ਕੈਪਟਨ ਵਲੋਂ ਯੋਗ ਸਨਅਤਾਂ ਨੂੰ ਮੁੜ ਖੋਲ੍ਹਣ ਲਈ ਪ੍ਰਵਾਨਗੀਆਂ ਅਤੇ ਕਰਫ਼ਿਊ ਪਾਸ ਦੇਣ ਦੀ ਹਦਾਇਤ
ਡਿਪਟੀ ਕਮਿਸ਼ਨਰਾਂ ਤੇ ਉਦਯੋਗ ਵਿਭਾਗ ਨੂੰ ਦਿਤੇ ਹੁਕਮ
ਚੰਡੀਗੜ੍ਹ, 24 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਸੰਕਟ ਦੀ ਇਸ ਘੜੀ ਵਿਚ ਅਪਣੀ ਸਰਕਾਰ ਵਲੋਂ ਉਦਯੋਗ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਯੋਗ ਵਿਭਾਗ ਅਤੇ ਡਿਪਟੀ ਕਮਿਸ਼ਨਰਾਂ ਅਧੀਨ ਕੰਮ ਕਰ ਰਹੇ ਜ਼ਿਲ੍ਹਾ ਉਦਯੋਗ ਕੇਂਦਰਾਂ ਨੂੰ ਸਾਰੀਆਂ ਯੋਗ ਸਨਅਤੀ ਇਕਾਈਆਂ ਨੂੰ ਮੁੜ ਖੋਲ੍ਹਣ ਵਾਸਤੇ ਉਨ੍ਹਾਂ ਵਲੋਂ ਅਪਲਾਈ ਕਰਨ ਦੇ 12 ਘੰਟੇ ਅੰਦਰ ਲੋੜੀਂਦੀਆਂ ਪ੍ਰਵਾਨਗੀਆਂ ਅਤੇ ਕਰਫ਼ਿਊ ਪਾਸ ਮੁਹੱਈਆ ਕਰਵਾਉਣ ਦੇ ਹੁਕਮ ਦਿਤੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਇਹ ਭਰੋਸਾ ਵੀ ਦਿਤਾ ਕਿ ਉਹ ਉਦਯੋਗ ਲਈ ਕੇਂਦਰੀ ਸਹਾਇਤਾ ਦਾ ਮੁੱਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਸੋਮਵਾਰ ਨੂੰ ਸੱਦੀ ਗਈ ਸਾਰੇ ਮੁੱਖ ਮੰਤਰੀਆਂ ਦੀ ਵੀਡੀਉ ਕਾਨਫ਼ਰੰਸ ਦੌਰਾਨ ਉਠਾਉਣਗੇ। ਇਕ ਵੈਬੀਨਾਰ ਜਿਸ ਵਿਚ ਉਦਯੋਗਿਕ ਘਰਾਣਿਆਂ ਦੇ ਤਕਰੀਬਨ 100 ਦਿੱਗਜ਼ਾਂ, ਵਿਦੇਸ਼ੀ ਰਾਜਦੂਤਾਂ/ਨੀਤੀਵਾਨਾਂ ਅਤੇ ਹੋਰਨਾਂ ਨੇ ਹਿੱਸਾ ਲਿਆ, ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਇਸ ਮੁਸ਼ਕਲ ਸਮੇਂ ਵਿੱਚ ਉਦਯੋਗ ਦੀ ਸਹਾਇਤਾ ਲਈ ਨਵੀਨਤਾਕਾਰੀ ਅਤੇ ਠੋਸ ਹੱਲ ਲੱਭਣ ਦੀ ਬੇਨਤੀ ਕੀਤੀ ਸੀ ਤਾਂ ਜੋ ਉਹ ਮਜ਼ਦੂਰਾਂ ਅਤੇ ਕਾਮਿਆਂ ਨੂੰ ਤਨਖ਼ਾਹਾਂ ਦਾ ਭੁਗਤਾਨ ਜਾਰੀ ਰੱਖ ਸਕਣ।
ਉਨ੍ਹਾਂ ਨੇ ਇਸ ਮੁੱਦੇ ’ਤੇ ਭਾਗੀਦਾਰਾਂ ਵਲੋਂ ਜ਼ਾਹਰ ਕੀਤੀ ਚਿੰਤਾ ਦੇ ਜਵਾਬ ਵਿਚ ਕਿਹਾ ਕਿ ਉਦਯੋਗ ਨਿਰੰਤਰ ਤਨਖ਼ਾਹ ਦਾ ਭੁਗਤਾਨ ਨਹੀਂ ਕਰ ਸਕਦੇ।
ਕੈਪਟਨ ਅਮਰਿੰਦਰ ਨੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਪਾਸੋਂ ਸੂਬੇ ਨੂੰ ਅਪਣਾ ਹਿੱਸਾ ਨਹੀਂ ਮਿਲ ਰਿਹਾ ਅਤੇ ਕੇਂਦਰ ਨੇ ਸ਼ਰਾਬ ਦੀ ਵਿਕਰੀ ਦੀ ਆਗਿਆ ਦੇਣ ਸਬੰਧੀ ਸੂਬੇ ਦੀ ਬੇਨਤੀ ਨੂੰ ਵੀ ਰੱਦ ਕਰ ਦਿਤਾ ਹੈ ਜਿਸ ਨਾਲ 6200 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਨੂੰ ਮੁਆਵਜ਼ਾ ਦੇਣਾ ਪਏਗਾ ਅਤੇ ਅੱਗੇ ਕਿਹਾ ਕਿ ਉਹ ਇਹ ਮਸਲੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਾਲ ਵੀਡੀਉ ਕਾਨਫ਼ਰੰਸ ਦੌਰਾਨ ਉਠਾਉਣਗੇ ਅਤੇ ਸ਼ਰਾਬ ਕਾਰੋਬਾਰ ਨੂੰ ਮੁੜ ਖੋਲ੍ਹਣ ਦਾ ਮੁੱਦਾ ਵੀ ਉਠਾਉਣਗੇ ਤਾਂ ਜੋ ਮਾਲੀਆ ਜੁਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਇਕ ਛੋਟਾ ਜਿਹਾ ਸੂਬਾ ਹੈ ਅਤੇ ਕੇਂਦਰ ਸਰਕਾਰ ਸੂਬੇ ਤੋਂ ਜੀ.ਐਸ.ਟੀ ਅਤੇ ਸ਼ਰਾਬ ਦੀ ਵਿਕਰੀ ਤੋਂ ਬਿਨਾਂ ਮੌਜੂਦਾ ਸੰਕਟ ਨਾਲ ਸਿੱਝਣ ਦੀ ਉਮੀਦ ਕਿਵੇਂ ਲਾ ਸਕਦੀ ਹੈ।
ਤਾਲਾਬੰਦੀ ਵਿਚ ਫਸੇ ਸਾਬਕਾ ਫ਼ੌਜੀਆਂ ਨੂੰ ਘਰ ਵਾਪਸ ਜਾਣ ਲਈ ਵਿਸ਼ੇਸ਼ ਆਗਿਆ ਮਿਲੇ
ਮੁੱਖ ਮੰਤਰੀ ਨੇ ਲਿਖੀ ਕੇਂਦਰੀ ਰਖਿਆ ਮੰਤਰੀ ਨੂੰ ਚਿੱਠੀ
ਚੰਡੀਗੜ੍ਹ, 24 ਅਪਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਕੇਂਦਰੀ ਰਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਸੰਕਟ ਦੇ ਮੱਦੇਨਜ਼ਰ ਲਗਾਏ ਕੌਮੀ ਪੱਧਰ ਦੀ ਤਾਲਾਬੰਦੀ ਵਿਚ ਫਸੇ ਸੇਵਾ ਮੁਕਤ ਫ਼ੌਜੀਆਂ ਨੂੰ ਉਨ੍ਹਾਂ ਦੇ ਜੱਦੀ ਸੂਬਿਆਂ ਵਿਚ ਜਾਣ ਲਈ ਵਿਸ਼ੇਸ਼ ਆਗਿਆ ਦਿਵਾਉਣ।
ਕੇਂਦਰੀ ਰਖਿਆ ਮੰਤਰੀ ਨੂੰ ਲਿਖੇ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਤੁਰਤ ਘਰ ਵਾਪਸ ਭੇਜਣਾ ਸੰਭਵ ਨਹੀਂ ਹੋਵੇਗਾ ਤਾਂ ਦੇਸ਼ ਭਰ ਦੇ ਕਮਾਂਡ ਹੈਡ ਕੁਆਟਰਜ਼ ਨੂੰ ਨਿਰਦੇਸ਼ ਦਿਤੇ ਜਾਣ ਕਿ ਸਾਬਕਾ ਸੈਨਿਕਾਂ ਦਾ ਉਦੋਂ ਤਕ ਵਿਸ਼ੇਸ਼ ਖਿਆਲ ਰੱਖਿਆ ਜਾਵੇ ਜਦੋਂ ਤਕ ਉਨ੍ਹਾਂ ਨੂੰ ਘਰ ਜਾਣ ਲਈ ਲੋੜੀਂਦੀ ਆਗਿਆ ਨਹੀਂ ਮਿਲ ਜਾਂਦੀ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਦੇਸ਼ ਦੀ ਰਾਖੀ ਕਰਨ ਵਾਲੀਆਂ ਹਥਿਆਰਬੰਦ ਸੈਨਾਵਾਂ ਵਿਚ ਪੰਜਾਬ ਅਪਣਾ ਚੋਖਾ ਯੋਗਦਾਨ ਪਾਉਂਦਾ ਹੈ।
ਹਰੀਕੇ ਮਹੀਨੇ ਵੱਡੀ ਗਿਣਤੀ ਵਿਚ ਸੈਨਿਕ ਅਪਣੀ ਸਰਵਿਸ ਤੋਂ ਰਿਟਾਇਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੇਵਾ ਮੁਕਤ ਹੁੰਦੇ ਸੈਨਿਕਾਂ ਵਿਚ ਪੰਜਾਬ ਨਾਲ ਸਬੰਧਤ ਸੈਨਿਕਾਂ ਦੀ ਵੀ ਕਾਫ਼ੀ ਗਿਣਤੀ ਹੁੰਦੀ ਹੈ ਜੋ ਇਸ ਵੇਲੇ ਤਾਲਾਬੰਦੀ ਕਾਰਨ ਅਪਣੇ ਸੂਬੇ ਵਿਚ ਵਾਪਸ ਜਾਣ ਤੋਂ ਅਸਮਰੱਥ ਹਨ ਜਿਸ ਕਾਰਨ ਉਨ੍ਹਾਂ ਨੂੰ ਅਪਣੀ ਆਖਰੀ ਤਾਇਨਾਤੀ ਵਾਲੇ ਸਥਾਨ ’ਤੇ ਰਹਿਣਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ, ‘‘ਬਿਨਾਂ ਸ਼ੱਕ ਉਨ੍ਹਾਂ ਨੂੰ ਇਸ ਵੇਲੇ ਮਾਨਸਿਕ ਪ੍ਰੇਸ਼ਾਨੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ ਕਿਉਂਕਿ ਉਹ ਅਪਣੇ ਪਰਵਾਰ ਵਾਲੇ ਤੇ ਨੇੜਲਿਆਂ ਕੋਲ ਜਾਣ ਤੋਂ ਅਸਮਰੱਥ ਹਨ।’’