ਲਾਕਡਾਊਨ ਦੌਰਾਨ ਕਿਸੇ ਫ਼ੰਡ ਦੀ ਉਡੀਕ ਨਹੀਂ ਕੀਤੀ ਅਪਣੇ ਪੱਧਰ ’ਤੇ ਗਰੀਬਾਂ ਦੀ ਮਦਦ ਕੀਤੀ : ਸਰਪੰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਚਾਇਤ ਦਿਵਸ ਮੌਕੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਖੋਖਰ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ

File Photo

ਚੰਡੀਗੜ੍ਹ, 24 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪੰਚਾਇਤੀ ਰਾਜ ਦਿਵਸ ਲੋਕਤੰਤਰ ਦਾ ਅਟੁੱਟ ਹਿੱਸਾ ਹੈ। ਇਸ ਵਾਰ ਇਹ ਦਸਵਾਂ ਦਿਵਸ ਹੈ। ਇਸ ਦਿਵਸ ’ਤੇ ਸਪੋਕਸਮੈਨ ਨੇ ਜ਼ਿਲ੍ਹਾ ਮੁਕਤਸਰ ਦੇ ਪਿੰਡ ਖੋਖਰ ਦੇ ਸਰਪੰਚ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ। ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਇਕ ਸਾਬਕਾ ਫ਼ੌਜੀ ਹਨ ਅਤੇ ਇਸ ਮਹਾਂਮਾਰੀ ਵਿਚ ਅਪਣੀ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦਸਿਆ ਕਿ ਖੋਖਰ ਇਕ ਨਾਮਵਾਰ ਪਿੰਡ ਹੈ, ਇਸ 3800 ਆਬਾਦੀ ਵਾਲੇ ਪਿੰਡ ਦੀ 2400 ਵੋਟ ਹੈ ਅਤੇ ਪਿੰਡ ਵਾਸੀਆਂ ਨੇ ਉਸ ਦੀ ਚੋਣ ਸਰਬਸੰਮਤੀ ਨਾਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਵਾਰ ਵਿਚ ਇਹ ਦੂਸਰੀ ਸਰਪੰਚੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਵਡੇਰੇ ਵੀ ਫ਼ੌਜ ਅਤੇ ਪਿੰਡ ਲਈ ਅਪਣਾ ਯੋਗਦਾਨ ਪਾਉਂਦੇ ਰਹੇ ਹਨ। ਉਨ੍ਹਾਂ ਦਸਿਆ ਕਿ ਪਿੰਡ ਵਿਚ ਫ਼ਸਲ ਦੀ ਖ਼ਰੀਦ ਬਹੁਤ ਚੰਗੇ ਤਰੀਕੇ ਨਾਲ ਹੋ ਰਹੀ ਹੈ ਅਤੇ ਇਸ ਦੇ ਸਬੰਧ ਵਿਚ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਈ। ਪਿੰਡ ਵਾਸੀ ਅਤੇ ਪ੍ਰਸ਼ਾਸਨ ਪੂਰਨ ਯੋਗ ਦੇ ਰਹੇ ਹਨ ਅਤੇ ਸਾਰੇ ਅਪਣੀ ਜ਼ਿੰਮੇਵਾਰੀ ਸਮਝ ਕੇ ਫ਼ਰਜ਼ ਨਿਭਾ ਰਹੇ ਹਨ।

ਸਰਪੰਚ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਲੋਕਾਂ ਨੂੰ ਪਿੰਡ ਦੇ ਕਿਸਾਨਾਂ ਦੁਆਰਾ ਹੀ ਸਬਜ਼ੀ ਵੇਚੀ ਜਾਂਦੀ ਹੈ ਅਤੇ ਇਸ ਲਈ ਮਹਾਂਮਾਰੀ ਤੋਂ ਬਚਣ ਦੇ ਸਾਰੇ ਬਚਾਅ ਰੱਖੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਵਲੋਂ ਅਪਣੇ ਤੌਰ ’ਤੇ ਹੀ ਠੀਕਰੀ ਪਹਿਰੇ ਲਾਏ ਜਾਂਦੇ ਹਨ ਅਤੇ ਪਿੰਡ ਵਿਚ ਬਾਹਰੀ ਵਿਅਕਤੀਆਂ ’ਤੇ ਰੋਕ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਿਸੇ ਵੀ ਤਰ੍ਹਾਂ ਦੇ ਸਰਕਾਰੀ ਫ਼ੰਡ ਦੀ ਉਡੀਕ ਨਹੀਂ ਕੀਤੀ

ਅਤੇ ਅਪਣੇ ਪੱਧਰ ’ਤੇ ਹੀ ਪਿੰਡ ਵਿਚੋਂ ਉਗਰਾਹੀ ਕਰ ਕੇ ਗ਼ਰੀਬਾਂ ਨੂੰ ਸਹਾਰਾ ਦਿਤਾ ਗਿਆ। ਪਿੰਡਾਂ ਵਾਸੀਆਂ ਨੇ ਵੀ ਸਰਪੰਚ ਦੀ ਸ਼ਲਾਘਾ ਕੀਤੀ ਉਨ੍ਹਾਂ ਦਸਿਆ ਕਿ ਪਿੰਡ ਵਿਚ ਕੋਈ ਵੀ ਮੁਸ਼ਕਲ ਪੇਸ਼ ਨਹੀਂ ਹੁੰਦੀ ਅਤੇ ਇਹ ਇਕ ਖ਼ੁਸ਼ਹਾਲ ਪਿੰਡ ਹੈ। ਉਨ੍ਹਾਂ ਕਿਹਾ ਕਿ ਪਿੰਡ ਵਿਚ ਜੋ ਨੌਜਵਾਨ ਨਸ਼ੇ ਕਰਦੇ ਹਨ ਉਨ੍ਹਾਂ ਨੂੰ ਇਕ ਚੰਗੇ ਤਰੀਕੇ ਨਾਲ ਇਸ ਪਾਸੇ ਤੋਂ ਮੋੜਿਆ ਜਾਂਦਾ ਹੈ ਅਤੇ ਸਬੰਧਤ ਥਾਣੇ ਵਿਚ ਉਨ੍ਹਾਂ ਦਾ ਕੋਈ ਕੇਸ ਨਹੀਂ। ਗੁਰਪ੍ਰੀਤ ਸਿੰਘ ਨੇ ਦਸਿਆ ਕਿ ਪਿੰਡ ਵਿਚ ਕੋਈ ਵੀ ਧੜੇਬੰਦੀ ਨਹੀਂ, ਸਾਰੇ ਲੋਕਾਂ ਵਿਚ ਆਪਸੀ ਭਾਈਚਾਰਾ ਬਣਿਆ ਹੋਇਆ ਹੈ।