ਚੰਡੀਗੜ੍ਹ, 24 ਅਪ੍ਰੈਲ (ਬਠਲਾਣਾ) : ਕੋਰੋਨਾ ਨੇ ਵੈਸੇ ਤਾਂ ਪੂਰੇ ਸੰਸਾਰ 'ਚ ਤਬਾਹੀ ਮਚਾਈ ਹੋਈ ਹੈ ਪਰ ਇਸ ਮਹਾਂਮਾਰੀ ਦਾ ਸ਼ਿਕਾਰ ਪੁਰਸ਼ ਜ਼ਿਆਦਾ ਹੋਏ ਹਨ। ਇਹ ਨਤੀਜਾ ਪੰਜਾਬ ਯੂਨੀਵਰਸਟੀ ਦੀਆਂ ਦੋ ਮਹਿਲਾ ਸਹਾਇਕ ਪ੍ਰੋਫ਼ੈਸਰਾਂ ਨਿਧੀ ਸਿੰਘਲ ਅਤੇ ਹਰਜੀਤ ਕੌਰ ਨੇ ਕਢਿਆ ਹੈ। ਇਸ ਦਾ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਸਫ਼ਾਈ ਦੇ ਮਾਮਲੇ ਅਤੇ ਹੱਥਾਂ ਨੂੰ ਠੀਕ ਤਰੀਕੇ ਨਾਲ ਧੋਣ 'ਚ ਔਰਤਾਂ ਜ਼ਿਆਦਾ ਸੁਹਿਰਦ ਹਨ ਜਦਕਿ ਪੁਰਸ਼, ਕੁੱਝ ਲਾਪ੍ਰਵਾਹ ਹੁੰਦੇ ਹਨ।
ਇਸ ਅਧਿਐਨ ਤੋਂ ਪਤਾ ਲਗਦਾ ਹੈ ਕਿ ਔਰਤਾਂ ਦੇ ਮੁਕਾਬਲੇ ਪੁਰਸ਼ ਤਿੰਨ ਗੁਣਾ ਵੱਧ ਕੋਰੋਨਾ ਤੋਂ ਪੀੜਤ ਹੋਏ ਹਨ ਅਤੇ ਮਰੇ ਵੀ ਹਨ। ਕੇਂਦਰ ਸਰਕਾਰ ਦੇ ਪਰਵਾਰ ਅਤੇ ਸਿਹਤ ਭਲਾਈ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਪੀੜਤਾਂ 'ਚੋਂ 76 ਫ਼ੀ ਸਦੀ ਪੁਰਸ਼ ਹਨ ਅਤੇ 24 ਫ਼ੀ ਸਦੀ ਔਰਤਾਂ, ਇਸੇ ਤਰ੍ਹਾਂ ਜੇ ਮ੍ਰਿਤਕਾਂ ਦੇ ਅੰਕੜੇ ਵੇਖੇ ਜਾਣ ਤਾਂ ਵੀ ਇਹ ਸਾਹਮਣੇ ਆਇਆ ਹੈ। ਮਰਨ ਵਾਲਿਆਂ 'ਚ ਔਰਤਾਂ 27 ਫ਼ੀ ਸਦੀ ਹਨ ਅਤੇ ਪੁਰਸ਼ਾਂ ਦੀ ਗਿਣਤੀ ਲਗਭਗ ਤਿਗੁਣੀ 73 ਫ਼ੀ ਸਦੀ ਹੈ।
ਭਾਰਤ ਸਰਕਾਰ ਦੇ ਅੰਕੜਿਆਂ ਦਾ ਅਧਿਐਨ ਅੱਗੇ ਵਧਾਉਂਦਿਆਂ 199 ਦੀ ਜਾਂਚ ਕੀਤੀ ਗਈ। ਇਸ ਵਿਚੋਂ 87 ਔਰਤਾਂ ਅਤੇ 112 ਪੁਰਸ਼ ਸਨ। ਇਨ੍ਹਾਂ ਲੋਕਾਂ ਦੀ ਜਾਂਚ ਵਿਚ ਪਾਇਆ ਗਿਆ ਕਿ ਦੋਵੇਂ ਧਿਰਾਂ 'ਚ ਕੋਰੋਨਾ ਦਾ ਡਰ ਤਾਂ ਬਰਾਬਰ ਹੈ ਪਰ ਸੁਰੱਖਿਆ ਦੇ ਮਾਮਲੇ ਵਿਚ 90 ਅੰਕਾਂ 'ਚੋਂ ਔਰਤਾਂ ਨੇ 77 ਅੰਕ ਅਤੇ ਪੁਰਸ਼ਾਂ 71 ਬਿੰਦੂਆਂ ਦੀ ਪਾਲਣਾ ਕੀਤੀ। ਜਾਂਚ ਵਿਚ ਇਹ ਵੀ ਪਾਇਆ ਹੈ ਕਿ ਹੁਣ ਤਕ ਜਿਹੜੀਆਂ ਭਿਆਨਕ ਬੀਮਾਰੀਆਂ ਮਾਰੂ ਸਾਬਤ ਹੋਈਆਂ ਹਨ। ਕੋਰੋਨਾ ਦਾ ਖ਼ੌਫ਼ ਸੱਭ ਤੋਂ ਵੱਧ ਰਿਹਾ ਹੈ। ਕੋਵਿਡ-19 (ਕੋਰੋਨਾ) ਮਹਾਂਮਾਰੀ ਸਵਾਈਨ ਫ਼ਲੂ ਨਾਲੋਂ 10 ਫੀ ਸਦੀ ਅਤੇ ਈਬੋਲਾ ਨਾਲੋਂ 153 ਫ਼ੀ ਸਦੀ ਵੱਧ ਖ਼ੌਫ਼ ਵਾਲੀ ਸਾਬਤ ਹੋਈ। ਪ੍ਰੋ. ਨਿਧੀ ਨੇ ਜਾਣਕਾਰੀ ਦਿਤੀ ਕਿ ਇਹ ਅਧਿਐਨ ਛੇਤੀ ਹੀ ਨਾਮੀ ਜਰਨਲ 'ਚ ਛਪਣ ਲਈ ਭੇਜਿਆ ਜਾਵੇਗਾ।