ਜਲੰਧਰ ਨੇ ਮੋਹਾਲੀ ਨੂੰ ਵੀ ਛੱਡਿਆ ਪਿੱਛੇ, ਜਲੰਧਰ ਤੋਂ ਮਿਲੇ 3 ਹੋਰ ਕੋਰੋਨਾ ਪਾਜ਼ੀਟਿਵ
ਸਦੇ ਨਾਲ ਹੀ ਹੁਣ ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 308 ਹੋ ਗਈ ਹੈ
ਚੰਡੀਗੜ੍ਹ - ਪੰਜਾਬ 'ਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਅੱਜ ਜਲੰਧਰ 'ਚ 3, ਪਟਿਆਲਾ 'ਚ 6 ਅਤੇ ਪਠਾਨਕੋਟ 'ਚ ਕੋਰੋਨਾ ਦਾ ਇੱਕ ਮਾਮਲ ਸਾਹਮਣੇ ਆਇਆ ਹੈ। ਇਸਦੇ ਨਾਲ ਹੀ ਹੁਣ ਪੰਜਾਬ 'ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 308 ਹੋ ਗਈ ਹੈ। ਜਾਣਕਾਰੀ ਮੁਤਾਬਕ ਜਲੰਧਰ 'ਚ ਜਿਹੜੇ ਤਿੰਨ ਮਾਮਲੇ ਸਾਹਮਣੇ ਆਏ ਹਨ, ਉਹ ਤਿੰਨੇ ਪਾਜ਼ੀਟਿਵ ਕੇਸ ਬਸਤੀ ਗੁਜ਼ਾ ਦੇ ਦੱਸੇ ਜਾ ਰਹੇ ਹਨ।
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਬਸਤੀ ਗੁਜ਼ਾ ਦੀ ਰਹਿਣ ਵਾਲੀਆਂ 65 ਤੇ 36 ਸਾਲਾ ਦੋ ਔਰਤਾਂ ਅਤੇ 5 ਸਾਲ ਦੇ ਬੱਚੇ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਹੀ ਜਲੰਧਰ 'ਚ ਪਾਜ਼ੀਟਿਵ ਕੇਸਾਂ ਦਾ ਅੰਕੜਾ 66 ਤੱਕ ਪਹੁੰਚ ਚੁੱਕਾ ਹੈ। ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ 'ਚ ਜਲੰਧਰ ਨੇ ਮੋਹਾਲੀ ਨੂੰ ਪਿੱਛੇ ਛੱਡ ਦਿੱਤਾ ਹੈ।
ਮੋਹਾਲੀ 'ਚ ਹੁਣ ਤੱਕ ਕੋਰੋਨਾ ਦੇ 63 ਪਾਜ਼ੀਟਿਵ ਕੇਸ ਪਾਏ ਗਏ ਹਨ ਜਦਕਿ ਜਲੰਧਰ 'ਚ ਅੱਜ ਪਾਜ਼ੀਟਿਵ ਕੇਸਾਂ ਦੀ ਗਿਣਤੀ 66 ਤੱਕ ਪੁੱਜਣ 'ਤੇ ਜਲੰਧਰ ਸੂਬੇ 'ਚੋਂ ਪਹਿਲੇ ਸਥਾਨ 'ਤੇ ਆ ਗਿਆ ਹੈ। ਜਲੰਧਰ 'ਚ ਅੱਜ ਹੋਈ ਤੀਜੀ ਮੌਤ ਨੂੰ ਲੈ ਕੇ ਪੰਜਾਬ 'ਚ ਮੌਤਾਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ।
ਉੱਧਰ ਪਠਾਨਕੋਟ ਦੇ ਇੱਕ ਨਿੱਜੀ ਹਸਪਤਾਲ ਦੀ ਮਹਿਲਾ ਡਾਕਟਰ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ। ਉਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਡੀਸੀ ਪਠਾਨਕੋਟ ਜੀਐਸ ਖਹਿਰਾ ਨੇ ਇਸ ਦੀ ਪੁਸ਼ਟੀ ਕੀਤੀ। ਪਠਾਨਕੋਟ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਸਿਹਤ ਟੀਮ ਡਾਕਟਰ ਦੇ ਸੰਪਰਕ 'ਚ ਆਏ ਲੋਕਾਂ ਨੂੰ ਲੱਭ ਰਹੀ ਹੈ।
ਜਾਣਕਾਰੀ ਮੁਤਾਬਿਕ ਪੀੜਤ ਡਾਕਟਰ ਨੇ ਬੁਖਾਰ-ਜੁਖਾਮ ਦੇ ਲੱਛਣ ਤੋਂ ਬਾਅਦ ਖੁਦ ਸਥਾਨਕ ਅਧਿਕਾਰੀਆਂ ਨੂੰ ਟੈਸਟ ਕਰਨ ਲਈ ਕਿਹਾ ਸੀ। ਉਹ ਆਧੁਨਿਕ ਵਿਹਾਰ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦੀ ਹੈ। ਉਸ ਦੇ ਪਤੀ ਅਤੇ ਦੋ ਬੱਚਿਆਂ ਦੇ ਸੈਂਪਲ ਵੀ ਸਿਹਤ ਵਿਭਾਗ ਦੀ ਟੀਮ ਵੱਲੋਂ ਲਏ ਗਏ ਹਨ। ਹੁਣ ਪਠਾਨਕੋਟ 'ਚ ਕੁਲ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ।