ਆਕਸੀਜਨ ਦੀ ਕਮੀ ਕਰਕੇ ਹੋਈਆਂ ਮੌਤਾਂ 'ਤੇ ਬੋਲੋ ਸੋਨੀ-ਸਾਡੇ ਧਿਆਨ 'ਚ ਹੁੰਦਾ ਤਾਂ ਇਹ ਮੌਕਾ ਨਾ ਆਉਂਂਦਾ
ਰਾਤ ਉਕਤ ਹਸਪਤਾਲ ਵਿਚ ਜੋ ਕੁੱਝ ਵੀ ਹੋਇਆ ਉਹ ਪਹਿਲੀ ਨਜ਼ਰੇ ਹਸਪਤਾਲ ਦੇ ਪ੍ਰਬੰਧਕਾਂ ਦੀ ਅਣਗਹਿਲੀ ਮਹਿਸੂਸ ਹੋ ਰਹੀ ਹੈ।
ਅੰਮ੍ਰਿਤਸਰ, ਟਾਂਗਰਾ(ਸੁਰਜੀਤ ਸਿੰਘ ਖਾਲਸਾ, ਸੁਖਵਿੰਦਰਜੀਤ ਸਿੰਘ ਬਹੋੜੂ): ਅੰਮ੍ਰਿਤਸਰ ਦੇ ਇਕ ਨਿਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਕਾਰਨ ਦੇਰ ਰਾਤ ਹੋਈਆਂ 6 ਮੌਤਾਂ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਉਂਦਿਆਂ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਜੇਕਰ ਹਸਪਤਾਲ ਦੇ ਪ੍ਰਬੰਧਕ ਆਕਸੀਜਨ ਦੀ ਕਮੀ ਬਾਰੇ ਦੇਰ ਰਾਤ ਵੀ ਸਾਡੇ ਧਿਆਨ ਵਿਚ ਲਿਆਉਂਦੇ ਤਾਂ ਅਸੀ ਇਹ ਮੌਕਾ ਹੀ ਨਾ ਆਉਣ ਦਿੰਦੇ।
ਸੋਨੀ ਨੇ ਕਿਹਾ ਕਿ ਦੇਰ ਰਾਤ ਹੀ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਅੰਮ੍ਰਿਤਸਰ ਦੇ ਇਕ ਨਿਜੀ ਹਸਪਤਾਲ ਵਿਚ ਆਕਸੀਜਨ ਦੀ ਕਮੀ ਆਈ ਸੀ ਜਿਸ ਨੂੰ ਮੈਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਨਾਲ ਰਾਤ ਡੇਢ ਵਜੇ ਤਕ ਸਮਾਂ ਲਗਾ ਕੇ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਇਸ ਬਾਬਤ ਅੱਧੀ ਰਾਤ ਤਕ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਫ਼ੋਨ ਉਤੇ ਸੰਪਰਕ ਵਿਚ ਰਿਹਾ, ਸਾਡੀ ਕੋਸ਼ਿਸ਼ ਹਰ ਇਕ ਮਰੀਜ਼ ਨੂੰ ਬਚਾਉਣ ਲਈ ਹੈ। ਉਹ ਸਰਕਾਰੀ ਹਸਪਤਾਲ ਵਿਚ ਦਾਖ਼ਲ ਹੋਵੇ ਜਾਂ ਨਿਜੀ। ਸੋਨੀ ਨੇ ਕਿਹਾ ਕਿ ਰਾਤ ਉਕਤ ਹਸਪਤਾਲ ਵਿਚ ਜੋ ਕੱੁਝ ਵੀ ਹੋਇਆ ਉਹ ਪਹਿਲੀ ਨਜ਼ਰੇ ਹਸਪਤਾਲ ਦੇ ਪ੍ਰਬੰਧਕਾਂ ਦੀ ਅਣਗਹਿਲੀ ਮਹਿਸੂਸ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਦੀ ਜਾਂਚ ਲਈ ਪੀ.ਸੀ.ਐਸ. ਅੀਧਕਾਰੀ ਰਜਤ ਉਬਰਾਏ ਅਤੇ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਦੀ ਅਗਵਾਈ ਵਿਚ ਕਮੇਟੀ ਘਠਿਤ ਕੀਤੀ ਹੈ ਜੋ ਕਿ ਅੱਜ ਵੀ ਉਕਤ ਹਸਪਤਾਲ ਵਿਚ ਜਾਂਚ ਕਰ ਕੇ ਆਏ ਹਨ।
ਸੋਨੀ ਨੇ ਕਿਹਾ ਕਿ ਜਾਂਚ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁਧ ਸਖ਼ਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਵਿਚ ਪੂਰੇ ਦੇਸ਼ ਦੀ ਤਰ੍ਹਾਂ ਸਾਡੇ ਵੀ ਵੱਡੀ ਕਮੀ ਹੈ ਅਤੇ ਕੇਵਲ ਸਾਡੀਆਂ ਲੋੜਾਂ ਹੀ ਪੂਰੀਆਂ ਹੋ ਰਹੀਆਂ ਹਨ। ਇਸ ਕਰ ਕੇ ਹਸਪਤਾਲਾਂ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਸ ਦੀ ਵਾਧੂ ਵਰਤੋਂ ਬੰਦ ਕਰਨ ਅਤੇ ਲੋੜ ਵੇਲੇ ਹੀ ਆਕਸੀਜਨ ਦੀ ਵਰਤੋਂ ਕੀਤੀ ਜਾਵੇ। ਸੋਨੀ ਨੇ ਸਾਰੇ ਨਿਜੀ ਹਸਪਤਾਲਾਂ ਨੂੰ ਸ਼ਪੱਸਟ ਕੀਤਾ ਕਿ ਜੇਕਰ ਤੁਹਾਡੇ ਕੋਲ ਇਲਾਜ ਲਈ ਸਾਧਨ ਪੂਰੇ ਨਹੀਂ ਤਾਂ ਤੁਸੀ ਮਰੀਜ਼ਾਂ ਨੂੰ ਗੁਰੂ ਨਾਨਕ ਹਸਪਤਾਲ ਵਿਚ ਤਬਦੀਲ ਕਰ ਦਿਉ।
ਡੇ ਕੋਲ 250 ਤੋਂ ਵੱਧ ਬੈੱਡ ਹਾਲੇ ਵੀ ਖ਼ਾਲੀ ਪਏ ਹਨ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਵੀ ਆਕਸੀਜਨ ਦੀ ਸਪਲਾਈ ਉਤੇ ਚਿੰਤਾ ਜਾਹਰ ਕਰਦਿਆਂ ਇਹ ਮੁਦਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਤੁਸੀ ਇਸ ਦੀ ਵਰਤੋਂ ਅਤੇ ਵੰਡ ਦਾ ਸਹੀ ਕੰਟਰੌਲ ਰਖੋ। ਮੈਂ ਕੇਂਦਰ ਦੇ ਸਿਹਤ ਮੰਤਰੀ ਕੋਲੋਂ ਪੰਜਾਬ ਲਈ ਹੋਰ ਕੋਟੇ ਦੀ ਵੀ ਮੰਗ ਕਰਦਾ ਹਾਂ ਕਿਉਂ ਕਿ ਆਕਸੀਜਨ ਬਣਾਉਣ ਦਾ ਮੁੱਖ ਸਾਧਨ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਹੀ ਹਨ, ਜਿਥੋਂ ਸਾਰੇ ਦੇਸ਼ ਨੂੰ ਸਪਲਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਤਕ ਦੀ ਜਾਂਚ ਵਿਚ ਇਹ ਗਲ ਸਾਹਮਣੇ ਆਈ ਹੈ ਕਿ ਨਿਜੀ ਹਸਪਤਾਲ ਵਿਚ ਮਰੇ ਮਰੀਜ਼ਾਂ ਵਿਚੋਂ ਚਾਰ ਕੋਰੋਨਾ ਅਤੇ ਦੋ ਹੋਰ ਬੀਮਾਰੀਆਂ ਤੋਂ ਪੀੜਤ ਸਨ।
ਹਸਪਤਾਲ ਦੇ ਸਟਾਕ ਵਿਚ 30 ਸਲੰਡਰ ਸਨ ਪਰ ਉਹ 5 ਸਲੰਡਰਾਂ ਨਾਲ ਹੀ ਅਪਣਾ ਕੰਮ ਚਲਾ ਰਹੇ ਸਨ। ਹਸਪਤਾਲ ਦੀ ਵੱਡੀ ਅਣਗਹਿਲੀ ਹੈ ਕਿ ਇਸ ਨੇ ਆਕਸੀਜਨ ਦੀ ਕਮੀ ਵਰਗਾ ਗੰਭੀਰ ਮੁਦਾ ਸਾਡੇ ਨਾਲ ਸਾਂਝਾ ਨਹੀਂ ਕੀਤਾ। ਉਨ੍ਹਾਂ ਦਸਿਆ ਕਿ ਪ੍ਰਾਪਤ ਜਾਣਕਾਰੀ ਮੁਤਾਬਕ ਸਾਰੀਆਂ ਮੌਤਾਂ ਰਾਤ ਡੇਢ ਵਜੇ ਤੋਂ ਤਿੰਨ ਵਜੇ ਦਰਮਿਆਨ ਹੋਈਆਂ ਅਸੀ ਆਕਸੀਜਨ ਦੀ ਕਿਲਤ ਵਿਚ ਸਾਰੇ ਹਸਪਤਾਲਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਕ ਆਕਸੀਜਨ ਮੁਹਈਆ ਕਰਵਾ ਰਹੇ ਹਾਂ। ਕਲ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੀਟਿੰਗ ਵਿਚ ਵੀ ਡਾਕਟਰਾਂ ਨੂੰ ਸਪੱਸ਼ਟ ਕੀਤਾ ਗਿਆ ਸੀ ਕਿ ਤੁਸੀ ਅਪਣੇ ਸਪਲਾਈ ਕਰਤਾ ਨਾਲ ਸੰਪਰਕ ਰਖੋ ਅਤੇ ਇਹ ਡਾਟਾ ਸਾਡੇ ਨਾਲ ਸਾਂਝਾ ਕਰਦੇ ਰਹੋ। ਇਸ ਤੋਂ ਇਲਾਵਾ ਕੋਈ ਵੀ ਪ੍ਰੇਸ਼ਾਨੀ ਹੋਵੇ ਤਾਂ ਮੇਰੇ ਧਿਆਨ ਵਿਚ ਲਿਆਉ।
ਉਨ੍ਹਾਂ ਦੱਸਿਆ ਕਿ ਅਸੀ ਅੰਮ੍ਰਿਤਸਰ ਵਿਚ ਚਲਦੇ ਆਕਸੀਜਨ ਪਲਾਟਾਂ ਤੋਂ ਸਨਅਤੀ ਸਪਲਾਈ ਸਖ਼ਤੀ ਨਾਲ ਰੋਕ ਦਿੱਤੀ ਹੈ ਅਤੇ ਸਪਲਾਈ ਉਤੇ ਨਿਗਾ ਰੱਖਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ ਜੋ ਕਿ ਹਰ ਸਲੰਡਰ ਉਤੇ ਨਿਗਾ ਰੱਖ ਰਹੇ ਹਨ। ਖਹਿਰਾ ਨੇ ਦੱਸਿਆ ਕਿ ਅਸੀ ਗੁਰੂ ਨਾਨਕ ਹਸਪਤਾਲ ਨੂੰ ਕੇਵਲ ਕੋਰੋਨਾਂ ਮਰੀਜ਼ਾਂ ਲਈ ਰਾਖਵਾਂ ਕਰ ਦਿਤਾ ਹੈ। ਸਿਵਲ ਹਸਪਤਾਲ ਨੂੰ ਹੋਰ ਦੂਸਰੀਆਂ ਬੀਮਾਰੀਆਂ ਦੇ ਇਲਾਜ ਲਈ ਵਰਤਿਆ ਜਾਵੇਗਾ। ਇਸ ਮੀਟਿੰਗ ਵਿਚ ਮੇਅਰ ਕਰਮਜੀਤ ਸਿੰਘ ਰਿੰਟੀ, ਵਿਧਾਇਕ ਰਾਜ ਕੁਮਾਰ ਵੇਰਕਾ, ਸੁਨੀਲ ਦੱਤੀ, ਇੰਦਰਬੀਰ ਸਿੰਘ ਬੁਲਾਰੀਆ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿਲ, ਮੁਖ ਪ੍ਰਸ਼ਾਸਕ ਪੁਡਾ ਮਤੀ ਪਲਵੀ ਚੌਧਰੀ,ਵਧੀਕ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਮੌਜੂਦਾ ਸੰਕਟ ਉਤੇ ਵਿਚਾਰ ਚਰਚਾ ਕਰ ਕੇ ਅਗਲੀ ਰੂਪ ਰੇਖਾ ਉਲੀਕੀ ਹੈ।