ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ 80 ਬਸਾਂ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨਪ੍ਰੀਤ ਸਿੰਘ ਬਾਦਲ ਨੇ ਅਮਲੇ ਦੀ ਕੀਤੀ ਹੌਸਲਾ ਅਫ਼ਜ਼ਾਈ

manpreet badal

ਚੰਡੀਗੜ੍ਹ/ਬਠਿੰਡਾ, 25 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਨਾਲ ਤਖ਼ਤ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਅੱਜ ਇਥੋਂ 80 ਬਸਾਂ ਨੂੰ ਰਵਾਨਾ ਕੀਤਾ ਗਿਆ ਜੋ ਕਿ ਇਨ੍ਹਾਂ ਸ਼ਰਧਾਲੂਆਂ ਨੂੰ ਸੜਕ ਰਾਸਤੇ ਵਾਪਸ ਲੈ ਕੇ ਆਉਣਗੀਆਂ। ਇਸ ਮੌਕੇ ਵਿਸ਼ੇਸ ਤੌਰ 'ਤੇ ਪਹੁੰਚੇ ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਸ਼ਰਧਾਲੂਆਂ ਨੂੰ ਲੈਣ ਜਾ ਰਹੇ ਅਮਲੇ ਜਿਸ ਵਿਚ ਡਰਾਈਵਰ ਕੰਡਕਟਰਾਂ ਤੋਂ ਇਲਾਵਾ ਪੁਲਿਸ ਦੇ ਜਵਾਨ ਸ਼ਾਮਲ ਹਨ, ਦੀ ਹੌਸਲਾ ਅਫ਼ਜ਼ਾਈ ਕੀਤੀ।  ਸ. ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਇਨ੍ਹਾਂ ਵਿਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਏਸੀ ਬਸਾਂ ਸ਼ਾਮਲ ਹਨ। ਇਹ ਬਸਾਂ ਸ਼ਰਧਾਲੂਆਂ ਨੂੰ ਬਿਲਕੁਲ ਮੁਫ਼ਤ ਲੈ ਕੇ ਆਉਣਗੀਆਂ ਅਤੇ ਸਾਰਾ ਖਰਚ

ਪੰਜਾਬ ਸਰਕਾਰ ਚੁੱਕੇਗੀ। ਉਨ੍ਹਾਂ ਕਿਹਾ ਕਿ ਹਰੇਕ ਬੱਸ ਵਿਚ ਤਿੰਨ ਡਰਾਈਵਰ, ਇਕ ਕੰਡਕਟਰ ਅਤੇ ਇਕ ਪੁਲਿਸ ਜਵਾਨ ਦੀ ਤਾਇਨਾਤੀ ਕੀਤੀ ਗਈ ਹੈ। ਆਉਣ-ਜਾਣ ਦਾ ਇਹ ਬੱਸ 3300 ਕਿਲੋਮੀਟਰ ਤੋਂ ਜ਼ਿਆਦਾ ਦਾ ਸਫ਼ਰ ਤੈਅ ਕਰੇਗੀ। ਉਨ੍ਹਾਂ ਦਸਿਆ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਗਏ ਸ਼ਰਧਾਲੂ ਅਚਾਨਕ ਹੋਏ ਲਾਕਡਾਊਨ ਕਾਰਨ ਉਥੇ ਫਸ ਗਏ ਸਨ। ਇਨ੍ਹਾਂ ਸ਼ਰਧਾਲੂਆਂ ਦੀ ਗਿਣਤੀ 3200 ਦੇ ਲਗਭਗ ਹੈ।


ਸ. ਬਾਦਲ ਨੇ ਇਸ ਮੌਕੇ ਡਰਾਈਵਰਾਂ, ਕੰਡਕਟਰਾਂ ਅਤੇ ਪੁਲਿਸ ਜਵਾਨਾਂ ਨੂੰ ਕਿਹਾ ਕਿ ਇਹ ਸਮਾਂ ਸਾਡੇ ਸਭ ਲਈ ਚੁਣੌਤੀ ਵਾਲਾ ਹੈ ਪਰ ਅਸੀਂ ਅਪਣੇ ਜੋਸ਼, ਜਜ਼ਬੇ ਅਤੇ ਅਨੁਸਾਸਨ ਨਾਲ ਇਸ ਮੁਸ਼ਕਿਲ 'ਤੇ ਜਿੱਤ ਹਾਸਲ ਕਰਾਂਗੇ। ਉਨ੍ਹਾਂ ਨੇ ਉਨ੍ਹਾਂ ਨੂੰ ਸਫ਼ਰ ਦੌਰਾਨ ਸਾਰੀਆਂ ਸਾਵਧਾਨੀਆਂ ਵਰਤਣ ਲਈ ਵੀ ਕਿਹਾ। ਉਨ੍ਹਾਂ ਦਸਿਆ ਕਿ ਇਨ੍ਹਾਂ ਸ਼ਰਧਾਲੂਆਂ ਦੀ ਵਾਪਸੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਸਰਕਾਰ ਨਾਲ ਰਾਬਤਾ ਕਰ ਕੇ ਕਰਵਾਈ ਹੈ। ਉਨ੍ਹਾਂ ਇਸ ਮੌਕੇ ਨੋਡਲ ਅਫ਼ਸਰ ਨੂੰ ਅਪਣੀ ਨਿੱਜੀ ਨੰਬਰ ਵੀ ਦਿਤਾ ਅਤੇ ਕਿਹਾ ਕਿ ਰਾਸਤੇ ਵਿਚ ਕਿਤੇ ਵੀ ਕੋਈ ਰੁਕਾਵਟ ਆਵੇ ਤਾਂ ਉਨ੍ਹਾਂ ਨਾਲ ਰਾਬਤਾ ਕਰ ਲਿਆ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਘਰ ਪਰਤਣ ਵਿਚ ਕਿਤੇ ਵੀ ਕੋਈ ਮੁਸ਼ਕਿਲ ਨਾ ਹੋਵੇ।


ਇਸ ਮੌਕੇ ਆਰ.ਟੀ.ਏ. ਊਦੇਦੀਪ ਸਿੰਘ, ਜੀਐਮ ਪੀਆਰਟੀਸੀ ਰਮਨ ਸ਼ਰਮਾ ਅਤੇ ਜੀਐਮ ਪੰਜਾਬ ਰੋਡਵੇਜ ਜਸਵਿੰਦਰ ਸਿੰਘ ਚਹਿਲ ਵੀ ਹਾਜ਼ਰ ਸਨ।