ਕਿਰਤੀ ਕਾਮਿਆਂ ਦਾ ਸੂਬੇ ਦੀ ਤਰੱਕੀ ਵਿਚ ਵੱਡਾ ਯੋਗਦਾਨ : ਬਲਬੀਰ ਸਿੰਘ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਕਿਸਾਨਾਂ ਨੂੰ ਡੇਅਰੀ ਧੰਦੇ ਨਾਲ ਜੋੜਨ ਲਈ ਕਰਨਗ

Balbir Singh Sidhu

ਪਸ਼ੂ ਪਾਲਣ ਤੇ ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਿਰਤੀ ਕਾਮਿਆਂ ਦਾ ਪੰਜਾਬ ਦੀ ਤਰੱਕੀ ਅਤੇ ਉਸਾਰੂ ਕੰਮਾਂ ਵਿਚ ਬਹੁਤ ਵੱਡਾ ਯੋਗਦਾਨ ਹੈ ਅਤੇ ਉਹ ਕਿਰਤੀ ਕਾਮਿਆਂ ਦੇ ਨਾਲ ਨਾਲ ਉਨ੍ਹਾਂ ਦੇ ਪਰਵਾਰਾਂ ਦੀ ਭਲਾਈ ਲਈ ਵੀ ਪੂਰੀ ਵਾਹ ਲਾਉਣਗੇ। ਕੈਬਨਿਟ ਮੰਤਰੀ ਨੇ ਇਹ ਗੱਲ ਅਪਣੇ ਘਰ ਵਧਾਈਆਂ ਦੇਣ ਪੁੱਜੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਹੀ। ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਨਾਲ-ਨਾਲ ਕਿਰਤ ਵਿਭਾਗ ਦਾ ਮੰਤਰੀ ਬਣਾ ਕੇ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿਉਂਕਿ ਇਹ ਦੋਵੇਂ ਵਿਭਾਗ ਹੇਠਲੇ ਪੱਧਰ ਤਕ ਪੰਜਾਬ ਦੇ ਲੋਕਾਂ ਨਾਲ ਜੁੜੇ ਹੋਏ ਹਨ।

ਉਨ੍ਹਾਂ ਕਿਹਾ ਕਿ ਉਹ ਖ਼ੁਦ ਕਿਸਾਨ ਹੋਣ ਨਾਤੇ ਕਿਸਾਨਾਂ ਦੀਆਂ ਮੁਸ਼ਕਲਾਂ, ਆਰਥਕ ਮੰਦਹਾਲੀ ਦੇ ਕਾਰਨਾਂ ਅਤੇ ਕਿਰਤੀ ਕਾਮਿਆਂ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਕਿਰਤੀ ਕਾਮਿਆਂ ਨੂੰ ਮੁਢਲੀਆਂ ਸਹੂਲਤਾਂ ਉਪਲਭਧ ਕਰਵਾਉਣਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ। ਪੰਜਾਬ ਵਿਚ ਡੇਅਰੀ ਧੰਦੇ ਦੀ ਪ੍ਰਫੁੱਲਤਾ ਦੀਆਂ ਸੰਭਾਵਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਇਹ ਧੰਦਾ ਕਿਰਸਾਨੀ ਨਾਲ ਜੁੜਿਆ ਹੈ ਅਤੇ ਡੇਅਰੀ ਧੰਦੇ ਦੇ ਵਿਕਾਸ ਲਈ ਪੰਜਾਬ ਵਿਚ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ। ਇਸ ਮੌਕੇ ਮੰਤਰੀ ਦੇ ਸਿਆਸੀ ਸਲਾਹਕਾਰ ਹਰਕੇਸ਼ ਚੰਦ ਸ਼ਰਮਾ ਮੱਛਲੀਕਲਾਂ, ਐਡਵੋਕੇਟ ਕਮਰਵੀਰ ਸਿੰਘ ਸਿੱਧੂ, ਕੌਂਸਲਰ ਨਰਾਇਣ ਸਿੰਘ ਸਿੱਧੂ, ਨਛੱਤਰ ਸਿੰਘ, ਗੁਰਚਰਨ ਸਿੰਘ ਭਮਰਾ, ਜੀ.ਐਸ.ਰਿਆੜ ਆਦਿ ਹਾਜ਼ਰ ਸਨ।