ਨਵਜੋਤ ਸਿੱਧੂ ਅਪਣੀ ਹੀ ਸਰਕਾਰ ’ਤੇ ਹਮਲਾਵਰ, ਟਵੀਟ ਕਰ ਕੇ ਫਿਰ ਚੁੱਕੇ ਸਵਾਲ 

ਏਜੰਸੀ

ਖ਼ਬਰਾਂ, ਪੰਜਾਬ

ਕੱਲ੍ਹ ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ’ਤੇ ਕੀਤਾ ਸੀ ਪਲਟਵਾਰ

Navjot Sidhu

ਚੰਡੀਗੜ੍ਹ : ਬੇਅਦਬੀ ਮਾਮਲੇ ਨੂੰ ਲੈ ਕੇ ਨਵਜੋਤ ਸਿੱਧੂ ਲਗਾਤਾਰ ਸਰਕਾਰ 'ਤੇ ਤੰਜ਼ ਕੱਸਦੇ ਆ ਰਹੇ ਹਨ। ਨਵਜੋਤ ਸਿੱਧੂ ਲਗਾਤਾਰ ਬੇਅਦਬੀ ਮਾਮਲੇ ਨੂੰ ਲੈ ਕੇ ਟਵੀਟ ਕਰਦੇ ਆ ਰਹੇ ਹਨ ਤੇ ਅੱਜ ਫਿਰ ਉਨ੍ਹਾਂ ਟਵੀਟ ਕਰ ਕੇ ਮੁੱਖ ਮੰਤਰੀ ਦਾ ਨਾਂ ਲਏ ਬਿਨਾਂ ਅਪਣੀ ਹੀ ਸਰਕਾਰ ਨੂੰ ਘੇਰਨ ਦਾ ਯਤਨ ਕਰਦਿਆਂ ਕਈ ਸਵਾਲ ਚੁੱਕੇ ਹਨ? ਉਹਨਾਂ ਨੇ ਟਵੀਟ ਕਰ ਕੇ ਲਿਖਿਆ, ''ਅਦਾਲਤੀ ਨਿਰਣੇ ਦਾ ਅਰਥ ਇਹ ਨਹੀਂ ਕਿ ਬਾਦਲਾਂ ਵਿਰੁੱਧ ਕੋਈ ਸਬੂਤ ਨਹੀਂ ਹੈ। ਇਸ ਦਾ ਮਤਲਬ ਕੇਵਲ ਏਨਾ ਹੈ ਕਿ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ, ਕਿਉਂ ? ... ਇਹ ਰਾਹਤ ਬਾਦਲਾਂ ਲਈ ਸਿਰਫ਼ ਉਦੋਂ ਤੱਕ ਹੀ ਹੈ ਜਦ ਤੱਕ ਇੱਕ ਨਿਰਪੱਖ ਜਾਂਚ ਇਨ੍ਹਾਂ ਨੂੰ ਬਣਦੀ ਸਜ਼ਾ ਤੱਕ ਨਹੀਂ ਲੈ ਜਾਂਦੀ ...ਅਜੇ ਖ਼ਲਾਸੀ ਨਹੀਂ ਹੋਈ, ਸਿਰਫ਼ ਕੁੱਝ ਸਮਾਂ ਹੋਰ ਮਿਲਿਆ ਹੈ ਬਸ ...ਆਓ ਇਨਸਾਫ਼ ਖ਼ਾਤਰ ਲੜੀਏ !!

ਦੱਸ ਦਈਏ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਲਿਖਿਆ ਸੀ, ''ਜੇ ਚਾਰਜਸ਼ੀਟ ਵਿਚ ਪ੍ਰਕਾਸ਼ ਸਿੰਘ ਤੇ ਸੁਖਬੀਰ ਬਾਦਲ ਦੇ ਨਾਮ ਆਉਣ ਤੋਂ ਦੋ ਸਾਲ ਬਾਅਦ ਵੀ ਉਨ੍ਹਾਂ ਖ਼ਿਲਾਫ਼ ਚਲਾਨ ਪੇਸ਼ ਨਹੀਂ ਹੋਇਆ ਅਤੇ ਨਾ ਹੀ ਉਨ੍ਹਾਂ ਦਾ ਨਾਮ ਐੱਫ. ਆਈ. ਆਰ ’ਚ ਪਾਇਆ ਗਿਆ ਤਾਂ ਸਾਨੂੰ ਇਨਸਾਫ਼ ਕਿਵੇਂ ਮਿਲੇਗਾ ? ਇਨ੍ਹਾਂ ਦੋਹਾਂ ਵਿਰੁੱਧ ਸਬੂਤ ਅਦਾਲਤ ਸਾਹਮਣੇ ਕਿਉਂ ਪੇਸ਼ ਨਹੀਂ ਕੀਤੇ ਗਏ ? ਪੰਜਾਬ ਦੇ ਸਭ ਤੋਂ ਅਹਿਮ ਇਸ ਕੇਸ ਨੂੰ ਠੰਢੇ ਬਸਤੇ ’ਚ ਪਾਉਣ ਅਤੇ ਲੀਹੋਂ ਲਾਹੁਣ ਲਈ ਕੌਣ ਜ਼ਿੰਮੇਵਾਰ ਹੈ?''

ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਨਵਜੋਤ ਸਿੱਧੂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਵਿਰੋਧ ਵਿਚ ਸਾਹਮਣੇ ਆਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਧੂ ਦੋਹਰੀ ਨੀਤੀ ’ਤੇ ਕੰਮ ਕਰਦੇ ਹਨ। ਉਨ੍ਹਾਂ ਸਿੱਧੂ ਤੇ ਪਲਟਵਾਰ ਕਰਦਿਆਂ ਸਵਾਲ ਪੁਛਿਆ ਕਿ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਸਮੇਂ ਬਾਦਲ ਸਰਕਾਰ ਸੀ ਅਤੇ ਆਪ ਉਦੋਂ ਕਿਉਂ ਖਾਮੋਸ਼ ਰਹੇ? ਰੰਧਾਵਾ ਨੇ ਕਿਹਾ ਕਿ ਸਿੱਧੂ ਉਸ ਸਮੇਂ ਭਾਜਪਾ ਵਿਚ ਸਨ ਅਤੇ ਉਨ੍ਹਾਂ ਦੀ ਪਤਨੀ ਮੁੱਖ ਸੰਸਦੀ ਸਕੱਤਰ ਸੀ ਪਰ ਹੁਣ ਵਾਰ ਵਾਰ ਬੋਲ ਰਹੇ ਹਨ। ਰੰਧਾਵਾ ਨੇ ਕੁੰਵਰ ਵਿਜੈ ਪ੍ਰਤਾਪ ’ਤੇ ਵੀ ਸਵਾਲ ਚੁਕਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਂਚ ਦੀਆਂ ਗੱਲਾਂ ਜਨਤਕ ਨਹੀਂ ਸਨ ਕਰਨੀਆਂ ਚਾਹੀਦੀਆਂ। ਇਸ ਨਾਲ ਵੀ ਨੁਕਸਾਨ ਹੋਇਆ।