਦਿਨ ਤੋਂ ਹੀ ਭਗੌੜੇ ਸਨ। ਐਸ.ਐਸ.ਪੀ. ਨੇ ਦਸਿਆ ਕਿ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਲੱਗ-ਅਲੱਗ ਪਾਰਟੀਆਂ ਬਣਾ ਕੇ ਚੱਪੜਚਿੜੀ ਨਦੀ ਨੇੜੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਮੌਕੇ ਵਿਪਨ ਕੁਮਾਰ ਪਾਸੋ ਇਕ 32 ਬੋਰ ਅਤੇ 19 ਜਿੰਦਾ ਕਾਰਤੂਸ, 2 ਪਿਸਟਲ 315 ਬੋਰ ਅਤੇ 20 ਰੌਦ ਜਿੰਦਾ ਅਤੇ ਇਕ ਖੋਲ, ਮੁਲਜ਼ਮ ਸੁਨੀਲ ਉਰਫ਼ ਸਿਲੀ ਪਾਸੋ ਇਕ ਪਿਸਟਲ 32 ਬੋਰ ਅਤੇ 16 ਜਿੰਦਾ ਕਾਰਤੂਸ, ਇਕ ਪਿਸਟਲ 315 ਬੋਰ ਅਤੇ 19 ਜਿੰਦਾ ਕਾਰਤੂਸ ਅਤੇ ਇਕ ਖੋਲ ਕਾਰਤੂਸ ਬਰਾਮਦ ਕੀਤੇ ਗਏ ਅਤੇ ਹਰਦੀਪ ਸਿੰਘ ਉਰਫ਼ ਹੈਪੂ ਪਾਸੋਂ ਇਕ ਪਿਸਟਲ 30 ਬੋਰ ਅਤੇ 2 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਅਤੇ ਇਸ ਉਕਤ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਐਸ.ਐਸ.ਪੀ. ਨੇ ਦਸਿਆ ਕਿ ਪੁੱਛਗਿੱਛ ਦੌਰਾਨ ਉਕਤ ਗਰੋਹ ਦੇ ਮੈਂਬਰਾਂ ਨੇ ਮੰਨਿਆ ਹੈ ਕਿ ਨੀਰਜ ਵਾਸੀ ਖੇੜੀ ਥਾਣਾ ਨੁਰਪੁਰਬੇਦੀ ਜਿਲ੍ਹਾ ਰੋਪੜ, ਗੁਰਪ੍ਰੀਤ ਸਿੰਘ ਉਰਫ਼ ਪ੍ਰੀਤੀ ਵਾਸੀ ਡਾਢੀ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੋਪੜ, ਵਿਪਨ ਕੁਮਾਰ ਵਾਸੀ ਨਨਹੇੜੀ ਜਿਲ੍ਹਾ ਫਤਿਹਾਬਾਦ ਹਰਿਆਣਾ, ਸੁਨੀਲ ਕੁਮਾਰ ਉਰਫ਼ ਸੀਲੂ ਉਰਫ਼ ਸਿਲੀ ਵਾਸੀ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਨੇ ਰੋਪੜ ਵਿਖੇ ਸਰਕਾਰੀ ਕਾਲਜ ਵਿੱਚ ਚੰਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭਾਊਵਾਲ ਥਾਣਾ ਨੂਰਪੁਰਬੇਦੀ ਨੂੰ ਕਾਫ਼ੀ ਗੋਲੀਆਂ ਮਾਰੀਆਂ ਸਨ। ਬੀਤੀ 13 ਜੁਲਾਈ ਨੂੰ ਰੋਪੜ ਵਿਖੇ ਕੇਸ ਦਰਜ ਹੈ ਅਤੇ ਇਸ ਤੋਂ ਬਿਨਾ ਇਸ ਗਰੋਹ ਨੇ ਹਰਵਿੰਦਰ ਹੀਰਾ ਨੂੰ ਦੌਰਾਨ ਇਲਾਜ ਪੀ.ਜੀ.ਆਈ ਚੰਡੀਗੜ੍ਹ ਵਿਖੇ ਵੀ ਦੁਬਾਰਾ ਗੋਲੀ ਮਾਰਨ ਦੀ ਰੈਕੀ ਕੀਤੀ ਸੀ ਅਤੇ ਰੀਨਾ ਨੂੰ ਵੀ ਜੋ ਰੋਹਿਤ ਮਦੋਕ ਦੀ ਘਰਵਾਲੀ ਹੈ, ਨੂੰ ਰੋਹਿਤ ਦੇ ਕਹਿਣ 'ਤੇ ਮਾਰਨ ਦੀ ਰੈਕੀ ਕੀਤੀ ਸੀ ਅਤੇ ਜਿਸ ਸਬੰਧੀ ਰੋਹਿਤ ਮਦੋਕ ਵਲੋਂ ਰੀਨਾ ਦਾ ਗੱਡੀ ਨੰਬਰ, ਮਾਅਰਕਾ ਅਤੇ ਫ਼ੋਟੋ ਇਨ੍ਹਾਂ ਉਕਤ ਮੁਲਜ਼ਮਾਂ ਨੂੰ ਵੱਟਸਐਪ ਤੇ ਭੇਜੀਆਂ ਸਨ।