ਪੰਜਾਬ ਸਕੂਲ ਸਿੱਖਿਆ ਬੋਰਡ ਦੇ ਗੇਟ 27 ਅਪ੍ਰੈਲ ਨੂੰ ਕੀਤੇ ਜਾਣਗੇ ਬੰਦ : ਬਲਦੇਵ ਸਿੰਘ ਸਿਰਸਾ
ਆਪ ਆਗੂ ਖ਼ੁਦ ਮੋਰਚੇ ਵਿਚ ਆ ਕੇ ਸਾਨੂੰ ਯਕੀਨ ਦਿਵਾਉਂਦੇ ਰਹੇ ਕਿ ਜੇਕਰ ਸਾਡੀ ਸਰਕਾਰ ਬਣ ਗਈ ਤਾਂ ਇਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ
ਮੋਹਾਲੀ - ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼-8 ਸਥਿਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਦੀ ਅਗਵਾਈ ਵਿਚ "ਇਤਹਾਸ ਬਚਾਓ ਸਿੱਖੀ ਬਚਾਓ ਮੋਰਚਾ" ਅੱਜ 78ਵੇਂ ਦਿਨ ਵਿਚ ਦਾਖ਼ਲ ਹੋਇਆ ਪਰ ਸਰਕਾਰ ਨੇ ਅਜੇ ਤੱਕ ਸਿੱਖ ਇਤਿਹਾਸ ਨੂੰ ਵਿਗਾੜਨ ਵਾਲੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਪ੍ਰੈੱਸ ਨੂੰ ਦਿੱਤੀ ਜਾਣਕਾਰੀ ਵਿਚ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਮੋਰਚੇ ਵਿਚ ਸ਼ਾਮਲ ਹੋਏ ਲੋਕਾਂ ਨੇ ਇਹ ਫ਼ੈਸਲਾ ਲਿਆ ਹੈ ਕਿ ਸਰਕਾਰ ਨੇ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਸ ਕਾਰਨ 27 ਅਪ੍ਰੈਲ 2022 ਨੂੰ ਸਵੇਰ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਗੇਟ ਬੰਦ ਕੀਤੇ ਜਾਣਗੇ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦੀ ਹੋਵੇਗੀ।
ਸਿਰਸਾ ਨੇ ਇਹ ਵੀ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਕਈ ਆਪ ਆਗੂ ਖ਼ੁਦ ਮੋਰਚੇ ਵਿਚ ਆ ਕੇ ਸਾਨੂੰ ਯਕੀਨ ਦਿਵਾਉਂਦੇ ਰਹੇ ਕਿ ਜੇਕਰ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤਾਂ ਇਸ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ ਪਰ ਹੁਣ ਮੰਤਰੀ ਬਣ ਕੇ ਉਹ ਆਪਣੇ ਕੀਤੇ ਵਾਅਦੇ ਭੁੱਲ ਗਏ ਹਨ। ਬਲਦੇਵ ਸਿੰਘ ਸਿਰਸਾ ਨੇ ਐਲਾਨ ਕਰਦਿਆਂ ਕਿਹਾ ਕਿ ਸਾਡੇ ਸਬਰ ਦਾ ਪਿਆਲਾ ਭਰ ਚੁੱਕਾ ਹੈ। ਇਸ ਲਈ ਮਜਬੂਰਨ ਸਾਨੂੰ ਇਹ ਕਦਮ ਚੁਕਣਾ ਪੈ ਰਿਹਾ ਹੈ।