Punjab News: ਵਿਦਿਆਰਥੀਆਂ ਵਲੋਂ ਹਾਸੋਹੀਣੇ ਜਵਾਬ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਕਰਨਾ ਪੈ ਸਕਦਾ ਹੈ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਧਿਆਪਕਾਂ ਨੂੰ ਕਰਨਾ ਪਵੇਗਾ ਵਿਭਾਗੀ ਕਾਰਵਾਈ ਦਾ ਸਾਹਮਣਾ

Punjab School Education Board

Punjab News:  ਵਿਦਿਆਰਥੀਆਂ ਵਲੋਂ ਪੇਪਰਾਂ ਵਿਚ ਦਿਤੇ ਹਾਸੋਹੀਣੇ ਜਵਾਬ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਜਾਂਦੀਆਂ ਹਨ। ਇਸ ਵਾਰ ਅਜਿਹਾ ਕਰਨਾ ਅਧਿਆਪਕਾਂ ਨੂੰ ਮਹਿੰਗਾ ਪੈ ਸਕਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੇਪਰ ਚੈੱਕ ਕਰ ਰਹੇ ਅਧਿਆਪਕਾਂ ਨੂੰ ਅਹਿਮ ਨਿਰਦੇਸ਼ ਜਾਰੀ ਕੀਤੇ ਗਏ ਹਨ।

ਬੋਰਡ ਨੇ ਕਿਹਾ ਕਿ ਉੱਤਰ ਕਾਪੀਆਂ 'ਤੇ ਕੁੱਝ ਵਿਦਿਆਰਥੀਆਂ ਵਲੋਂ ਅਕਸਰ ਹਾਸੋਹੀਣੇ ਜਵਾਬ ਲਿਖੇ ਜਾਂਦੇ ਹਨ। ਅਧਿਆਪਕ ਕਾਪੀ ਚੈੱਕ ਕਰਨ ਲੱਗੇ ਇਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਸਾਂਝੀਆਂ ਕਰਦੇ ਹਨ, ਜਿਹੜੀਆਂ ਕਾਫੀ ਵਾਇਰਲ ਹੋ ਜਾਂਦੀਆਂ ਹਨ। ਹੁਣ ਬੋਰਡ ਨੇ ਇਸ ਰੁਝਾਨ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਹੁਣ ਅਜਿਹਾ ਕਰਨ ਵਾਲੇ ਅਧਿਆਪਕਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ।  ਵਿਭਾਗ ਦਾ ਮੰਨਣਾ ਹੈ ਕਿ ਇਸ ਰੁਝਾਨ ਨਾਲ ਹੋਰਨਾਂ ਬੱਚਿਆਂ ਨੂੰ ਦੁਬਾਰਾ ਅਜਿਹਾ ਕਰਨ ਦਾ ਉਤਸ਼ਾਹ ਮਿਲਦਾ ਹੈ। ਇਸ ਰੁਝਾਨ ਨੂੰ ਘੱਟ ਕਰ ਕੇ ਵਿਦਿਆਰਥੀਆਂ ਨੂੰ ਮਿਹਤਨ ਜ਼ਰੀਏ ਚੰਗੇ ਅੰਕ ਲੈਣ ਦੀ ਸਲਾਹ ਦਿਤੀ ਜਾਂਦੀ ਹੈ।

ਇਸ ਦੇ ਨਾਲ ਹੀ ਬੋਰਡ ਵਲੋਂ 10ਵੀਂ ਅਤੇ 12ਵੀਂ ਦੇ ਪੇਪਰ ਸਹੀ ਤਰੀਕੇ ਨਾਲ ਚੈੱਕ ਕਰਨ ਸਬੰਧੀ ਸਟਾਫ ਨੂੰ ਹਦਾਇਤਾਂ ਦਿਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਜੇਕਰ ਚੈਕਿੰਗ ਦੌਰਾਨ ਕੋਈ ਗੜਬੜੀ ਹੋਈ ਤਾਂ ਸਟਾਫ ਉਤੇ ਕਾਰਵਾਈ ਹੋ ਸਕਦੀ ਹੈ। ਪਟਿਆਲਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਜੀਵ ਸ਼ਰਮਾ ਨੇ ਕਿਹਾ ਕਿ ਪੇਪਰਾਂ ਦੀ ਚੈਕਿੰਗ ਵਿਚ ਸੁਧਾਰ ਲਿਆਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ।

 (For more Punjabi news apart from punjab school education department instructions to teachers , stay tuned to Rozana Spokesman)