ਮੇਰਾ ਤਜਰਬਾ ਮੇਰੀ ਸੱਭ ਤੋਂ ਵੱਡੀ ਤਾਕਤ : ਕੈਪਟਨ ਅਮਰਿੰਦਰ ਸਿੰਘ 

ਏਜੰਸੀ

ਖ਼ਬਰਾਂ, ਪੰਜਾਬ

ਮੇਰਾ ਤਜਰਬਾ ਮੇਰੀ ਸੱਭ ਤੋਂ ਵੱਡੀ ਤਾਕਤ : ਕੈਪਟਨ ਅਮਰਿੰਦਰ ਸਿੰਘ 

IMAGE


ਕਿਹਾ, ਕੇਜਰੀਵਾਲ ਦੀ ਪਾਰਟੀ ਪੰਜਾਬ ਵਿਚ ਕਾਂਗਰਸ ਲਈ ਕੋਈ ਖ਼ਤਰਾ ਨਹੀਂ

ਚੰਡੀਗੜ੍ਹ, 24 ਮਾਰਚ (ਭੁੱਲਰ): ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਹੋਰ ਪ੍ਰਮੁੱਖ ਸਿਆਸੀ ਪਾਰਟੀ ਤੋਂ ਕਿਸੇ ਕਿਸਮ ਦੇ ਖ਼ਤਰੇ ਨੂੰ  ਮੂਲੋਂ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਧਵਾਰ ਨੂੰ  ਕਿਹਾ ਕਿ ਉਹ ਇਹ ਵਿਸ਼ਵਾਸ ਰਖਦੇ ਹਨ ਕਿ ਉਨ੍ਹਾਂ ਦਾ ਸੂਬੇ ਨੂੰ  ਚਲਾਉਣ ਅਤੇ ਫ਼ੌਜ ਵਿਚ ਰਹਿਣ ਦਾ ਤਜਰਬਾ ਉਨ੍ਹਾਂ ਨੂੰ  2022 ਤੋਂ ਅੱਗੇ ਸੂਬੇ ਦੀਆਂ ਚੁਨੌਤੀਆਂ ਦਾ ਮੁਕਾਬਲਾ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ | ਇਕ ਮੀਡੀਆ ਸਮਾਗਮ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਸੀ-ਵੋਟਰ ਸਰਵੇਖਣ ਜਿਸ ਨੇ 2022 ਵਿਧਾਨ ਸਭਾ ਚੋਣਾਂ ਵਿਚ ਆਮ ਆਦਮ ਪਾਰਟੀ ਨੂੰ  ਅੱਗੇ ਹੋਣ ਦੀ ਗੱਲ ਕਹੀ ਸੀ, ਨੂੰ  ਰੱਦ ਕਰਦਿਆਂ ਕਿਹਾ ਕਿ ਇਹ ਕੇਜਰੀਵਾਲ ਦੀ ਭਾੜੇ ਦੀ ਸ਼ੋਸ਼ੇਬਾਜ਼ੀ ਹੈ | ਉਨ੍ਹਾਂ ਕਿਹਾ ਕਿ ਆਪ ਆਗੂ ਕੋਲ ਮੀਡੀਆ ਦਾ ਬਹੁਤ ਵੱਡਾ ਬਜਟ ਹੈ ਜਿਸ ਦੀ ਵਰਤੋਂ ਉਹ ਅਜਿਹੇ ਸਰਵੇਖਣ ਖ਼ਰੀਦ ਕਰਨ ਲਈ ਕਰ ਸਕਦਾ ਹੈ | 
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਪੰਜਾਬ ਵਿਚ ਕਾਂਗਰਸ ਲਈ ਕੋਈ ਖ਼ਤਰਾ ਨਹੀਂ | ਉਨ੍ਹਾਂ ਕਿਹਾ, ''ਇਸੇ ਕੰਪਨੀ ਨੇ 2016/17 ਵਿਚ ਆਪ ਨੂੰ  100 ਸੀਟਾਂ ਆਉਣ ਦੀ ਭਵਿੱਖਬਾਣੀ ਕੀਤੀ ਸੀ ਅਤੇ ਹਰ ਕੋਈ ਜਾਣਦਾ ਹੈ ਕਿ ਆਖ਼ਰਕਾਰ ਉਨ੍ਹਾਂ ਨੂੰ  ਕਿੰਨੀਆਂ ਸੀਟਾਂ ਹਾਸਲ ਹੋਈਆਂ |'' ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਪਾਰਟੀ ਦਾ ਹਾਲ 2022 ਵਿਚ ਵੀ ਇਹੋ ਹੋਵੇਗਾ | ਇਸ ਗੱਲ ਵਲ ਇਸ਼ਾਰਾ ਕਰਦਿਆਂ ਕਿ ਦਿੱਲੀ ਦੇ ਮੁੱਖ ਮੰਤਰੀ ਅਪਣੇ ਪਿਛਲੇ ਕਾਰਜਕਾਲ ਦੌਰਾਨ ਅਪਣੇ ਵਾਅਦਿਆਂ ਵਿਚੋਂ ਸਿਰਫ਼ 30 ਫ਼ੀ ਸਦੀ ਹੀ ਪੂਰੇ ਕਰਨ ਵਿਚ ਅਸਫ਼ਲ ਰਹੇ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਜਰੀਵਾਲ ਨੂੰ  ਪੰਜਾਬ ਵਿਚ ਬੇਹੁਦਾ ਗੱਲਾਂ ਕਰਨ ਦੀ ਬਜਾਏ ਅਪਣੇ ਸੂਬੇ ਵਲ ਧਿਆਨ ਦੇਣਾ ਚਾਹੀਦਾ ਹੈ | 
ਮੁੱਖ ਮੰਤਰੀ ਨੇ ਕਿਹਾ, ''ਉਹ ਪੰਜਾਬ ਵਿਚ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਹਨ ਜਦੋਂ ਕਿ ਉਸ ਦਾ ਦਿੱਲੀ ਵਿੱਚ ਆਪਣਾ ਰਿਕਾਰਡ ਬਹੁਤ ਤਰਸਯੋਗ ਹੈ |'' ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਵਿਚ ਪਾਟੋ-ਧਾੜ ਹੈ ਅਤੇ ਕੋਈ ਵੀ ਉਨ੍ਹਾਂ ਨੂੰ  ਇਕੱਠਿਆ ਨਹੀਂ ਰੱਖ ਸਕਦਾ | ਵੱਡੇ ਬਾਦਲ ਅਪਣੀ ਉਮਰ ਕਾਰਨ ਹੁਣ ਪਾਰਟੀ ਦੀ ਅਗਵਾਈ ਕਰਨ ਦੀ ਸਥਿਤੀ ਵਿਚ ਨਹੀਂ ਹਨ | ਭਾਜਪਾ ਦੀ ਪੰਜਾਬ ਵਿਚ ਸੰਭਾਵਨਾ ਬਾਰੇ ਉਨ੍ਹਾਂ ਕਿਹਾ, ''ਕਿਹੜੀ ਭਾਜਪਾ?'' 
ਪਾਰਟੀ ਦਾ ਸੂਬੇ ਵਿਚ ਕੋਈ ਵਜੂਦ ਨਹੀਂ ਰਿਹਾ ਜਿਥੇ ਲੋਕ ਉਨ੍ਹਾਂ ਤੋਂ ਨਾਰਾਜ਼ ਹਨ | ਉਨ੍ਹਾਂ ਕਿਹਾ ਕਿ ਭਾਜਪਾ ਬੁਖਲਾਹਟ ਵਿਚ ਆ ਕੇ ਸ਼ੋ੍ਰਮਣੀ ਅਕਾਲੀ ਦਲ ਨਾਲ ਵੀ ਵਾਪਸ ਭਾਈਵਾਲੀ ਸਥਾਪਤ ਕਰ ਸਕਦੀ ਹੈ |