ਖੁਰਾਕ ਅਤੇ ਵੰਡ ਵਿਭਾਗ ਦੇ 644 ਮੁਲਾਜ਼ਮਾਂ ਦੀ ਪੈਨਸ਼ਨ ਬਹਾਲ, 79 ਕਰਮਚਾਰੀ ਪੱਕੇ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਂਝਾ ਮੁਲਾਜ਼ਮਾਂ ਮੰਚ ਪੰਜਾਬ ਅਤੇ ਯੂ.ਟੀ., ਖੁਰਾਕ ਅਤੇ ਵੰਡ ਵਿਭਾਗ ਦੀ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸਾਂਝੇ ਉਪਰਾਲੇ ਸਦਕਾ ਮਿਲੀ ਕਾਮਯਾਬੀ

Pic-4

ਚੰਡੀਗੜ੍ਹ : ਸਾਂਝਾ ਮੁਲਾਜ਼ਮਾਂ ਮੰਚ ਪੰਜਾਬ ਅਤੇ ਯੂ.ਟੀ., ਖੁਰਾਕ ਅਤੇ ਵੰਡ ਵਿਭਾਗ ਦੀ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸਾਂਝੇ ਉਪਰਾਲੇ ਸਦਕਾ ਫੂਡ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਦਖ਼ਲਅੰਦਾਜ਼ੀ ਉਪਰੰਤ 644 ਆਰਜੀ ਪੀ.ਆਰ. ਚੌਂਕੀਦਾਰਾਂ ਦੀਆਂ ਪਿਛਲੇ 30-35 ਸਾਲਾਂ ਤੋਂ ਬੰਦ ਪੈਨਸ਼ਨ ਬਹਾਲ ਕੀਤੀ ਅਤੇ 79 ਕਰਮਚਾਰੀ ਪੱਕੇ ਕੀਤੇ। ਇਹ ਕਰਮਚਾਰੀ ਲਗਭਗ ਪਿਛਲੇ ਤਿੰਨ ਦਹਾਕਿਆਂ ਤੋਂ ਆਰਜੀ ਅਤੇ ਐਡਹਾਕ ਸਨ। ਖੁਰਾਕ ਤੇ ਸਪਲਾਈ ਮੰਤਰੀ  ਭਾਰਤ ਭੂਸ਼ਣ ਆਸ਼ੂ ਨੇ ਇਹ ਵੀ ਭਰੋਸਾ ਦਿੱਤਾ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਨਿਯੂਕਤੀਆਂ ਵੀ ਉਨ੍ਹਾਂ ਦੇ ਘਰੇਲੂ ਜ਼ਿਲ੍ਹਿਆਂ 'ਚ ਵਿੱਤ ਵਿਭਾਗ ਦੀ ਪ੍ਰਵਾਨਗੀ ਹਾਸਲ ਕਰਨ ਉਪਰੰਤ ਕਰ ਦਿੱਤੀ ਜਾਵੇਗੀ।

ਇਸ ਮੌਕੇ ਯੂਨੀਅਨ ਦੇ ਆਗੂ ਕੁਲਜੀਤ ਸਿੰਘ ਬੰਬੀਹਾ, ਭੁਪਿੰਦਰ ਸਿੰਘ ਜੱਸੀ, ਸ਼ੇਰ ਸਿੰਘ ਹਰੀਗੜ੍ਹ, ਭਜਨ ਸਿੰਘ ਸੰਗਰੂਰ, ਕੁਲਦੀਪ ਸਿੰਘ ਕੌਲ, ਬ੍ਰਿਸ਼ੂਭਾਨ, ਰਾਮ ਜੀ ਦਾਸ, ਧੰਨਾ ਸਿੰਘ, ਕਰਨੈਲ ਦਾਸ ਨੇ ਆਪਣੀਆਂ ਮੰਗਾਂ ਦਾ ਸਿਹਰਾ ਫੂਡ ਸਪਲਾਈ ਵਿਭਾਗ ਦੀ ਯੂਨੀਅਨ ਅਤੇ ਖ਼ਾਸ ਤੌਰ 'ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਨੂੰ ਦਿੱਤਾ। 

ਅੱਜ ਖ਼ੁਰਾਕ ਅਤੇ ਸਪਲਾਈ ਵਿਭਾਗ ਵਿਖੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਸਾਂਝਾ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਪਿਛਲੇ ਸੰਘਰਸ਼ ਦੌਰਾਨ ਹੋਈਆਂ ਪ੍ਰਾਪਤੀਆਂ ਬਾਬਤ ਤਕਨੀਕੀ ਜਾਣਕਾਰੀ ਦਿੱਤੀ ਅਤੇ ਭਵਿੱਖ 'ਚ ਬਾਕੀ ਰਹਿੰਦੀਆਂ ਮੰਗਾਂ ਦੇ ਪ੍ਰਤੀ ਲੋੜ ਪੈਣ ਤੇ ਅਗਲੇ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ।  ਇਸ ਦੇ ਨਾਲ ਸ. ਖਹਿਰਾ ਨੇ ਮੁਲਾਜ਼ਮਾਂ ਨੂੰ ਸਮਾਜ ਸੁਧਾਰ ਦੇ ਕੰਮਾਂ ਲਈ ਅੱਗੇ ਆਉਣ ਲਈ ਵੀ ਪ੍ਰੇਰਿਤ ਕੀਤਾ, ਜਿਸ ਦੀ ਸ਼ੁਰੂਆਤ ਉਨ੍ਹਾਂ ਸਾਂਝੇ ਮੁਲਾਜ਼ਮ ਮੰਚ ਪੰਜਾਬ ਅਤੇ ਯੂ.ਟੀ. ਦੇ ਬੈਨਰ ਹੇਠ ਕਰਦਿਆਂ ਪੁਲਵਾਮਾਂ ਵਿਖੇ ਪੰਜਾਬ  ਰਾਜ ਦੇ ਚਾਰ ਸ਼ਹੀਦ ਜਵਾਨਾ ਦੇ ਪ੍ਰਤੀ ਆਪਣੇ ਫਰਜ਼ ਅਤੇ ਸਤਿਕਾਰ ਵਜੋਂ ਚੰਡੀਗੜ੍ਹ ਅਤੇ ਮੁਹਾਲੀ ਵਿਖੇ ਸਥਿਤ ਡਾਇਰੈਕਟਰੇਟਾਂ/ਮੁੱਖ ਦਫਤਰਾਂ ਤੋਂ ਫੰਡ ਇਕੱਠੇ ਕਰ ਕੇ ਕੀਤੀ।

ਇਸ ਮੌਕੇ ਸਾਂਝੇ ਮੁਲਾਜ਼ਮ ਮੰਚ ਦੇ ਕਨਵੀਨਰ ਗੁਰਮੇਲ ਸਿੰਘ ਸਿੱਧੂ ਤੋਂ ਇਲਾਵਾ ਮੰਚ ਦੇ ਚੰਡੀਗੜ੍ਹ ਅਤੇ ਸਟੇਟ ਯੂਨਿਟ ਦੇ ਮੈਂਬਰ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗਰਚਾ, ਗੁਨਾਮ ਸਿੰਘ ਸਿੱਘੂ, ਜਗਦੇਵ ਕੌਲ, ਪਵਨ ਕੁਮਾਰ ਕੰਵਲਜੀਤ ਕੌਰ, ਮਨਦੀਪ ਸਿੰਘ ਸਿੱਘੂ, ਜਗਜੀਤ ਕੌਰ, ਵਿਜੇ ਕੁਮਾਰੀ ਅਤੇ ਵਿਜੇ ਹਾਜ਼ਰ ਸਨ।