ਕੋਟਕਪੂਰਾ ਗੋਲੀ ਕਾਂਡ ਦੀ ਪੂਰੀ ਜੱਜਮੈਂਟ ਆਉਣ ਬਾਅਦ ਪੰਜਾਬ ਦੀ ਸਿਆਸਤ ਭਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੱਤਾਧਿਰ ਤੇ ਵਿਰੋਧੀ ਪਾਰਟੀਆਂ ਵਿਚਕਾਰ ਬਿਆਨਬਾਜ਼ੀ ਹੋਈ ਤੇਜ਼

Kotkapura Goli kand

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਬੀਤੇ ਦਿਨੀਂ ਕੋਟਕਪੂਰਾ ਗੋਲੀ ਕਾਂਡ ਦੇ ਫ਼ੈਸਲੇ ਸਬੰਧੀ 89 ਸਫ਼ਿਆਂ ਦੀ ਜੱਜਮੈਂਟ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਸੂਬੇ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖ ਗਿਆ ਹੈ। ਜਿਥੇ ਸੱਤਾਧਿਰ ਤੇ ਵਿਰੋਧੀ ਪਾਰਟੀਆਂ ਵਿਚਕਾਰ ਇਕ ਦੂਜੇ ਵਿਰੋਧੀ ਬਿਆਨਬਾਜ਼ੀ ਜ਼ੋਰ ਫੜ ਰਹੀ ਹੈ, ਉਥੇ ਕੈਪਟਨ ਸਰਕਾਰ ਤੇ ਪੰਜਾਬ ਕਾਂਗਰਸ ਦੀ ਚਿੰਤਾ ਵੱਧ ਗਈ ਹੈ। 

ਕੈਪਟਨ ਸਰਕਾਰ ਜੱਜਮੈਂਟ ਦੇ ਗਹਿਰਾਈ ਵਿਚ ਮੰਥਨ ਲਈ ਜੁਟ ਗਈ ਹੈ ਅਤੇ ਦਸਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਅਪਣੇ ਸੂਬੇ ਦੀ ਕਾਨੂੰਨੀ ਟੀਮ ਨੂੰ ਫ਼ੈਸਲੇ ਦੇ ਸਾਰੇ ਪੱਖਾਂ ਦਾ ਅਧਿਐਨ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਕੁੱਝ ਹੋਰ ਵੱਡੇ ਵਕੀਲਾਂ ਨਾਲ ਵੀ ਵਿਚਾਰ ਵਟਾਂਦਰਾ ਸ਼ਰੁੂ ਕਰ ਦਿਤਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਾਰਨ ਸੂਬੇ ਦੀ ਕਾਂਗਰਸ ਅੰਦਰ ਵੀ ਵੱਡੀ ਹਿਲਜੁਲ ਪੈਦਾ ਹੋ ਗਈ ਹੈ ਜਦਕਿ ਬਾਦਲ ਪ੍ਰਵਾਰ ਫ਼ੈਸਲੇ ਬਾਅਦ ਵੱਡੀ ਰਾਹਤ ਮਹਿਸੂਸ ਕਰ ਰਿਹਾ ਹੈ।

ਨਵਜੋਤ ਸਿੱਧੂ ਅਪਣੀ ਹੀ ਸਰਕਾਰ ’ਤੇ ਹਮਲਾਵਰ
ਕਈ ਦਿਨਾਂ ਤੋਂ ਅਪਣੀ ਹੀ ਪਾਰਟੀ ਦੀ ਸਰਕਾਰ ’ਤੇ ਲਗਾਤਾਰ ਨਿਸ਼ਾਨੇ ਸਾਧ ਰਹੇ ਬਹੁ ਚਰਚਿਤ ਨੇਤਾ ਤੇ ਵਿਧਾਇਕ ਨਵਜੋਤ ਸਿੱਧੂ ਹੁਣ ਲਗਾਤਾਰ ਹਮਲਾਵਰ ਰੂਪ ਵਿਚ ਸਾਹਮਣੇ ਆ ਰਹੇ ਹਨ। ਅੱਜ ਫਿਰ ਉਨ੍ਹਾਂ ਟਵੀਟ ਕਰ ਕੇ ਮੁੱਖ ਮੰਤਰੀ ਦਾ ਨਾਂ ਲਏ ਬਿਨਾਂ ਅਪਣੀ ਹੀ ਸਰਕਾਰ ਨੂੰ ਘੇਰਨ ਦਾ ਯਤਨ ਕਰਦਿਆਂ ਕਈ ਸਵਾਲ ਚੁੱਕੇ ਹਨ? ਉਨ੍ਹਾਂ ਪੁਛਿਆ ਕਿ 2 ਸਾਲ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦਾ ਚਾਰਜਸੀਟ ਵਿਚ ਨਾ ਹੋਣ ਦੇ ਬਾਵਜੂਦ ਉਨ੍ਹਾਂ ਵਿਰੁਧ ਚਲਾਨ ਕਿਉਂ ਪੇਸ਼ ਨਹੀਂ ਕੀਤਾ ਗਿਆ? ਉਨ੍ਹਾਂ ਦਾ ਨਾਂ ਐਫ਼.ਆਈ.ਆਰ. ਵਿਚ ਕਿਉਂ ਨਹੀਂ ਰਖਿਆ ਗਿਆ? ਸਿੱਧੂ ਨੇ ਇਹ ਸਵਾਲ ਵੀ ਪੁਛਿਆ ਕਿ ਗੋਲੀ ਕਾਂਡ ਦੇ ਕੇਸ ਨੂੰ ਕਮਜ਼ੋਰ ਕਰਨ ਲਈ ਕੌਣ ਜ਼ਿੰਮੇਵਾਰ ਹੈ?

ਸੁਖਜਿੰਦਰ ਸਿੰਘ ਰੰਧਾਵਾ ਨੇ ਸਿੱਧੂ ’ਤੇ ਕੀਤਾ ਪਲਟਵਾਰ
ਸੁਖਜਿੰਦਰ ਸਿੰਘ ਰੰਧਾਵਾ ਵੀ ਨਵਜੋਤ ਸਿੱਧੂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਵਿਰੋਧ ਵਿਚ ਸਾਹਮਣੇ ਆ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਧੂ ਦੋਹਰੀ ਨੀਤੀ ’ਤੇ ਕੰਮ ਕਰਦੇ ਹਨ। ਉਨ੍ਹਾਂ ਸਿੱਧੂ ਤੇ ਪਲਟਵਾਰ ਕਰਦਿਆਂ ਸਵਾਲ ਪੁਛਿਆ ਕਿ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਸਮੇਂ ਬਾਦਲ ਸਰਕਾਰ ਸੀ ਅਤੇ ਆਪ ਉਦੋਂ ਕਿਉਂ ਖਾਮੋਸ਼ ਰਹੇ? ਰੰਧਾਵਾ ਨੇ ਕਿਹਾ ਕਿ ਸਿੱਧੂ ਉਸ ਸਮੇਂ ਭਾਜਪਾ ਵਿਚ ਸਨ ਅਤੇ ਉਨ੍ਹਾਂ ਦੀ ਪਤਨੀ ਮੁੱਖ ਸੰਸਦੀ ਸਕੱਤਰ ਸੀ ਪਰ ਹੁਣ ਵਾਰ ਵਾਰ ਬੋਲ ਰਹੇ ਹਨ। ਰੰਧਾਵਾ ਨੇ ਕੁੰਵਰ ਵਿਜੈ ਪ੍ਰਤਾਪ ’ਤੇ ਵੀ ਸਵਾਲ ਚੁਕਦਿਆਂ ਕਿਹਾ ਕਿ ਉਨ੍ਹਾਂ ਨੂੰ ਜਾਂਚ ਦੀਆਂ ਗੱਲਾਂ ਜਨਤਕ ਨਹੀਂ ਸਨ ਕਰਨੀਆਂ ਚਾਹੀਦੀਆਂ। ਇਸ ਨਾਲ ਵੀ ਨੁਕਸਾਨ ਹੋਇਆ।