ਕੌਮੀ ਮਾਰਗ 'ਤੇ ਆੜ੍ਹਤੀਆਂ ਅਤੇ ਕਿਸਾਨਾਂ ਦਾ ਧਰਨਾ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਸਦਰ ਰਾਮਪੁਰਾ ਅਧੀਨ ਪੈਂਦੇ ਪਿੰਡ ਜਿਉਂਦ ਦੇ ਕਿਸਾਨ ਟੇਕ ਸਿੰਘ ਦਾ ਖ਼ੁਦਕੁਸ਼ੀ ਮਾਮਲਾ ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣਨ ਨਾਲ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਮਾਮਲਾ..

Protest

 


ਬਠਿੰਡਾ (ਦਿਹਾਤੀ), 12 ਅਗੱਸਤ (ਲੁਭਾਸ਼ ਸਿੰਗਲਾ/ਕੁਲਜੀਤ ਢੀਗਰਾ/ਗੁਰਪ੍ਰੀਤ ਸਿੰਘ): ਥਾਣਾ ਸਦਰ ਰਾਮਪੁਰਾ ਅਧੀਨ ਪੈਂਦੇ ਪਿੰਡ ਜਿਉਂਦ ਦੇ ਕਿਸਾਨ ਟੇਕ ਸਿੰਘ ਦਾ ਖ਼ੁਦਕੁਸ਼ੀ ਮਾਮਲਾ ਪ੍ਰਸ਼ਾਸਨ ਲਈ ਗਲੇ ਦੀ ਹੱਡੀ ਬਣਨ ਨਾਲ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਮਾਮਲਾ ਬਣ ਗਿਆ ਹੈ, ਭਾਵੇਂ ਮ੍ਰਿਤਕ ਕਿਸਾਨ ਟੇਕ ਸਿੰਘ ਦੀ ਮੌਤ ਉਪਰੰਤ ਮਿਲੇ ਖ਼ੁਦਕੁਸ਼ੀ ਨੋਟ ਵਿਚ ਜ਼ਿਕਰ ਵਾਲੇ ਆੜ੍ਹਤੀਏ ਸੁਰੇਸ਼ ਕੁਮਾਰ ਬਾਹੀਆ ਵਿਰੁਧ ਪੁਲਿਸ ਨੇ ਮਾਮਲਾ ਦਰਜ ਕਰ ਦਿਤਾ ਹੈ, ਪਰ ਉਕਤ ਦਰਜ ਮਾਮਲੇ ਤੋਂ ਬਾਅਦ ਹਾਲਾਤ ਆਪੇ ਤੋਂ ਬਾਹਰ ਹੁੰਦੇ ਜਾ ਰਹੇ ਹਨ ਕਿਉਂਕਿ ਆੜ੍ਹਤੀਏ ਦੇ ਹੱਕ ਵਿਚ ਕੱਚਾ ਆੜ੍ਹਤੀਆਂ ਐਸੋਸੀਏਸ਼ਨ ਦੀ ਸੂਬਾਈ ਇਕਾਈ ਨਿਤਰ ਆਉਣ ਦੇ ਨਾਲੋਂ ਨਾਲ ਲੋਕਲ ਆੜ੍ਹਤੀਆਂ ਨੇ ਵੀ ਪ੍ਰਸ਼ਾਸਨ ਦੇ ਰਵਈਏ ਵਿਰੁਧ ਮੋਰਚਾ ਖੋਲ ਦਿਤਾ ਹੈ। ਜਿਨ੍ਹਾਂ ਨੇ ਅੱਜ ਕੌਮੀ ਮਾਰਗ 'ਤੇ ਧਰਨਾ ਮਾਰ ਕੇ ਦੁਪਹਿਰੇ ਅਵਾਜਾਈ ਬੰਦ ਰੱਖੀ ਜਦਕਿ ਦੂਜੇ ਪਾਸੇ ਥਾਣਾ ਸਦਰ ਕੋਲ ਮ੍ਰਿਤਕ ਕਿਸਾਨ ਟੇਕ ਸਿੰਘ ਦੇ ਪਰਵਾਰ ਨੂੰ ਇਨਸਾਫ਼ ਦਿਵਾਉਣ ਲਈ ਭਾਕਿਯੂ ਨੇ ਧਰਨਾ ਮਾਰ ਕੇ ਮਾਮਲੇ ਵਿਚਲੇ ਨਾਮਜ਼ਦ ਆੜ੍ਹਤੀਏ ਨੂੰ ਫੜਣ ਦੀ ਮੰਗ ਕੀਤੀ ਹੈ।
ਆੜ੍ਹਤੀਆਂ ਦਾ ਤਰਕ ਹੈ ਕਿ ਖ਼ੁਦਕੁਸ਼ੀ ਨੋਟ ਤਾਂ ਮ੍ਰਿਤਕ ਨੇ ਪੰਜਾਬ ਸਰਕਾਰ ਦੀ ਕਰਜ਼ਾ ਨੀਤੀ ਵਿਰੁਧ ਵੀ ਲਿਖਿਆ ਹੈ ਤਾਂ ਫਿਰ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਵਿਰੁਧ ਮਾਮਲਾ ਦਰਜ ਕਿਉਂ ਨਹੀਂ ਕੀਤਾ। ਉਧਰ ਦੂਜੇ ਪਾਸੇ ਥਾਣਾ ਸਦਰ ਗਿੱਲ ਕਲਾ ਦੇ ਬਾਹਰ ਮ੍ਰਿਤਕ ਕਿਸਾਨ ਦੇ ਹੱਕ ਵਿਚ ਭਾਕਿਯੂ ਦੀਆਂ ਜਥੇਬੰਦੀਆਂ ਦੇ ਆਗੂ ਸੁਖਦੇਵ ਸਿੰਘ ਜਵੰਧਾ ਨੇ ਮੋਰਚਾ ਸੰਭਾਲਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਉਨ੍ਹਾਂ ਨੂੰ ਇਨਸਾਫ਼ ਕਦ ਦੇਵੇਗਾ ਜਦਕਿ ਅਜੇ ਤਕ ਤਾਂ ਖ਼ੁਦਕੁਸ਼ੀ ਨੋਟ ਨਹੀਂ ਦੇ ਰਿਹਾ।
ਭਾਕਿਯੂ ਨੇ ਇਹ ਵੀ ਕਿਹਾ ਕਿ ਕਿਸਾਨ ਦਾ ਸਸਕਾਰ ਉਸ ਸਮੇਂ ਤਕ ਨਹੀਂ ਕੀਤਾ ਜਾਵੇਗਾ ਜਦ ਤਕ ਮਾਮਲੇ ਦਾ ਸਥਾਈ ਹੱਲ ਨਹੀਂ ਹੋ ਜਾਂਦਾ ਕਿਉਂਕਿ ਮਾਮਲਾ ਇੱਕਲੇ ਟੇਕ ਸਿੰਘ ਕਿਸਾਨ ਦਾ ਨਹੀਂ ਬਲਕਿ ਸੈਂਕੜੇ ਕਿਸਾਨਾਂ ਦਾ ਹੈ। (ਬਾਕੀ ਸਫ਼ਾ 13 'ਤੇ)
ਜਿਨ੍ਹਾਂ ਦੇ ਖ਼ਾਲੀ ਚੈੱਕ ਆੜ੍ਹਤੀਆਂ ਦੀਆਂ ਤਿਜੋਰੀਆਂ ਅੰਦਰ ਬੰਦ ਪਏ ਹਨ ਜੋ ਕਿਸਾਨ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਦੇ ਹਨ। ਉਧਰ ਆੜ੍ਹਤੀਆਂ ਐਸੋਸੀਏਸ਼ਨ ਵੀ ਉਠੇ ਮਾਮਲੇ ਰਾਹੀਂ ਇਕ ਪਾਸਾ ਕਰਨ ਦੀ ਤਿਆਰੀ ਦੇ ਰੋਹ ਵਿਚ ਵਿਖਾਈ ਦੇ ਰਿਹਾ ਹੈ ਜਿਸ ਨੇ ਜਿਉਂਦ ਪਿੰਡ ਦੇ ਕਿਸੇ ਵੀ ਕਿਸਾਨ ਨਾਲ ਲੈਣ-ਦੇਣ ਨਾ ਕਰਨ ਨੂੰ ਲੈ ਕੇ ਮਤਾ ਪਾ ਦਿਤਾ ਹੈ। ਉਥੇ ਕਿਸੇ ਵੀ ਹੀਲੇ ਪਿੱਛੇ ਹੱਟਣ ਤੋਂ ਇਨਕਾਰ ਵੀ ਕਰ ਦਿਤਾ ਹੈ। ਮਾਮਲੇ ਵਿਚ ਵਪਾਰੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸਿੱਧੇ ਟਕਰਾਅ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਭਾਵੇਂ ਪ੍ਰਸ਼ਾਸਨ ਨੇ ਵੀ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਚੱਪੇ-ਚੱਪੇ ਉਪਰ ਪੁਲਿਸ ਲਗਾ ਕੇ ਏਰੀਏ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਹੈ।