ਉਦਯੋਗਪਤੀਆਂ ਨੂੰ ਜ਼ਮੀਨਾਂ ਖ਼ਰੀਦਣ ਲਈ ਸਟੈਂਪ ਡਿਊਟੀ 'ਚ ਛੋਟ ਦਿਤੀ ਜਾਵੇਗੀ : ਚੰਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰ ਸੰਮੇਲਨ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਚਮਕੌਰ ਸਾਹਿਬ ਹਲਕੇ ਅੰਦਰ ਉਦਯੋਗਿਕ ਇਕਾਈਆਂ ਲਗਾਉਣ ਵਾਲੇ ਉਦਯੋਗਪਤੀਆਂ ਨੂੰ

Channi


ਚਮਕੌਰ ਸਾਹਿਬ, 13 ਅਗੱਸਤ (ਲੱਖਾ): ਕੈਬਨਿਟ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰ ਸੰਮੇਲਨ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਚਮਕੌਰ ਸਾਹਿਬ ਹਲਕੇ ਅੰਦਰ ਉਦਯੋਗਿਕ ਇਕਾਈਆਂ ਲਗਾਉਣ ਵਾਲੇ ਉਦਯੋਗਪਤੀਆਂ ਨੂੰ ਜ਼ਮੀਨਾਂ ਖ਼੍ਰੀਦਣ ਸਬੰਧੀ ਸਟੈਂਪ ਡਿਊਟੀ ਵਿਚ ਛੋਟ ਦਿਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਇਕ ਪਛੜਿਆਂ ਇਲਾਕਾ ਹੈ ਜਿਥੇ ਅੱਜ ਸੱਭ ਤੋਂ ਵੱਧ ਲੋੜ ਰੁਜ਼ਗਾਰ ਦੀ ਮਹਿਸੂਸ ਕੀਤੀ ਜਾ ਰਹੀ ਹੈ ਜਿਸ ਨੂੰ ਵੇਖਦਿਆਂ ਉਕਤ ਰਿਆਇਤ ਦੇ ਕੇ ਇਲਾਕੇ ਅੰਦਰ ਉਦਯੋਗਪਤੀਆਂ ਨੂੰ ਇਥੇ ਉਦਯੋਗ ਸਥਾਪਤ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਪਿੰਡ ਧੋਲਰਾਂ–ਕੀੜ੍ਹੀ ਅਫ਼ਗਾਨਾ ਨੇੜੇ ਦੇਸ਼ ਦੀ ਇਕ ਨਾਮੀ ਕੰਪਨੀ ਵਲੋਂ 11 ਸੋ ਕਰੋੜ ਰੁਪਏ ਦੀ ਲਾਗਤ ਨਾਲ ਪੇਪਰ ਮਿਲ ਲਗਾਈ ਜਾ ਰਹੀ ਹੈ ਜਿਸ ਵਿਚ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਨੇਕਾਂ ਬਹੁਰਾਸ਼ਟਰੀ ਕੰਪਨੀਆਂ ਨਾਲ ਪੰਜਾਬ ਵਿਚ ਉਦਯੋਗ ਲਗਾਉਣ ਲਈ ਗੱਲ ਚਲ ਰਹੀ ਹੈ।
ਚੰਨੀ ਨੇ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਬਣਨ ਵਾਲੀ ਹੁਨਰ ਵਿਕਾਸ ਯੂਨੀਵਰਸਟੀ ਸਰਕਾਰੀ ਹੋਵੇਗੀ ਜਿਸ 'ਤੇ ਸੂਬਾ ਸਰਕਾਰ ਹੀ ਫ਼ੰਡ ਲਗਾਏਗੀ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਕੁੱਝ ਲੋਕ ਜੋ ਵਿਕਾਸ ਵਿਚ ਰੋੜਾ ਅਟਕਾਉਣਾ ਚਾਹੁੰਦੇ ਹਨ ਉਹ ਤਰ੍ਹਾਂ ਤਰ੍ਹਾਂ ਦੀ ਅਫ਼ਵਾਹਾਂ ਫੈਲਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ, ਜਿਨ੍ਹਾਂ ਤੋਂ ਸੁਚੇਤ ਕਰਦਿਆਂ ਚੰਨੀ ਨੇ ਕਿਹਾ ਕਿ  ਉਨ੍ਹਾਂ ਦਾ ਮੁੱਖ ਏਜੰਡਾ ਹਲਕੇ ਦਾ ਵਿਕਾਸ, ਭ੍ਰਿਸ਼ਟਾਚਾਰ ਤੇ ਨਸ਼ਿਆਂ ਦਾ ਖ਼ਾਤਮਾ ਹੈ। ਚੰਨੀ ਨੇ ਦਸਿਆ ਕਿ 21 ਤੋਂ 30  ਅਗਸਤ  ਤਕ ਘਰ ਘਰ ਨੌਕਰੀ ਦਾ ਸੁਨੇਹਾ ਪਹੁੰਚਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਨਗਰ ਪੰਚਾਇਤ ਦੇ ਪ੍ਰਧਾਨ ਸਮਸ਼ੇਰ ਸਿੰਘ ਭੰਗੂ, ਬਲਾਕ ਕਾਂਗਰਸ ਦੇ ਪ੍ਰਧਾਨ ਕਰਨੈਲ ਸਿੰਘ ਬਜੀਦਪੁਰ, ਗੁਰਪ੍ਰੀਤ ਸਿੰਘ ਮਹਿਤੋਤ, ਜਸਵੀਰ ਸਿੰਘ ਜਟਾਣਾ, ਸਮਸ਼ੇਰ ਸਿੰਘ ਮੰਗੀ, ਤਰਲੋਚਨ ਸਿੰਘ ਭੰਗੂ, ਨਿਰਵੈਰ ਸਿੰਘ ਬਿੱਲਾ ਆਦਿ ਵੀ ਹਾਜ਼ਰ ਸਨ।