ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਮਾਮਲਾ ਦਰਜ
ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁਧ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਬੈਂਸ ਵਿਰੁਧ ਇਹ ਮਾਮਲਾ ਪਾਸਪੋਰਟ ਅਧਿਕਾਰੀ ਨਾਲ ਉਲਝਣ ਅਤੇ ਉਸ ਦੀ ਡਿਊਟੀ ‘ਚ ਰੁਕਾਵਟ ਪਾਉਣ ਦੇ ਦੋਸ਼ ਤਹਿਤ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਵਿਧਾਇਕ ਬੈਂਸ ਆਪਣੇ ਕੁਝ ਸਾਥੀਆਂ ਨਾਲ ਇਕ ਸਮਰਥਕ ਹਰਪ੍ਰੀਤ ਸਿੰਘ ਨਾਲ ਪਾਸਪੋਰਟ ਦਫ਼ਤਰ ਗਏ ਸਨ।
ਗੌਰਤਲਬ ਹੈ ਕਿ ਬੈਂਸ ਦਾ ਕਹਿਣਾ ਸੀ ਕਿ ਹਰਪ੍ਰੀਤ ਸਿੰਘ ਕੋਲ ਵੋਟਰ ਕਾਰਡ ਨਹੀਂ ਸੀ ਅਤੇ ਪਾਸਪੋਰਟ ਦਫ਼ਤਰ ਦੇ ਨਾਲ ਲਗਦੀ ਇਕ ਦੁਕਾਨ ‘ਚ ਬੈਠੇ ਏਜੰਟ ਨੇ ਹਰਪ੍ਰੀਤ ਸਿੰਘ ਪਾਸੋਂ ਕਥਿਤ ਤੌਰ ‘ਤੇ 14 ਹਜ਼ਾਰ ਰੁਪਏ ਲੈ ਕੇ ਉਸ ਦਾ ਵੋਟਰ ਕਾਰਡ ਬਣਾ ਦਿਤਾ ਤਾਂ ਜੋ ਉਸ ਦਾ ਪਾਸਪੋਰਟ ਬਣ ਸਕੇ। ਬੈਂਸ ਵਲੋਂ ਜਦੋਂ ਇਹ ਸਾਰਾ ਮਾਮਲਾ ਪਾਸਪੋਰਟ ਅਧਿਕਾਰੀ ਯਸ਼ਪਾਲ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਤਕਰਾਰ ਹੋ ਗਈ।
ਬੈਂਸ ਨੇ ਪਾਸਪੋਰਟ ਦਫ਼ਤਰ ਨੂੰ ਰਿਸ਼ਵਤ ਦਾ ਅੱਡਾ ਦਸਿਆ ਗਿਆ ਅਤੇ ਅਧਿਕਾਰੀਆਂ ‘ਤੇ ਏਜੰਟਾਂ ਨਾਲ ਮਿਲ ਕੇ ਲੋਕਾਂ ਦੀ ਲੁੱਟ-ਖਸੁੱਟ ਦੇ ਦੋਸ਼ ਲਾਏ। ਹਾਲਾਤ ਵਿਗੜਦੇ ਦੇਖ ਕੇ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਪਾਸਪੋਰਟ ਅਧਿਕਾਰੀ ਗੁੱਸੇ ‘ਚ ਕੰਮ ਛੱਡ ਕੇ ਦਫ਼ਤਰ ‘ਚੋਂ ਚਲੇ ਗਏ।
ਪਾਸਪੋਰਟ ਅਧਿਕਾਰੀਆਂ ਵਲੋਂ ਇਹ ਸਾਰਾ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਗਿਆ ਅਤੇ ਬੈਂਸ ਦੇ ਇਸ ਰੱਵਈਏ ਕਾਰਨ ਕੰਮ ਕਾਜ ਠੱਪ ਕਰਨ ਦੀ ਧਮਕੀ ਵੀ ਦਿਤੀ। ਪਾਸਪੋਰਟ ਅਧਿਕਾਰੀਆਂ ਨੇ ਬੈਂਸ ਵਿਰੁਧ ਪੁਲਿਸ ਨੂੰ ਲਿਖ਼ਤੀ ਸ਼ਿਕਾਇਤ ਦਿਤੀ, ਜਿਸ ਤੋਂ ਬਾਅਦ ਵਿਧਾਇਕ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।