ਭਾਜਪਾ ਵਾਲੇ ਨੱਥੂ ਰਾਮ ਗੋਡਸੇ ਦੀ ਪੂਜਾ ਕਰਨ ਅਤੇ ਉਸ ਦੇ ਮੰਦਰ ਬਣਾਉਣ ਵਿਚ ਲੱਗੇ 

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਵਾਲੇ ਨੱਥੂ ਰਾਮ ਗੋਡਸੇ ਦੀ ਪੂਜਾ ਕਰਨ ਅਤੇ ਉਸ ਦੇ ਮੰਦਰ ਬਣਾਉਣ ਵਿਚ ਲੱਗੇ 

image

ਸਿਰਸਾ, 24 ਅਪ੍ਰੈਲ (ਸੁਰਿੰਦਰ ਪਾਲ ਸਿੰਘ): ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਪੱਕਤਾ ਰਾਕੇਸ਼ ਟਿਕੈਤ ਨੇ ਤੇਜਾਖੇੜਾ ਫ਼ਾਰਮ ਹਾਊਸ ਵਿਖੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਾਲ ਮੁਲਾਕਾਤ ਦੌਰਾਨ ਭਾਜਪਾ ਦੀਆਂ ਫਿਰਕੂ ਅਤੇ ਲੋਕ ਮਾਰੂ ਨੀਤੀਆ ਤੇ ਜ਼ੋਰਦਾਰ ਤਰਕ ਵਿਵੇਕ ਹਮਲੇ ਬੋਲਦੇ ਹੋਏ ਕਿਹਾ ਕਿ ਦੇਵੀ ਲਾਲ ਪਰਵਾਰ ਨਾਲ ਉਨ੍ਹਾਂ ਦੇ ਚੌਥੀ ਪੀੜ੍ਹੀ ਦੇ ਸੰਬੰਧ ਹਨ |  ਉਨ੍ਹਾਂ ਕਿਹਾ ਕਿ ਜਦੋਂ ਤਾਊ ਦੇਵੀ ਲਾਲ ਮੁੱਖ ਮੰਤਰੀ ਸਨ ਤਾਂ ਉਦੋਂ ਤੋਂ ਹੀ ਉਹ ਉਨ੍ਹਾਂ ਨੂੰ  ਮਿਲਣ ਆਇਆ ਕਰਦੇ ਸਨ | 
ਫ਼ਾਰਮ ਹਾਊਸ ਵਿਚ ਪ੍ਰੈੱਸ ਵਾਰਤਾ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਸ ਹਤਿਆਰੇ ਨੱਥੂ ਰਾਮ ਗੌਡਸੇ ਨੇ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਨੂੰ  ਗੋਲੀ ਮਾਰੀ ਸੀ ਇਹ ਭਾਜਪਾ ਵਾਲੇ ਇਸੇ ਗੋਡਸੇ ਦੀ ਪੂਜਾ ਕਰਨ ਅਤੇ ਉਸ ਦੇ ਮੰਦਰ ਬਨਾਉਣ ਵਿਚ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਅਮਨ ਪਸੰਦ ਲੋਕਾਂ ਲਈ ਸੱਭ ਤੋਂ ਖ਼ਤਰਨਾਕ ਵਰਤਾਰਾ ਹੈ | 
ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਤੇ ਵਰ੍ਹਦਿਆਂ ਕਿਹਾ ਕਿ ਖੱਟਰ ਕੋਈ ਫ਼ੌਜੀ ਜਰਨੈਲ ਨਹੀਂ ਜੋ ਸ਼ਾਂਤੀ ਪੂਰਵਕ ਬੈਠੇ ਕਿਸਾਨਾਂ ਨੂੰ  ਧਰਨਾ ਸਥਾਨ ਤੋਂ ਹਟਾ ਦੇਣਗੇ | ਉਨ੍ਹਾਂ ਕਿਹਾ ਕਿ ਹੁਣ ਭਾਰਤ ਦੇ ਕਿਸਾਨਾਂ ਲਈ ਦਿੱਲੀ ਸਰਹੱਦ ਉਨ੍ਹਾਂ ਦੇ ਘਰ ਬਣ ਚੁੱਕੇ ਹਨ | ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਰਾਕੇਸ਼ ਟਕੈਤ ਨੂੰ  ਕਿਸਾਨ ਅੰਦੋਲਨ ਨੂੰ  ਸਹੀ ਦਿਸ਼ਾ ਵਲ ਲਿਜਾਣ ਤੇ ਉਨ੍ਹਾਂ ਨੂੰ  ਮੁਬਾਰਕਬਾਦ ਵੀ ਦਿਤੀ | ਇਸ ਤੋਂ ਉਪਰੰਤ ਕਿਸਾਨ ਨੇਤਾ ਰਾਕੇਸ਼ ਟਿਕੈਤ ਭਾਵਦੀਨ ਟੋਲ ਪਲਾਜ਼ੇ ਸਮੇਤ ਔਢਾਂ ਅਤੇ ਪੰਜੁਆਣਾ ਦੇ ਕਿਸਾਨਾਂ ਦੇ ਵਿਚਕਾਰ ਵੀ ਪੁੱਜੇ | 

ਇੱਥੇ ਪੁੱਜਣ ਉੱਤੇ ਲੋਕਾਂ ਨੇ ਉਨ੍ਹਾਂ ਦਾ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ | ਕਿਸਾਨਾਂ ਵਿਚ ਜੋਸ਼ ਭਰਦਿਆਂ ਟਿਕੈਤ ਨੇ ਕਿਹਾ ਕਿ ਹੁਣ ਕਟਾਈ ਅਤੇ ਬਿਜਾਈ ਦਾ ਕੰਮ ਨਿਬੜ ਚੁਕਿਆ ਹੈ | ਇਸ ਲਈ ਕਿਸਾਨ ਵੱਡੀ ਗਿਣਤੀ ਵਿਚ ਦਿੱਲੀ ਪੁਜਣਾ ਸ਼ੁਰੂ ਹੋ ਜਾਣਗੇ | 
ਉਨ੍ਹਾਂ ਕਿਹਾ ਕਿ ਕਿਸਾਨ ਦਿੱਲੀ ਵਿਚੋਂ ਅਪਣੇ ਹੱਕ ਲੈ ਕੇ ਹੀ ਵਾਪਸ ਮੁੜਣਗੇ | ਉਨ੍ਹਾਂ ਕਿਹਾ ਕਿ ਜੇ ਇਹ ਲੋਕ 5 ਸਾਲ ਸਰਕਾਰ ਚਲਾ ਸਕਦੇ ਹਨ ਤਾਂ ਅਸੀ ਵੀ ਅਪਣਾ ਅੰਦੋਲਨ 5 ਸਾਲ ਜਾਰੀ ਰੱਖ ਸਕਦੇ ਹਾਂ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਿੱਦ ਫੜ ਰੱਖੀ ਹੈ ਤਾਂ ਕਿਸਾਨ ਵੀ ਪਿੱਛੇ ਹੱਟਣ ਵਾਲੇ ਨਹੀਂ ਹਨ | ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਦੇ ਬਹਾਨੇ ਕਿਸਾਨਾਂ ਦਾ ਅੰਦੋਲਨ ਕੁਚਲਣਾ ਚਾਹੁੰਦੀ ਹੈ ਪਰ ਕਿਸਾਨ ਏਕਤਾ ਸਰਕਾਰ ਦੇ ਸਾਰੇ ਭੁਲੇਖੇ ਦੂਰ ਕਰ ਰਹੀ ਹੈ | ਇਸ ਮੌਕੇ ਰਾਹ ਵਿਚ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕਰਨ ਵਾਲਿਆਂ ਵਿਚ ਕਿਸਾਨ ਨੇਤਾ ਗੁਰਦਾਸ ਸਿੰਘ ਲੱਕੜਵਾਲੀ, ਕੌਰ ਸਿੰਘ ਕੁੰਡਰ, ਗੁਰਚੇਤ ਸਿੰਘ, ਕੇਵਲ ਮਲਹਾਨ ਮਨਜੀਤ ਸਿੰਘ ਮਹਿਰਾਜਕਾ ਅਤੇ ਰਾਜਾ ਮਲਹਾਨ ਸਮੇਤ ਬਹੁਤ ਸਾਰੇ ਕਿਸਾਨ ਆਗੂ ਮੌਜੂਦ ਸਨ |

ਤਸਵੀਰ- ਤੇਜਾਖੇੜਾ ਫਾਰਮ ਹਾਊਸ ਵਿਖੇ ਰਾਕੇਸ਼ ਟਿਕੈਤ ਸਾਬਕਾ ਮੁੱਖ ਮੰਤਰੀ ਨੂੰ  ਮਿਲਦੇ ਹੋਏ |