ਦਿੱਲੀ ’ਚ ਇਕ ਹੋਰ ਹਫ਼ਤੇ ਲਈ ਵਧਾਈ ਗਈ ਤਾਲਾਬੰਦੀ : ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ’ਚ ਇਕ ਹੋਰ ਹਫ਼ਤੇ ਲਈ ਵਧਾਈ ਗਈ ਤਾਲਾਬੰਦੀ : ਅਰਵਿੰਦ ਕੇਜਰੀਵਾਲ

image

ਦਿੱਲੀ ਸਰਕਾਰ 11 ਹਜ਼ਾਰ ਹੋਰ ਮਜ਼ਦੂਰਾਂ ਨੂੰ ਪੰਜ ਹਜ਼ਾਰ ਰੁਪਏ ਦੀ ਆਰਥਕ ਮਦਦ ਦੇਵੇਗੀ 

ਨਵੀਂ ਦਿੱਲੀ, 25 ਅਪ੍ਰੈਲ : ਕੋਰੋਨਾ ਵਾਇਰਸ ਦੇ ਵਧਦੇ ਖ਼ਤਰੇ ਨੂੰ ਵੇਖਦਿਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਤਾਲਾਬੰਦੀ ਇਕ ਹਫ਼ਤੇ ਲਈ ਹੋਰ ਵਧਾ ਦਿਤੀ ਹੈ। ਇਹ ਐਲਾਨ ਉਨ੍ਹਾਂ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਜ਼ਰੀਏ ਕੀਤਾ। ਕੇਜਰੀਵਾਰ ਨੇ ਕਿਹਾ ਕਿ 19 ਅਪ੍ਰੈਲ ਦੀ ਰਾਤ ਨੂੰ ਲਗਾਈ ਗਈ ਤਾਲਾਬੰਦੀ ਤਿੰਨ ਮਈ ਸਵੇਰੇ 5 ਵਜੇ ਤਕ ਵਧਾ ਦਿਤੀ ਗਈ ਹੈ। ਰਾਸ਼ਟਰੀ ਰਾਜਧਾਨੀ ’ਚ ਪਹਿਲਾਂ ਤਾਲਾਬੰਦੀ 26 ਅਪ੍ਰੈਲ ਨੂੰ ਸਵੇਰੇ 5 ਵਜੇ ਖ਼ਤਮ ਹੋਣੀ ਸੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਕੋਰੋਨਾ ਕੇਸ ਲਗਾਤਾਰ ਵਧ ਰਹੇ ਹਨ, ਇਸ ਲਈ ਅਸੀਂ ਤਾਲਾਬੰਦੀ ਵਧਾ ਰਹੇ ਹਾਂ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਤਾਲਾਬੰਦੀ ਹੀ ਆਖ਼ਰੀ ਹਥਿਆਰ ਹੈ। ਜਿਸ ਤਰ੍ਹਾਂ ਨਾਲ ਕੇਸ ਵਧ ਰਹੇ ਹਨ, ਇਹ ਆਖ਼ਰੀ ਹਥਿਆਰ ਇਸਤੇਮਾਲ ਕਰਨਾ ਜ਼ਰੂਰੀ ਹੋ ਗਿਆ ਸੀ। ਇਸ ਲਈ ਅਸੀਂ ਲਾਕਡਾਊਨ ਵਧਾਉਣ ਦਾ ਫ਼ੈਸਲਾ ਕੀਤਾ। 6 ਦਿਨ ਦੇ ਤਾਲਾਬੰਦੀ ਤੋਂ ਬਾਅਦ ਵੀ ਰਾਜਧਾਨੀ ’ਚ ਕੋਰੋਨਾ ਦੇ ਕੇਸ ਘੱਟ ਹੁੰਦੇ ਨਜ਼ਰ ਨਹੀਂ ਆ ਰਹੇ ਹਨ। 
ਉਨ੍ਹਾਂ ਕਿਹਾ, ‘‘ਸਾਰਿਆਂ ਨੇ ਤਾਲਾਬੰਦੀ ਨੂੰ ਵਧਾਉਣ ਲਈ ਵੋਟ ਦਿਤੀ। ਪਿਛਲੇ ਕੁੱਝ ਦਿਨਾਂ ’ਚ ਲਾਗ ਦਰ ਵੱਧ ਕੇ 36-37 ਫ਼ੀ ਸਦੀ ਪਹੁੰਚ ਗਈ ਸੀ। ਹਾਲਾਂਕਿ ਇਹ ਹੁਣ ਮਾਮੂਲੀ ਜਿਹੀ ਘੱਟੀ ਹੈ। ਇਹ ਅੱਜ ਕਰੀਬ 29 ਫ਼ੀ ਸਦੀ ਹੈ।’’ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ’ਚ ਆਕਸੀਜਨ ਦੀ ਭਾਰੀ ਕਮੀ ਹੈ। ਇਸ ਸਮੇਂ ਦਿੱਲੀ ’ਚ ਆਕਸੀਜਨ ਦੀ ਜ਼ਰੂਰਤ 700 ਟਨ ਦੀ ਹੈ ਅਤੇ ਸਾਨੂੰ ਕੇਂਦਰ ਸਰਕਾਰ ਤੋਂ 480 ਟਨ
 ਆਕਸੀਜਨ ਮਿਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਹਾਲਾਂਕਿ ਆਕਸੀਜਨ ਦੀ ਪੂਰੀ ਸਪਲਾਈ ਨਹੀਂ ਹੋ ਰਹੀ ਹੈ। ਕਈ ਥਾਵਾਂ ’ਤੇ ਆਕਸੀਜਨ ਨਹੀਂ ਪਹੁੰਚ ਰਹੀ। ਇਹ ਹੀ ਵਜ੍ਹਾ ਹੈ ਕਿ ਦਿੱਲੀ ’ਚ ਆਕਸੀਜਨ ਦੀ ਘਾਟ ਕਾਫੀ ਜ਼ਿਆਦਾ ਹੈ। ਕੇਜਰੀਵਾਲ ਨੇ ਬੀਤੇ ਦਿਨ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਉਨ੍ਹਾਂ ਤੋਂ ਆਕਸੀਜਨ ਉਪਲੱਬਧ ਕਰਾਉਣ ਦੀ ਬੇਨਤੀ ਕੀਤੀ। ਮੁੱਖ ਮੰਤਰੀ ਨੇ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ ਵਾਧੂ ਆਕਸੀਜਨ ਹੈ, ਤਾਂ ਦਿੱਲੀ ਨੂੰ ਉਪਲੱਬਧ ਕਰਵਾਉ। 
ਇਸ ਨਾਲ ਹੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਐਲਾਨ ਕੀਤਾ ਕਿ ਦਿੱਲੀ ਸਰਕਾਰ 11 ਹਜ਼ਾਰ ਹੋਰ ਮਜ਼ਦੂਰਾਂ ਨੂੰ ਪੰਜ ਹਜ਼ਾਰ ਰੁਪਏ ਦੀ ਆਰਥਕ ਮਦਦ ਦੇਵੇਗੀ।    (ਏਜੰਸੀ)