ਹਾਈ ਕੋਰਟ ਦੀ ਜਜਮੈਂਟ ਸਾਹਮਣੇ ਆਉਣ ਤੋਂ ਬਾਅਦ ਬਾਦਲ ਦਲ ਮਨਾ ਰਿਹੈ ਜਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਲ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗਿਆ ਅਸਤੀਫ਼ਾ ਤੇ ਕੁੰਵਰ ਵਿਜੈ ਵਿਰੁਧ ਅਪਰਾਧਕ ਮਾਮਲਾ ਦਰਜ ਕਰਨ ਦੀ ਮੰਗ ਚੁੱਕੀ

Daljeet Singh Cheema

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਕੋਟਕਪੂਰਾ ਗੋਲੀ ਕਾਂਡ ਬਾਰੇ ਹਾਈ ਕੋਰਟ ਦੇ ਫ਼ੈਸਲੇ ਦੀ ਪੂਰੀ ਜਜਮੈਂਟ ਸਾਹਮਣੇ ਆਉਣ ਬਾਅਦ ਬਾਦਲ ਅਕਾਲੀ ਦਲ ਵਿਚ ਜਸ਼ਨ ਦਾ ਮਾਹੌਲ ਹੈ। ਇਥੇ ਪਾਰਟੀ ਦੇ ਸੂਬਾ ਹੈੱਡ ਕੁਆਰਟਰ ਵਿਖੇ ਇਸ ਮੁੱਦੇ ਨੂੰ ਲੈ ਕੇ ਪ੍ਰਮੁੱਖ ਅਕਾਲੀ ਆਗੂਆਂ ਵਲੋਂ ਕੀਤੀ ਪ੍ਰੈਸ ਕਾਨਫ਼ਰੰਸ ਵਿਚ ਵੀ ਅਜਿਹਾ ਮਾਹੌਲ ਦੇਖਣ ਨੂੰ ਮਿਲਿਆ।

ਬਾਦਲ ਦਲ ਨੇ ਹਾਈ ਕੋਰਟ ਦੇ ਫ਼ੈਸਲੇ ਵਿਚ ਜਾਂਚ ਅਫ਼ਸਰ ਕੁੰਵਰ ਵਿਜੇ ਵਿਰੁਧ ਕੀਤੀਆਂ ਟਿਪਣੀਆਂ ਅਤੇ ਬਾਦਲਾਂ ਨੂੰ ਦੋਸ਼ਾਂ ਤੋਂ ਮੁਕਤ ਕਰਨ ਦੀਆਂ ਟਿਪਣੀਆਂ ਦੇ ਆਧਾਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫ਼ਾ ਮੰਗਿਆ ਹੈ। ਹਾਈ ਕੋਰਟ ਦੇ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿਤਾ ਗਿਆ ਅਤੇ ਕੁੰਵਰ ਵਿਜੈ ਵਿਰੁਧ ਸਾਜ਼ਸ਼ ਰਚਣ ਦੇ ਦੋਸ਼ਾਂ ਵਿਚ ਅਪਰਾਧਕ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ।

ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨਕ ਕਰਦਿਆਂ ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਾਈ ਕੋਰਟ ਵਲੋਂ ਹਾਲ ਹੀ ਵਿਚ ਸੁਣਾਏ ਫ਼ੈਸਲੇ ਨੇ ਕਾਂਗਰਸ ਅਤੇ ਆਪ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਬਣਾਏ ਗਏ ਗਠਜੋੜ ਨੂੰ ਬੇਨਕਾਬ ਕਰ ਦਿਤਾ ਹੈ।

ਉਨ੍ਹਾਂ ਕਿਹਾ ਕਿ ਕਿਉਂਕਿ ਮੁੱਖ ਮੰਤਰੀ ਨੇ ਆਪ ਮੀਟਿੰਗਾਂ ਕਰ ਕੇ ਕਾਂਗਰਸ ਤੇ ਆਪ ਦੇ ਇਸ ਸਿਆਸੀ ਏਜੰਡੇ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਨਵਜੋਤ ਸਿੱਧੂ ਤੇ ਸੁਖਜਿੰਦਰ ਰੰਧਾਵਾ ਵਰਗਿਆਂ ਨਾਲ ਰਲ ਕੇ ਸਿਰੇ ਚੜ੍ਹਾਇਆ, ਇਸ ਲਈ ਉਨ੍ਹਾਂ ਨੂੰ ਹੁਣ ਅਪਣੇ ਅਹੁਦੇ ’ਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਤੇ ਉਨ੍ਹਾਂ ਨੂੰ ਤੁਰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਾਬਕਾ ਦਾਗੀ ਪੁਲਿਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪ੍ਰੋਮੋਟ ਕਰਨ ਤੇ ਉਸ ਦਾ ਬਚਾਅ ਕਰਨ ਵਿਚ ਕਾਂਗਰਸ ਦੇ ਨਾਲ ਰਲੇ ਹੋਏ ਹਨ ਜਦਕਿ ਕੁੰਵਰ ਵਿਜੇ ਪ੍ਰਤਾਪ ’ਤੇ ਸਾਜ਼ਸ਼ ਨੂੰ ਅੰਜਾਮ ਦੇਣ ਦਾ ਦੋਸ਼ ਲੱਗਾ ਹੈ। ਗਰੇਵਾਲ ਤੇ ਡਾ. ਚੀਮਾ ਨੇ 2015 ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਤੇਜ਼ ਰਫ਼ਤਾਰ ਜਾਂਚ ਦੀ ਮੰਗ ਵੀ ਕੀਤੀ ਤੇ ਕਿਹਾ ਕਿ ਇਨ੍ਹਾਂ ਕੇਸਾਂ ਵਿਚ ਚਲਾਨ ਤੁਰਤ ਦਾਇਰ ਹੋਣੇ ਚਾਹੀਦੇ ਹਨ ਤੇ ਕਿਹਾ ਕਿ ਕਾਂਗਰਸ ਸਰਕਾਰ ਨੇ ਅਸਲ ਦੋਸ਼ੀਆਂ ਨੂੰ ਫੜਨ ਦੀ ਥਾਂ ਲੋਕਾਂ ਦੀਆਂ ਭਾਵਨਾਵਾਂ ਭੜਕਾਉਣ ਵਿਚ ਚਾਰ ਸਾਲ ਬਰਬਾਦ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਦੋਸ਼ੀਆਂ ਨੂੰ ਫੜਨ ਦੇ ਹੱਕ ਵਿਚ ਰਿਹਾ ਹੈ ਤੇ ਉਹ ਹਮੇਸ਼ਾ ਕਹਿੰਦਾ ਆ ਰਿਹਾ ਹੈ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ, ਉਨ੍ਹਾਂ ਦਾ ਕੱਖ ਨਾ ਰਹੇ ਤੇ ਜਿਨ੍ਹਾਂ ਨੇ ਇਸ ਬੇਅਦਬੀ ’ਤੇ ਰਾਜਨੀਤੀ ਕੀਤੀ, ਉਨ੍ਹਾਂ ਦਾ ਵੀ ਕੱਖ ਨਾ ਰਹੇ।