ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫ਼ੈਸਲਾ, ਹੁਣ ਵਿਧਾਇਕਾਂ ਨੂੰ ਮਿਲੇਗੀ ਸਿਰਫ਼ ਇਕ ਵਾਰ ਦੀ ਪੈਨਸ਼ਨ
ਪੰਜਾਬ ਵਿਚ ਹੁਣ ਇਕ ਵਿਧਾਇਕ ਨੂੰ ਇਕ ਵਾਰ ਦੀ ਹੀ ਪੈਨਸ਼ਨ ਮਿਲੇਗੀ, ਚਾਹੇ ਉਹ ਕਿੰਨੀ ਮਰਜ਼ੀ ਵਾਰ ਚੋਣ ਜਿੱਤੇ ਹੋਣ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵਿਧਾਇਕਾਂ ਦੀ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਦਰਅਸਲ ਪੰਜਾਬ ਵਿਚ ਹੁਣ ਇਕ ਵਿਧਾਇਕ ਨੂੰ ਇਕ ਵਾਰ ਦੀ ਹੀ ਪੈਨਸ਼ਨ ਮਿਲੇਗੀ, ਚਾਹੇ ਉਹ ਕਿੰਨੀ ਮਰਜ਼ੀ ਵਾਰ ਚੋਣ ਜਿੱਤੇ ਹੋਣ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
CM Bhagwant Mann
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਵਿਧਾਇਕ ਸੇਵਾ ਦੇ ਨਾਂ 'ਤੇ ਰਾਜਨੀਤੀ ਕਰਦੇ ਹਨ ਤਾਂ ਲੱਖਾਂ ਦੀ ਪੈਨਸ਼ਨ ਦੇਣਾ ਜਾਇਜ਼ ਨਹੀਂ ਹੈ। ਉਹਨਾਂ ਕਿਹਾ ਕਿ ਵਿਧਾਇਕਾਂ ਨੂੰ ਹੀ ਨਹੀਂ ਸਗੋਂ ਉਹਨਾਂ ਦੇ ਪਰਿਵਾਰਾਂ ਨੂੰ ਮਿਲ ਰਹੀ ਪੈਨਸ਼ਨ ਵਿਚ ਵੀ ਕਟੌਤੀ ਕੀਤੀ ਜਾਵੇਗੀ।
Pension
ਭਗਵੰਤ ਮਾਨ ਨੇ ਕਿਹਾ ਕਿ ਸਾਡੇ ਵਿਧਾਇਕ ਲੋਕਾਂ ਤੋਂ ਹੱਥ ਜੋੜ ਕੇ ਵੋਟਾਂ ਮੰਗਦੇ ਹਨ। ਹੈਰਾਨੀ ਦੀ ਗੱਲ ਹੈ ਕਿ ਹਾਰਨ ਤੋਂ ਬਾਅਦ ਵੀ ਕਈ ਵਿਧਾਇਕਾਂ ਨੂੰ ਸਾਢੇ 3 ਲੱਖ ਤੋਂ ਸਵਾ 5 ਲੱਖ ਤੱਕ ਪੈਨਸ਼ਨ ਮਿਲਦੀ ਹੈ। ਇਸ ਨਾਲ ਪੰਜਾਬ ਦੇ ਖਜ਼ਾਨੇ 'ਤੇ ਕਰੋੜਾਂ ਰੁਪਏ ਦਾ ਬੋਝ ਪੈਂਦਾ ਹੈ। ਉਹਨਾਂ ਕਿਹਾ ਕਿ ਕਈ ਅਜਿਹੇ ਆਗੂ ਵੀ ਹਨ ਜੋ ਸੰਸਦ ਮੈਂਬਰ ਅਤੇ ਵਿਧਾਇਕ ਦੋਵਾਂ ਦੀ ਪੈਨਸ਼ਨ ਲੈ ਰਹੇ ਹਨ।
Bhagwant Mann
ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਫਾਰਮੂਲਾ ਲਾਗੂ ਹੋਣ ਤੋਂ ਬਾਅਦ ਹੁਣ ਭਾਵੇਂ ਵਿਧਾਇਕ 2 ਵਾਰ ਜਿੱਤੇ ਜਾਂ 7 ਵਾਰ, ਉਹਨਾਂ ਨੂੰ ਸਿਰਫ਼ ਇਕ ਵਾਰ ਦੀ ਹੀ ਪੈਨਸ਼ਨ ਮਿਲੇਗੀ। ਇਸ ਦੇ ਨਾਲ ਹੀ ਪੈਨਸ਼ਨ ਤੋਂ ਬਚਣ ਵਾਲੇ ਕਰੋੜਾਂ ਰੁਪਏ ਲੋਕਾਂ ਦੀ ਭਲਾਈ 'ਤੇ ਖਰਚ ਕੀਤੇ ਜਾਣਗੇ। ਕਈ ਵਿਧਾਇਕਾਂ ਦੀ ਪਰਿਵਾਰਕ ਪੈਨਸ਼ਨ ਵੀ ਬਹੁਤ ਜ਼ਿਆਦਾ ਹੈ, ਉਸ ਵਿਚ ਵੀ ਕਟੌਤੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਅਫ਼ਸਰਾਂ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।