ਇੰਡਸ ਕੈਨੇਡਾ ਫ਼ਾਊਂਡੇਸ਼ਨ ਦਾ ਦਾਅਵਾ-ਪੜ੍ਹਾਈ ਲਈ ਕੈਨੇਡਾ ਜਾਂਦੇ ਨੌਜਵਾਨ ਖ਼ਾਲਿਸਤਾਨੀਆਂ ਦੇ ਢਹੇ ਚੜ੍ਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਪਣੇ ਬੱਚਿਆਂ ਨੂੰ ਸੋਚ ਕੇ ਭੇਜਣ ਮਾਪੇ : ਵਿਕਰਮ ਬਾਜਵਾ

Indus canada Foundation

ਪੰਜਾਬ ਦੇ ਦੋਆਬੇ, ਮਾਲਵੇ ਤੇ ਮਾਝੇ ਦੇ ਪੜ੍ਹੇ ਲਿਖੇ ਮੁੰਡਿਆਂ ਤੇ ਕੁੜੀਆਂ ਦੇ ਸਟੱਡੀ ਵੀਜ਼ਾ 'ਤੇ ਕੈਨੇਡਾ ਜਾਣ ਅਤੇ ਉਥੇ ਗ਼ਲਤ ਹੱਥਾਂ 'ਤੇ ਏਜੰਸੀਆਂ ਦੇ ਢਹੇ ਚੜ੍ਹਨ ਦੇ ਹੈਰਾਨੀਜਨਕ ਵੇਰਵੇ ਦਿੰਦਿਆਂ ਇੰਡਸ ਕੈਨੇਡਾ ਫ਼ਾਊਂਡੇਸ਼ਨ ਦੇ ਪ੍ਰਧਾਨ ਵਿਕਰਮ ਜੇ ਐਸ ਬਾਜਵਾ ਨੇ ਮਾਪਿਆਂ ਨੂੰ ਚੇਤਾਵਨੀ ਦਿਤੀ ਕਿ ਉਹ ਅਪਣੇ ਬੱਚਿਆਂ ਤੇ ਰਿਸ਼ਤੇਦਾਰਾਂ ਸਮੇਤ ਜਾਣਕਾਰ ਪਰਵਾਰਾਂ ਨੂੰ ਸਾਵਧਾਨੀ ਨਾਲ ਅੱਗੇ ਤੋਂ ਰੋਕਣ। ਇਥੇ ਪ੍ਰੈੱਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਟੋਰਾਂਟੋ, ਵੈਨਕੂਵਰ, ਸਰੀ ਅਤੇ ਹੋਰ ਥਾਵਾਂ 'ਤੇ ਪ੍ਰਾਈਵੇਟ ਯੂਨੀਵਰਸਟੀਆਂ ਵਿਚ ਸਟੱਡੀ ਵੀਜ਼ਾ ਅਤੇ ਵਰਕ ਵੀਜ਼ਾ 'ਤੇ ਜਾਣ ਵਾਲੇ ਬੱਚਿਆਂ ਨੂੰ ਕੰਮ ਨਹੀਂ ਮਿਲਦਾ, ਪੈਸੇ ਦੀ ਘਾਟ ਆਉਂਦੀ ਹੈ, ਪੰਜਾਬ ਤੋਂ ਮਾਪੇ ਵਿੱਤੀ ਮਦਦ ਨਹੀਂ ਕਰ ਸਕਦੇ ਤਾਂ ਮਜਬੂਰੀ ਵਿਚ ਖ਼ਾਲਿਸਤਾਨੀ, ਆਈਐਸਆਈ ਅਤੇ ਹੋਰ ਅਦਾਰਿਆਂ ਰਾਹੀਂ ਗ਼ਲਤ ਕਮਾਂ ਵਿਚ ਪੈ ਕੇ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ। ਇਸੇ ਤਰ੍ਹਾਂ ਦੇ ਕਈ ਕੇਸਾਂ ਵਿਚ ਉਥੋਂ ਦੀਆਂ ਸਰਕਾਰਾਂ, ਗ਼ੈਰ ਕਾਨੂੰਨੀ ਧੰਦਿਆਂ ਕਰ ਕੇ ਇਨ੍ਹਾਂ ਪ੍ਰਭਾਵਤ ਅਤੇ ਪੀੜਤ ਬੱਚਿਆਂ ਵਿਰੁਧ ਕਾਨੂੰਨੀ ਕਾਰਵਾਈ ਕਰਦੀਆਂ ਹਨ। 

ਸਰੀ ਤੇ ਵੈਨਕੂਵਰ ਸਮੇਤ ਹੋਰ ਕਈ ਗੁਰਦਵਾਰਿਆ 'ਤੇ ਗ਼ਰਮ ਖ਼ਿਆਲੀ, ਭਾਰਤ ਵਿਰੋਧੀ ਸੋਚ ਵਾਲੇ ਖ਼ਾਲਿਸਤਾਨੀ ਲੀਡਰਾਂ ਦਾ ਕਬਜ਼ਾ ਹੋਣ ਦਾ ਵੇਰਵਾ ਦਿੰਦਿਆਂ ਬਾਜਵਾ ਨੇ ਦਸਿਆ ਕਿ ਇਹ ਸੰਸਥਾਵਾਂ ਵਿਸਾਖੀ, ਗੁਰਪੁਰਬਾਂ ਅਤੇ ਹੋਰ ਤਿਉਹਾਰ ਮਨਾਉਣ ਸਮੇਂ ਖੁਲ੍ਹੇ ਤੌਰ 'ਤੇ ਖ਼ਾਲਿਸਤਾਨੀ ਸੋਚ ਦਾ ਮੁਜ਼ਾਹਰਾ ਕਰਦੀਆਂ ਹਨ ਅਤੇ ਕੈਨੇਡਾ ਦੀਆਂ ਫ਼ੈਡਰਲ ਤੇ ਸੂਬਾ ਸਰਕਾਰਾਂ ਇਸ ਪ੍ਰਤੀ ਗੰਭੀਰ ਨਹੀਂ ਹਨ। ਬਾਜਵਾ ਨੇ ਦਸਿਆ ਕਿ ਉਨ੍ਹਾਂ ਖ਼ੁਦ ਡੀਜੀਪੀ ਸੁਰੇਸ਼ ਅਰੋੜਾ ਅਤੇ ਹੋਰ ਅਧਿਕਾਰੀਆਂ ਨੂੰ ਮਿਲ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੰਨੀਂ ਇਹ ਗੱਲ ਪਾਈ ਹੈ ਕਿ ਪੰਜਾਬ ਤੋਂ ਜਾਂਦੇ ਬੱਚਿਆਂ ਦੀ ਜਾਂਚ ਹੋਣੀ ਚਾਹੀਦੀ ਹੈ। ਕੈਨੇਡਾ ਦੇ ਪੂਰਬੀ ਤੇ ਪਛਮੀ ਰਾਜਾਂ ਵਿਚ ਕੁਲ 1300 ਅਜਿਹੇ ਅਨਸਰਾਂ 'ਤੇ ਸਰਕਾਰਾਂ ਦੀਆਂ ਨਜ਼ਰਾਂ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਸਰੀ ਦੇ ਵੱਡੇ ਗੁਰਦਵਾਰੇ ਦਸਮੇਸ਼ ਦਰਬਾਰ ਵਿਚ ਸਿੱਖ ਨੇਤਾਵਾਂ ਰਾਹੀਂ ਪਾਕਿਸਤਾਨ ਤੇ ਹੋਰ ਦੇਸ਼ਾਂ ਦੀਆਂ ਏਜੰਸੀਆਂ ਗੁਪਤੀ ਢੰਗ ਨਾਲ ਆਪਰੇਟ ਕਰਦੀਆਂ ਹਨ। ਬਾਜਵਾ ਅਨੁਸਾਰ ਉਹ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਇਸ ਵਿਸ਼ੇ 'ਤੇ ਪਹਿਲਾਂ ਹੀ ਵਿਚਾਰ ਕਰ ਚੁੱਕੇ ਹਨ। ਉਨ੍ਹਾਂ ਦਸਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹੋਰ ਮੰਤਰੀ ਸਿਰਫ਼ ਸਿੱਖਾਂ ਤੇ ਪਰਵਾਸੀ ਪੰਜਾਬੀਆਂ ਦੀਆਂ ਵੋਟਾਂ ਲੈਣ ਲਈ ਖ਼ਾਲਿਸਤਾਨੀਆਂ ਵਲੋਂ ਕੀਤੇ ਜਾਂਦੇ ਭਾਰਤ ਵਿਰੋਧੀ ਪ੍ਰਚਾਰ ਦੀ ਕੋਈ ਪ੍ਰਵਾਹ ਨਹੀਂ ਕਰਦੇ।