ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਜੀ. ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਬਣੇ ਵਕੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਈ.ਏ.ਐਸ ਅਤੇ ਆਈ.ਪੀ.ਐਸ ਕੋਲ ਸੰਵਿਧਾਨਕ ਸ਼ਕਤੀਆਂ ਦੇ ਬਾਵਜੂਦ ਵੀ ਕਰਨੀ ਪੈਂਦੀ ਹੈ ਗ਼ੁਲਾਮੀ

Ex-IG Kunwar Vijay Pratap Singh set to assume lawyer’s role

ਸੰਗਰੂਰ (ਬਲਵਿੰਦਰ ਸਿੰਘ ਭੁੱਲਰ): ਦੇਸ਼ ਦੇ ਅਜੋਕੇ ਰਾਜਨੀਤਕ ਮਾਹੌਲ ਵਿਚ ਆਈ.ਏ.ਐਸ. ਅਤੇ ਆਈ.ਪੀ.ਐਸ. ਨੌਕਰਸ਼ਾਹਾਂ ਵਿਚ ਬੇਚੈਨੀ ਦਾ ਮਾਹੌਲ ਹੈ ਕਿਉਂਕਿ ਇਸ ਕਾਡਰ ਕੋਲ ਅਥਾਹ ਸੰਵਿਧਾਨਕ ਸ਼ਕਤੀਆਂ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਸਿਆਸਤਦਾਨਾਂ ਦੀ ਗੁਲਾਮੀ ਕਰਨੀ ਪੈਂਦੀ ਹੈ। ਇਸ ਦੀ ਮਜਬੂਰੀ ਇਹ ਵੀ ਹੈ, ਕਿ ਦੂਰ ਦੁਰੇਡੇ ਸਥਾਨਾਂ ਉਤੇ ਬਦਲੀਆਂ ਹੋ ਜਾਣ ਦੀ ਸੂਰਤ ਵਿਚ ਦੁਬਾਰਾ ਯੋਗ ਅਤੇ ਢੁਕਵੀਂ ਥਾਂ ਹਾਸਲ ਕਰਨ ਲਈ ਹਮੇਸ਼ਾ ਸਿਆਸਤਦਾਨਾਂ ਦੇ ਹੱਥਾਂ ਵਲ ਦੇਖਣਾ ਪੈਂਦਾ ਹੈ।

ਅਗਰ ਇਹ ਆਈ.ਪੀ.ਐਸ ਜਾਂ ਆਈ ਏ ਐਸ ਮੰਗ ਕਿ ਸਟੇਸ਼ਨ ਨਾ ਲੈਣ ਹੋ ਸਕਦਾ ਹੈ ਕਿ ਦੇਸ਼ ਅਤੇ ਸੂਬੇ ਦੇ ਵਿਗੜੇ ਸਿਸਟਮ ਨੁੰ ਸੁਧਾਰਨ ਵਿਚ ਇਨ੍ਹਾਂ ਦਾ ਅਹਿਮ ਯੋਗਦਾਨ ਹੋਵੇ। ਜੇਕਰ ਆਈ.ਪੀ.ਐਸ.ਜਾਂ ਆਈ.ਏ ਐਸ ਥੋੜਾ ਸਬਰ ਰੱਖਣ ਤਾਂ ਸਿਆਸਤਦਾਨਾ ਨੂੰ ਇਨ੍ਹਾਂ ਦੇ ਹੱਥਾਂ ਵਲ ਵੇਖਣਾ ਪੈ ਸਕਦਾ ਹੈ, ਕਿਉਂਕਿ ਇਨ੍ਹਾਂ ਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ।

ਪੰਜਾਬ ਦੇ ਆਈ.ਪੀ.ਐਸ. ਅਫ਼ਸਰ ਅਤੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜਾਬ ਵਿਚ ਰਾਜ ਕਰਦੀ ਕੈਪਟਨ ਅਮਰਿੰਦਰ ਸਿੰਘ ਦੀ ਸੂਬਾ ਸਰਕਾਰ ਵਲੋਂ ਬਰਗਾੜੀ-ਬਹਿਬਲਪੁਰ ਅਤੇ ਬੁਰਜ ਜਵਾਹਰ ਸਿੰਘ ਵਾਲਾ ਜ਼ਿਲ੍ਹਾ ਫ਼ਰੀਦਕੋਟ ਵਿਚ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਅਤੇ ਗੋਲੀਕਾਂਡ ਵਿਚ ਦੋ ਨੌਜਵਾਨਾਂ ਦੀ ਮੌਤ ਸਬੰਧੀ ਬਣਾਈ ਸਪੇਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਦਾ ਮੁਖੀ ਬਣਾਇਆ ਗਿਆ ਸੀ ਪਰ ਉਨ੍ਹਾਂ ਵਲੋਂ ਕਈ ਮਹੀਨੇ ਲਗਾਤਾਰ ਕੀਤੀ ਗਈ।

ਗਹਿਰੀ ਜਾਂਚ ਪੜਤਾਲ ਤੋਂ ਬਾਅਦ ਜਦੋਂ ਉਨ੍ਹਾਂ ਅਪਣੀ ਰੀਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜਾਂ ਨੂੰ ਸੌਂਪੀ ਤਾਂ ਉਨ੍ਹਾਂ ਇਹ ਕਹਿ ਕੇ ਰੱਦ ਕਰ ਦਿਤੀ ਕਿ ਆਈ.ਪੀ.ਐਸ. ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਵਿਚ ਤਿਆਰ ਕੀਤੀ ਗਈ ਸਿਟ ਦੀ ਰੀਪੋਰਟ ਪੱਖਪਾਤੀ ਹੈ ਅਤੇ ਇਸ ਵਿਚ ਬਹੁਤ ਸਾਰੇ ਗਵਾਹਾਂ ਅਤੇ ਦੋਸ਼ੀਆਂ ਦੇ ਬਿਆਨ ਆਈ.ਜੀ. ਵਲੋਂ ਅਪਣੀ ਮਰਜ਼ੀ ਨਾਲ ਲਿਖੇ ਗਏ ਹਨ। 

ਹਾਈ ਕੋਰਟ ਦੇ ਇਸ ਰਵੱਈਏ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ (ਆਈ.ਪੀ.ਐਸ) ਨੇ ਪਹਿਲਾਂ ਅਪਣੇ ਅਹੁਦੇ ਤੋਂ ਅਸਤੀਫ਼ਾ ਦਿਤਾ ਅਤੇ ਬਾਅਦ ਵਿਚ ਇਸ ਮਾਮਲੇ ਦੀ ਖ਼ੁਦ ਪੈਰਵੀਂ ਅਤੇ ਵਕਾਲਤ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀ ਬਾਰ ਕੌਂਸਲ ਕੋਲ ਰਜਿਸਟ੍ਰੇਸ਼ਨ ਕਰਵਾਈ ਅਤੇ ਪ੍ਰੈਕਟਿਸ ਵਾਸਤੇ ਬਤੌਰ ਵਕੀਲ ਲਾਈਸੈਂਸ ਹਾਸਲ ਕੀਤਾ। 

ਹੁਣ ਹਾਲਾਤ ਹੋਰ ਵੀ ਜ਼ਿਆਦਾ ਦਿਲਚਸਪ ਹੋ ਚੁੱਕੇ ਹਨ ਕਿਉਂਕਿ ਪੰਜਾਬ ਦੀਆਂ ਕਈ ਰਾਜਨੀਤਕ ਪਾਰਟੀਆਂ ਉਨ੍ਹਾਂ ਦੀ ਸਾਫ਼ ਸੁਥਰੀ ਛਵੀ ਅਤੇ ਦਿਖ ਕਾਰਨ ਉਨ੍ਹਾਂ ਨੂੰ ਅਪਣੀ ਪਾਰਟੀ ਦਾ ਟਿਕਟ ਦੇ ਕੇ ਨਿਵਾਜਣਾ ਚਾਹੁੰਦੀਆਂ ਹਨ ਅਤੇ ਉਨ੍ਹਾਂ ਉਤੇ ਲਗਾਤਾਰ ਡੋਰੇ ਪਾਉਣ ਦਾ ਯਤਨ ਵੀ ਕਰ ਰਹੀਆਂ ਹਨ। ਹੁਣ ਇਸ ਸਾਰੇ ਅਧਿਆਏ ਵਿਚੋਂ ਇਕ ਗੱਲ ਸਪੱਸ਼ਟ ਹੁੁੰਦੀ ਨਜ਼ਰ ਆ ਰਹੀ ਹੈ ਕਿ ਅੰਤ ਵਿਚ ਉਨ੍ਹਾਂ ਨੂੰ ਵੀ ਸੂਬੇ ਦੀ ਰਾਜਨੀਤੀ ਵਿਚ ਆਉਣਾ ਹੀ ਪਵੇਗਾ ਕਿਉਂਕਿ ਇਹ ਖੇਤਰ ਸੱਭ ਤੋਂ ਸ਼ਕਤੀਸ਼ਾਲੀ, ਮਨਭਾਉਂਦਾ ਅਤੇ ਸੱਭ ਤੋਂ ਲੁਭਾਵਣਾ ਹੈ।