ਮੋਦੀ ਹਕੂਮਤ ਦੇ ਸਾਜ਼ਸ਼ੀ ਮਨਸੂਬਿਆਂ ਨੂੰ ਮਾਤ ਦੇਣ ਲਈ ਸੰਸਦ ਮਾਰਚ ਕਰਨਾ ਪਿਆ ਮੁਲਤਵੀ : ਉਗਰਾਹਾਂ
ਕਿਹਾ, ਇਸ ਸਮੇਂ ਸਾਡਾ ਧਿਆਨ ਦਿੱਲੀ ਮੋਰਚਿਆਂ ਦੀ ਰਾਖੀ ’ਤੇ ਕੇਂਦਰਤ
ਚੰਡੀਗੜ੍ਹ (ਭੁੱਲਰ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ ਦੇ ਇਕ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਦਸਿਆ ਕਿ ਸੰਸਦ ਵਲ ਮਾਰਚ ਮੁਲਤਵੀ ਕਰਨ ਦਾ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਮੋਦੀ ਸਰਕਾਰ ਦਿੱਲੀ ਮੋਰਚਿਆਂ ’ਤੇ ਜਬਰ ਢਾਹੁਣ ਤੇ ਇਨ੍ਹਾਂ ਨੂੰ ਉਖੇੜਨ ਲਈ ਕੋਈ ਨਾ ਕੋਈ ਬਹਾਨਾ ਤਲਾਸ਼ ਰਹੀ ਹੈ। ਇਹ ਬਹਾਨਾ ਕੋਰੋਨਾ ਬਿਮਾਰੀ ਦੇ ਫੈਲਣ ਦਾ ਵੀ ਹੋ ਸਕਦਾ ਹੈ ਤੇ ਇਹ ਬਹਾਨਾ ਸਾਡੇ ਕਿਸੇ ਐਕਸ਼ਨ ਨੂੰ ਹਿੰਸਕ ਰੰਗਤ ਦੇਣ ਰਾਹੀਂ ਵੀ ਬਣਾਇਆ ਜਾ ਸਕਦਾ ਹੈ।
ਲੋਕ ਦੋਖੀ ਸਾਜ਼ਸ਼ਾਂ ਰਚਣ ਦੀ ਵਿਸ਼ੇਸ਼ ਮੁਹਾਰਤ ਰੱਖਦੀ ਮੋਦੀ ਸਰਕਾਰ ਅਪਣੇ ਏਜੰਟਾਂ ਰਾਹੀਂ ਮਾਰਚ ਅੰਦਰ ਘੁਸਪੈਠ ਕਰ ਕੇ ਹਿੰਸਕ ਟਕਰਾਅ ਦਾ ਮਾਹੌਲ ਪੈਦਾ ਕਰ ਸਕਦੀ ਹੈ ਤੇ ਇਸ ਬਹਾਨੇ ਮੋਰਚਿਆਂ ’ਤੇ ਮੋੜਵਾਂ ਜਾਬਰ ਹੱਲਾ ਬੋਲ ਸਕਦੀ ਹੈ।
ਇਸ ਲਈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਿਸੇ ਵੀ ਅਜਿਹੀ ਕਿਸਮ ਦੇ ਐਕਸ਼ਨ ਤੋਂ ਪਰਹੇਜ ਕਰ ਰਹੇ ਹਨ ਜਿਸ ਵਿਚ ਭਾਜਪਾ ਦੇ ਹੱਥਾਂ ਵਿਚ ਖੇਡਣ ਵਾਲੀਆਂ ਸੰਘਰਸ਼ ਵਿਰੋਧੀ ਤਾਕਤਾਂ ਘੁਸਪੈਠ ਕਰ ਸਕਣ ਤੇ ਉਸ ਐਕਸ਼ਨ ਨੂੰ ਸਰਕਾਰ ਮਨ ਚਾਹੇ ਢੰਗ ਨਾਲ ਅਪਣੇ ਫਾਸ਼ੀ ਮਨਸੂਬਿਆਂ ਲਈ ਵਰਤ ਸਕੇ।
26 ਜਨਵਰੀ ਦੀਆਂ ਘਟਨਾਵਾਂ ਵੀ ਕੇਂਦਰੀ ਹਕੂਮਤ ਦੀ ਅਜਿਹੀ ਹੀ ਸਾਜ਼ਸ਼ ਸੀ ਤੇ ਅਜਿਹੀ ਸਾਜ਼ਸ਼ ਦੁਬਾਰਾ ਦੁਹਰਾਏ ਜਾਣ ਦੀ ਇਜਾਜ਼ਤ ਨਹੀਂ ਦਿਤੀ ਜਾ ਸਕਦੀ। ਉਨ੍ਹਾਂ ਅੱਗੇ ਕਿਹਾ ਕਿ ਇਸ ਵੇਲੇ ਸਾਡਾ ਸਾਰਾ ਧਿਆਨ ਦਿੱਲੀ ਮੋਰਚਿਆਂ ਦੀ ਰਾਖੀ ’ਤੇ ਕੇਂਦਰਿਤ ਹੈ ਜਿਸ ਨੂੰ ਸਰਕਾਰ ਕੋਰੋਨਾ ਸੰਕਟ ਦੀ ਆੜ ਲੈ ਕੇ ਉਖੇੜਨਾ ਚਾਹੁੰਦੀ ਹੈ।