ਕੈਪਟਨ ਨੇ ਕਿਸਾਨਾਂ ਦੇ ਅੰਦੋਲਨ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਨੂੰ ਵੀ ਅੜੀ ਛੱਡ ਕੇ ਖੇਤੀ ਕਾਨੂੰਨ ਵਾਪਸ ਲੈਣ ਦੀ ਦਿੱਤੀ ਨਸੀਅਤ

CM Punjab

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਅੰਦੋਲਨ ਤੇ ਕੇਂਦਰੀ ਖੇਤੀ ਕਾਨੂੰਨਾਂ ਬਾਰੇ ਅੱਜ ਇਕ ਵਾਰ ਫਿਰ ਅਪਣਾ ਰੁਖ਼ ਸਪੱਸ਼ਟ ਕਰਦਿਆਂ ਕਿਸਾਨਾਂ ਦੇ ਅੰਦੋਲਨ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਇਆ ਹੈ। ਉਨ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸੀਹਤ ਦਿੰਦਿਆਂ ਅੜੀ ਛੱਡ ਕੇ ਖੇਤੀ ਕਾਨੂੰਨ ਵਾਪਸ ਲੈਣ ’ਤੇ ਜ਼ੋਰ ਦਿਤਾ ਹੈ। 

 

ਇਕ ਟੀ.ਵੀ. ਪ੍ਰੋਗਰਾਮ ਵਿਚ ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੂੰ ਕੇਂਦਰ ਵਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਅੰਦੋਲਨ ਤੋਂ ਰੋਕੋ ਪਰ ਮੈਂ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਕੇਂਦਰ ਲੋਕਾਂ ਦੀ ਆਵਾਜ਼ ਸੁਣਨ ਨੂੰ ਹੀ ਤਿਆਰ ਨਹੀਂ ਤੇ ਦੇਸ਼ ਦੀ ਰਾਜਧਾਨੀ ਵਿਚ ਅਪਣੀਆਂ ਮੰਗਾਂ ਲਈ ਆਵਾਜ਼ ਉਠਾਉਣਾ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜੇ ਦੇਸ਼ ਦੇ ਸੰਵਿਧਾਨ ਵਿਚ 110 ਤੋਂ ਵੱਧ ਸੋਧਾਂ ਹੋ ਸਕਦੀਆਂ ਹਨ ਤਾਂ ਸੰਸਦ ਵਿਚ ਪਾਸ ਕਾਨੂੰਨ ਰੱਦ ਕਰਨ ਵਿਚ ਕੀ ਦਿੱਕਤ ਹੈ? ਸਰਕਾਰ ਨੂੰ ਚਾਹੀਦਾ ਹੈ ਕਿ ਲੋਕਤੰਤਰੀ ਕੀਮਤਾਂ ਦੀ ਕਦਰ ਕਰ ਕੇ ਕਿਸਾਨਾਂ ਨਾਲ ਬੈਠ ਕੇ ਉਨ੍ਹਾਂ ਦੀ ਸਲਾਹ ਨਾਲ ਨਵੇਂ ਕਾਨੂੰਨ ਬਣਾਏ।

ਪ੍ਰਧਾਨ ਮੰਤਰੀ ਦਾ ਨਾਂ ਲਏ ਬਿਨਾਂ ਕੈਪਟਨ ਨੇ ਤਿੱਖੀ ਸੁਰ ਵਿਚ ਕਿਹਾ ਕਿ ਇਹ ਚੀਨ ਨਹੀਂ ਜਿਥੇ ਮਾਉ ਜੇ ਤੁੰਗ ਵਰਗੇ ਤਾਨਾਸ਼ਾਹੀ ਹੁਕਮ ਚਲਣਗੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ 75 ਫ਼ੀ ਸਦੀ ਕਿਸਾਨ 5 ਏਕੜ ਤੋਂ ਘੱਟ ਜ਼ਮੀਨ ਵਾਲੇ ਹਨ ਜਿਸ ਕਰ ਕੇ ਉਹ ਵੱਡੇ  ਕਾਰਪੋਰੇਟਾਂ ਨਾਲ ਕਿਵੇਂ ਕੰਮ ਕਰ ਸਕਦੇ ਹਨ?

ਕੈਪਟਨ ਨੇ ਇਕ ਸਵਾਲ ਦੇ ਜਵਾਬ ਵਿਚ ਸਪੱਸ਼ਟ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਗ਼ੈਰ ਸਿਆਸੀ ਹੈ, ਜਿਸ ਵਿਚ ਸਭਾ ਪਾਰਟੀਆਂ, ਕਾਂਗਰਸ, ਅਕਾਲੀ ਦਲ, ‘ਆਪ’ ਤੇ ਕਮਿਊਨਿਸਟ ਪਾਰਟੀ ਦੇ ਲੋਕ ਸ਼ਾਮਲ ਹਨ। ਕਿਸਾਨ ਮੋਰਚੇ ਵਿਚ ਸਿਆਸੀ ਆਗੂਆਂ ਦੇ ਜਾਣ ’ਤੇ ਇਸੇ ਲਈ ਰੋਕ ਹੈ ਕਿ ਇਹ ਨਿਰੋਲ ਕਿਸਾਨੀ ਅੰਦੋਲਨ ਹੈ। ਇਸੇ ਲਈ ਮੈਂ ਦਿੱਲੀ ਦੀਆਂ ਹੱਦਾਂ ’ਤੇ ਨਹੀਂ ਜਾਂਦਾ ਤੇ ਨਾ ਹੀ ਕਿਸਾਨਾਂ ਨੂੰ ਕੋਈ ਸਲਾਹ ਦੇ ਸਕਦਾ ਹਾਂ ਪਰ ਜੇ ਕਿਸਾਨ ਮੈਨੂੰ ਬੁਲਾਉਣਗੇ ਜਾਂ ਸਲਾਹ ਮੰਗਣਗੇ ਤਾਂ ਮੈਂ ਉਨ੍ਹਾਂ ਕੋਲ ਜਾਣ ਲਈ ਤਿਆਰ ਹਾਂ।