ਪੰਜਾਬ ’ਚ ਮੀਂਹ ਅਤੇ ਤੂਫ਼ਾਨ ਦਾ ਕਹਿਰ: ਫ਼ਸਲਾਂ ਦਾ ਭਾਰੀ ਨੁਕਸਾਨ, 5 ਡਿਗਰੀ ਡਿੱਗਿਆ ਪਾਰਾ
ਸ਼ੁੱਕਰਵਾਰ ਨੂੰ ਫਾਜ਼ਿਲਕਾ 'ਚ ਆਏ ਤੂਫਾਨ ਨੇ ਭਾਰੀ ਤਬਾਹੀ ਮਚਾਈ।
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਸਮੇਤ ਕਈ ਥਾਵਾਂ 'ਤੇ ਬੀਤੇ ਦਿਨ ਮੀਂਹ ਅਤੇ ਗੜੇਮਾਰੀ ਹੋਈ। ਪੰਜਾਬ ਦੇ 22 ਜ਼ਿਲ੍ਹਿਆਂ 'ਚ ਸਵੇਰ ਤੋਂ ਸ਼ਾਮ ਤੱਕ ਹੋਈ ਬਾਰਿਸ਼, ਕਈ ਥਾਵਾਂ 'ਤੇ ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ। ਜਦਕਿ ਪੰਜਾਬ ਵਿਚ ਮੀਂਹ ਕਾਰਨ ਤਾਪਮਾਨ ਵਿਚ 5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਹਰਿਆਣਾ ਦੇ ਜ਼ਿਆਦਾਤਰ ਜ਼ਿਲਿਆਂ 'ਚ ਵੀ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ। ਸਿਰਸਾ, ਫਤਿਹਾਬਾਦ 'ਚ ਕੁਝ ਥਾਵਾਂ 'ਤੇ ਭਾਰੀ ਗੜੇਮਾਰੀ ਵੀ ਹੋਈ।
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜਿਸ ਫ਼ਸਲ ’ਤੇ ਗੜੇ ਪਏ ਹਨ, ਉਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਇੱਥੋਂ ਤੱਕ ਕਿ ਪਾਣੀ ਵਿਚ ਫਸਲ ਦੇ ਡੁੱਬਣ ਕਾਰਨ ਦਾਣਾ ਖ਼ਰਾਬ ਹੋ ਸਕਦਾ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਲਗਾਤਾਰ ਮੀਂਹ, ਤੂਫਾਨ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਵਿਸ਼ੇਸ਼ ਮੁਹਿੰਮ ਚਲਾਉਣ ਦੇ ਹੁਕਮ ਦਿੱਤੇ ਹਨ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 26 ਮਾਰਚ ਤੋਂ ਮੌਸਮ ਖੁਸ਼ਕ ਹੋ ਜਾਵੇਗਾ।
ਸ਼ੁੱਕਰਵਾਰ ਨੂੰ ਫਾਜ਼ਿਲਕਾ 'ਚ ਆਏ ਤੂਫਾਨ ਨੇ ਭਾਰੀ ਤਬਾਹੀ ਮਚਾਈ। ਇਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਫਾਜ਼ਿਲਕਾ ਦੇ ਬਕਾਇਨਵਾਲਾ ਅਤੇ ਅਬੋਹਰ ਦੇ ਹਰੀਪੁਰਾ ਵਿਚ ਵੇਖਣ ਨੂੰ ਮਿਲਿਆ ਹੈ। ਦੋਨਾਂ ਪਿੰਡਾਂ ਦੇ ਕਰੀਬ ਡੇਢ ਦਰਜਨ ਦੇ ਕਰੀਬ ਲੋਕ ਗੰਭੀਰ ਤੌਰ ’ਤੇ ਫੱਟੜ ਹੋਏ ਹਨ ਜਿਨ੍ਹਾਂ ਦਾ ਫਾਜ਼ਿਲਕਾ ਅਤੇ ਅਬੋਹਰ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਚੱਕਰਵਾਤੀ ਤੂਫ਼ਾਨ ਕਾਰਨ ਕਰੀਬ 50 ਘਰ ਨੁਕਸਾਨੇ ਗਏ। ਤੂਫ਼ਾਨ ਨਾਲ ਕਈ ਕਿਸਾਨਾਂ ਦੇ ਅਮਰੂਦ ਅਤੇ ਕਿੰਨੂਆਂ ਦੇ ਬਾਗ ਉਜੜ ਗਏ ਉੱਥੇ ਹੀ ਕਣਕ ਦੀ ਫ਼ਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ।
ਫਾਜ਼ਿਲਕਾ ਦੇ ਡੀਐਸਪੀ ਸੁਬੇਗ ਸਿੰਘ ਅਤੇ ਤਹਿਸੀਲਦਾਰ ਨੇ ਹਾਲਾਤ ਦਾ ਜਾਇਜ਼ਾ ਲਿਆ। ਡਿਪਟੀ ਕਮਿਸਨਰ ਡਾ.ਸੇਨੂੰ ਦੁੱਗਲ ਨੇ ਦਸਿਆ ਕਿ ਫਿਲਹਾਲ ਤੂਫ਼ਾਨ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀ ਹੈ ਅਤੇ ਉਹ ਵਿਧਾਇਕ ਦੇ ਨਾਲ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਣ ਲਈ ਜਾ ਰਹੇ ਹਨ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਪੰਜਾਬ ਵਿਚ ਜਿੱਥੇ ਵੀ ਬੇਮੌਸਮੀ ਬਰਸਾਤ ਤੇ ਗੜੇਮਾਰੀ ਨਾਲ ਫ਼ਸਲਾਂ, ਬਾਗਾਂ ਅਤੇ ਘਰਾਂ ਦਾ ਨੁਕਸਾਨ ਹੋਇਆ ਹੈ ਉੱਥੇ ਖ਼ਾਸ ਗਿਰਦਾਵਰੀ ਹਫ਼ਤੇ ਅੰਦਰ ਕਰਕੇ ਰਿਪੋਰਟ ਦੇਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਮੇਰੀ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੇ ਇੱਕ-ਇੱਕ ਪੈਸੇ ਦੇ ਨੁਕਸਾਨ ਦਾ ਮੁਆਵਜ਼ਾ ਦੇਵੇਗੀ। ਹੌਂਸਲਾ ਅਤੇ ਯਕੀਨ ਰੱਖੋ ਸਰਕਾਰ ਤੁਹਾਡੇ ਨਾਲ ਹੈ”।