ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਚੋਈ ਬਕਰੀ ਵਿਕੀ 21 ਹਜ਼ਾਰ 'ਚ

ਏਜੰਸੀ

ਖ਼ਬਰਾਂ, ਪੰਜਾਬ

ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਚੋਈ ਬਕਰੀ ਵਿਕੀ 21 ਹਜ਼ਾਰ 'ਚ

image

ਹੁਣ ਸਾਬਕਾ ਮੁੱਖ ਮੰਤਰੀ ਦਾ ਕੋਈ ਮਜ਼ਾਕ ਨਹੀਂ ਉਡਾਵੇਗਾ ਅਤੇ ਬਕਰੀ ਦਾ ਦੁੱਧ ਗ਼ਰੀਬਾਂ ਨੂੰ  ਵੰਡਿਆ ਜਾਵੇਗਾ : ਪਰਮਜੀਤ ਸਿੰਘ

ਸ੍ਰੀ ਚਮਕੌਰ ਸਾਹਿਬ, 24 ਅਪ੍ਰੈਲ (ਲੱਖਾ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਭਦੌੜ ਹਲਕੇ ਵਿਚ ਇਕ ਬਕਰੀ ਨੂੰ  ਚੋ ਕੇ ਸ. ਚੰਨੀ ਨੇ ਖ਼ੂਬ ਸੁਰਖ਼ੀਆਂ ਬਟੋਰੀਆਂ ਅਤੇ ਸੋਸ਼ਲ ਮੀਡੀਆ 'ਤੇ ਖ਼ੂਬ ਚਰਚਾ ਦਾ ਵਿਸ਼ਾ ਬਣੇ ਰਹੇ  | ਇਕ ਵਾਰ ਫਿਰ ਸ. ਚੰਨੀ ਵਲੋਂ ਚੋਈ ਬਕਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਸ੍ਰੀ ਚਮਕੌਰ ਸਾਹਿਬ ਦੇ ਪਰਮਜੀਤ ਸਿੰਘ ਤੋਂ ਬਕਰੀ ਦੇ ਮਾਲਕ ਪਾਲੇ ਤੋਂ 21 ਹਜ਼ਾਰ ਰੁਪਏ ਵਿਚ ਖ਼ਰੀਦ ਲਿਆਇਆ ਹੈ ਪ੍ਰੰਤੂ ਪਰਮਜੀਤ ਸਨਿਚਰਵਾਰ ਤੋਂ ਸ੍ਰੀ ਚਮਕੌਰ ਸਾਹਿਬ ਥਾਣੇ ਵਿਚ ਬੰਦ ਹੈ | 
ਅੱਜ ਜਿਉਂ ਹੀ ਸਵੇਰੇ ਬਕਰੀ ਦੀ ਖ਼ਬਰ ਸ਼ਹਿਰ ਵਿਚ ਫੈਲੀ ਤਾਂ ਪਰਮਜੀਤ ਸਿੰਘ ਦੇ ਘਰ ਪੱਤਰਕਾਰ ਉਸ ਨੂੰ  ਮਿਲਣ ਲਈ ਪਹੁੰਚੇ ਤਾਂ ਘਰ ਵਿਚ ਮੌਜੂਦ ਉਸ ਦੀ ਪਤਨੀ ਰਣਜੀਤ ਕੌਰ ਜੋ ਕਿ ਸਰਕਾਰੀ ਹਸਪਤਾਲ ਵਿਚ ਆਸ਼ਾ ਵਰਕਰ ਹੈ , ਨੇ ਦਸਿਆ ਕਿ ਉਸ ਦਾ ਪਤੀ ਪਰਮਜੀਤ ਸਿੰਘ ਸਿਹਤ ਮਹਿਕਮੇ ਖਰੜ ਵਿਖੇ ਸਰਕਾਰੀ ਹਸਪਤਾਲ ਦੀ ਐਂਬੂਲੈਂਸ ਦਾ ਡਰਾਈਵਰ ਹੈ ਅਤੇ ਕਲ ਉਕਤ ਬਕਰੀ ਲਿਆਉਣ ਤੋਂ ਬਾਅਦ ਥਾਣੇ ਵਿਚ ਬੰਦ ਹੈ ਜਿਸ ਦਾ ਕਾਰਨ ਉਸ ਨੂੰ  ਵੀ ਨਹੀਂ ਪਤਾ | ਉਧਰ ਜਦੋਂ ਥਾਣੇ ਵਿਚ ਬੰਦ ਪਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਦਸਿਆ ਕਿ ਸਾਬਕਾ ਮੁੱਖ ਮੰਤਰੀ ਚੰਨੀ 
ਵਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਦਾ ਕਿੰਨਾ ਵਿਕਾਸ ਕੀਤਾ ਗਿਆ ਹੈ ਅਤੇ ਉਸ ਦੇ ਦਿਲ ਵਿਚ ਇਸ ਗੱਲ ਦਾ ਦੁੱਖ ਸੀ ਕਿ ਲੋਕ ਵਾਰ-ਵਾਰ ਉਕਤ ਬਕਰੀ ਦੀਆਂ ਪੋਸਟਾਂ ਨੈੱਟ 'ਤੇ ਪਾ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਰਹਿੰਦੇ ਹਨ ਅਤੇ ਉਸ ਦੇ ਦਿਲ ਵਿਚ ਇਹ ਗੱਲ ਆਈ ਕਿ ਇਹ ਬਕਰੀ ਕਿਉਂ ਨਾ ਭਦੌੜ ਤੋਂ ਖ਼ਰੀਦ ਕੇ ਲਿਆਂਦੀ ਜਾਵੇ ਅਤੇ ਉਸ ਨੇ ਉਸੇ ਤਰ੍ਹਾਂ ਹੀ ਕੀਤਾ | ਪ੍ਰੰਤੂ ਉਸ ਦਾ ਅਪਣੇ ਭਰਾ ਨਾਲ ਝਗੜਾ ਚਲ ਰਿਹਾ ਹੈ ਜਿਸ ਕਰ ਕੇ ਪੁਲਿਸ ਨੇ ਪੁਰਾਣੀ ਦਰਖ਼ਾਸਤ 'ਤੇ ਕਾਰਵਾਈ ਕਰ ਕੇ 751 ਕਰ ਦਿਤੀ ਅਤੇ ਅੱਜ ਛੁੱਟੀ ਦਾ ਦਿਨ ਹੋਣ ਕਰ ਕੇ ਉਸ ਨੂੰ  ਥਾਣੇ ਵਿਚ ਹੀ ਰਾਤ ਗੁਜ਼ਾਰਨੀ ਹੋਵੇਗੀ | ਉਸ ਨੇ ਮੁਸਕਰਾ ਕੇ ਪੱਤਰਕਾਰਾਂ ਨੂੰ  ਜਵਾਬ ਦਿੰਦਿਆਂ ਕਿਹਾ ਕਿ ਹੁਣ ਸਾਬਕਾ ਮੁੱਖ ਮੰਤਰੀ ਦਾ ਕੋਈ ਮਜ਼ਾਕ ਨਹੀਂ ਉਡਾਵੇਗਾ ਅਤੇ ਉਸ ਬਕਰੀ ਦਾ ਦੁੱਧ ਗ਼ਰੀਬਾਂ ਨੂੰ  ਵੰਡਿਆ ਕਰੇਗਾ | ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਨੇ ਬਕਰੀ ਨੂੰ  ਪੂਰਾ ਸ਼ਿੰਗਾਰ ਕੇ ਉਸ ਦੇ ਪੈਰਾਂ ਵਿਚ ਚਾਂਦੀ ਦੀਆਂ ਝਾਂਜਰਾਂ ਵੀ ਪਾਈਆਂ ਹੋਈਆਂ ਸਨ |