ਮਾਮਲਾ ਪਿੰਡ ਜਿਉਂਦ ਦੇ ਕਿਸਾਨ ਦੀ ਖ਼ੁਦਕੁਸ਼ੀ ਦਾ ਚੌਥੇ ਦਿਨ ਵੀ ਜਾਰੀ ਰਿਹਾ ਦੋਹਾਂ ਧਿਰਾਂ ਦਾ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖ਼ੁਦਕੁਸ਼ੀ ਮਾਮਲੇ ਦੇ ਚੌਥੇ ਦਿਨ ਦੋਹਾਂ ਧਿਰਾਂ ਨੇ ਧਰਨਾ ਲਗਾ ਕੇ ਪ੍ਰਸ਼ਾਸਨ ਵਿਰੁਧ ਅਪਣਾ ਅਪਣਾ ਰੋਸ ਜ਼ਾਹਰ ਕੀਤਾ। ਇਕ ਪਾਸੇ ਜਿਥੇ ਆੜ੍ਹਤੀਆਂ ਵਲੋਂ ਥਾਣਾ ਸਿਟੀ ਅੱਗੇ ਧਰਨਾ

Protest

 

ਰਾਮਪੁਰਾ ਫੂਲ, 13 ਅਗੱਸਤ (ਕੁਲਜੀਤ ਸਿੰਘ ਢੀਂਗਰਾ) : ਖ਼ੁਦਕੁਸ਼ੀ ਮਾਮਲੇ ਦੇ ਚੌਥੇ ਦਿਨ ਦੋਹਾਂ ਧਿਰਾਂ ਨੇ ਧਰਨਾ ਲਗਾ ਕੇ ਪ੍ਰਸ਼ਾਸਨ ਵਿਰੁਧ ਅਪਣਾ ਅਪਣਾ ਰੋਸ ਜ਼ਾਹਰ ਕੀਤਾ। ਇਕ ਪਾਸੇ ਜਿਥੇ ਆੜ੍ਹਤੀਆਂ ਵਲੋਂ ਥਾਣਾ ਸਿਟੀ ਅੱਗੇ ਧਰਨਾ ਲਗਾ ਪੁਲਿਸ ਪ੍ਰਸ਼ਾਸਨ ਵਿਰੁਧ ਜੰਮ ਕੇ ਭੜਾਸ ਕੱਢੀ ਗਈ ਉਥੇ ਹੀ ਪਿੰਡ ਜਿਉਂਦ ਦੇ ਲੋਕਾਂ ਨੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਪਿੰਡ ਜੇਠੂਕੇ ਨੇੜੇ ਬਠਿੰਡਾ ਚੰਡੀਗੜ ਮੁੱਖ ਮਾਰਗ ਨੂੰ ਅਣਮਿਥੇ ਸਮੇਂ ਲਈ ਬੰਦ ਕਰ ਕੇ ਪੁਲਿਸ ਪ੍ਰਸ਼ਾਸਨ ਵਿਰੁਧ ਜ਼ੋਰਦਾਰ ਨਾਹਰੇਬਾਜ਼ੀ ਕੀਤੀ।  
ਥਾਣਾ ਸਿਟੀ ਰਾਮਪੁਰਾ ਅੱਗੇ ਲਗਾਏ ਧਰਨੇ ਦੌਰਾਨ ਬੋਲਦਿਆਂ ਪੰਜਾਬ ਪ੍ਰਧਾਨ ਵਿਜੈ ਕਾਂਲੜਾ ਨੇ ਕਿਹਾ ਕਿ ਇਹ ਲੜਾਈ ਹੁਣ ਆਰ ਪਾਰ ਦੀ ਲੜਾਈ ਬਣ ਗਈ ਹੈ । ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਬਿਨਾਂ ਜਾਂਚ ਆੜ੍ਹਤੀਏ ਤੇ ਦਰਜ ਪਰਚਾ ਰੱਦ ਕਰਨ ਲਈ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਤੇ ਸੋਮਵਾਰ ਨੂੰ ਨੈਸ਼ਨਲ ਹਾਈਵੇ 'ਤੇ ਕੁੱਝ ਸਮੇਂ ਲਈ ਜਾਮ ਵੀ ਲਗਾਇਆ ਜਾਵੇਗਾ। ਜੇਕਰ ਫਿਰ ਵੀ ਪੁਲਿਸ ਨੇ ਆੜ੍ਹਤੀਏ 'ਤੇ ਦਰਜ ਝੂਠਾ ਪਰਚਾ ਰੱਦ ਨਾ ਕੀਤਾ ਤਾਂ 15 ਅਗੱਸਤ ਨੂੰ ਪੰਜਾਬ ਭਰ ਦੇ ਆੜ੍ਹਤੀਆਂ ਨੂੰ ਨਾਲ ਲੈ ਕੇ ਰਾਮਪੁਰਾ ਫੂਲ ਵਿਖੇ ਵੱਡਾ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਰਾਮਪੁਰਾ ਹਲਕੇ ਦੇ ਕਾਂਗਰਸੀ ਲੀਡਰਾ ਸੰਜੀਵ ਢੀਗਰਾ, ਰਾਕੇਸ਼ ਕੁਮਾਰ ਕੇਸੀ ਬਾਹੀਆ, ਅਮਰਜੀਤ ਸਰਮਾਂ, ਇੰਦਰਜੀਤ ਢਿੱਲੋਂ, ਆੜਤੀਆ ਐਸੋਸੀਏਸਨ ਦੇ ਪ੍ਰਧਾਨ ਨਰੇਸ ਕੁਮਾਰ ਸਿਉਂਪਾਲ, ਰਾਕੇਸ਼ ਸ਼ਹਾਰਾ, ਮਹੇਸ਼ ਕੁਮਾਰ ਰਿੱਕਾ, ਜਗਦੇਵ ਸਿੰਘ ਸੂਚ ਆਦਿ ਭਾਰੀ ਗਿਣਤੀ ਵਿਚ ਆੜ੍ਹਤੀਏ ਸ਼ਾਮਲ ਸਨ। ਉਧਰ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਪਿੰਡ ਜਿਉਂਦ ਵਾਸੀਆਂ ਵਲੋਂ ਮ੍ਰਿਤਕ ਕਿਸਾਨ ਟੇਕ ਸਿੰਘ ਦੇ ਹੱਕ ਵਿਚ ਬਠਿੰਡਾ ਚੰਡੀਗੜ੍ਹ ਮੁੱਖ ਮਾਰਗ 'ਤੇ ਅਣਮਿਥੇ ਸਮੇ ਲਈ ਜਾਮ ਕਰ ਕੇ ਆੜ੍ਹਤੀਏ ਦੀ ਗ੍ਰਿਫ਼ਤਾਰੀ ਤਕ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ।