ਸਿਆਸਤ ਦੇ ਬਾਬਾ ਬੋਹੜ ਦੁਨੀਆ ਤੋਂ ਰੁਖ਼ਸਤ, ਦੇਖੋ ਪਿੰਡ ਦੇ ਸਰਪੰਚ ਤੋਂ ਮੁੱਖ ਮੰਤਰੀ ਬਣਨ ਤੱਕ ਦਾ ਦਿਲਚਸਪ ਸਫ਼ਰ 

ਏਜੰਸੀ

ਖ਼ਬਰਾਂ, ਪੰਜਾਬ

ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਸੀ ਅਤੇ ਉਹਨਾਂ ਨੂੰ ਆਈ.ਸੀ. ਯੂ ਵਿਚ ਰੱਖਿਆ ਗਿਆ ਸੀ ਤੇ ਇਲਾਜ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ ਹੈ। 

Parkash singh Badal

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਆਖਰੀ ਸਾਹ ਲਏ ਹਨ। ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਸੀ ਅਤੇ ਉਹਨਾਂ ਨੂੰ ਆਈ.ਸੀ. ਯੂ ਵਿਚ ਰੱਖਿਆ ਗਿਆ ਸੀ ਤੇ ਇਲਾਜ ਦੌਰਾਨ ਉਹਨਾਂ ਦਾ ਦੇਹਾਂਤ ਹੋ ਗਿਆ ਹੈ। 
ਸੱਤਾ 'ਚ ਕਿਵੇਂ ਆਉਣਾ ਤੇ ਉਸ ਨੂੰ ਕਿਵੇਂ ਚਲਾਉਣਾ ਹੈ, ਪ੍ਰਕਾਸ਼ ਸਿੰਘ ਬਾਦਲ ਇਸ ਦੀ ਉਦਾਹਰਣ ਸਨ। ਉਨ੍ਹਾਂ ਬਾਰੇ ਅਕਸਰ ਕਿਹਾ ਜਾਂਦਾ ਸੀ ਕਿ ਉਹ ਆਪਣੇ ਢਿੱਡ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ ਸੀ ਅਤੇ ਸਾਰਿਆਂ ਨੂੰ ਬੜੇ ਅਦਬ ਨਾਲ ਮਿਲਦੇ ਸਨ। ਜਿਹੜਾ ਬੰਦਾ 5 ਵਾਰ ਮੁੱਖ ਮੰਤਰੀ ਰਹਿ ਚੁੱਕਿਆ ਹੋਵੇ, ਉਹ ਇੱਕ ਮਿਸਾਲ ਵੀ ਹੈ। 
ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ-ਖੁਰਾਣਾ 'ਚ 8 ਦਸੰਬਰ 1927 ਨੂੰ ਹੋਇਆ ਸੀ। ਉਨ੍ਹਾਂ ਦੀ ਮਾਤਾ ਦਾ ਨਾਂ ਸੁੰਦਰੀ ਕੌਰ ਅਤੇ ਪਿਤਾ ਦਾ ਨਾਂ ਰਘੂਰਾਜ ਸਿੰਘ ਸੀ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਇੱਕ ਸਥਾਨਕ ਅਧਿਆਪਕ ਤੋਂ ਲਈ ਅਤੇ ਫਿਰ ਉਹ ਲੰਬੀ ਦੇ ਸਕੂਲ 'ਚ ਪੜ੍ਹਨ ਲੱਗੇ, ਜਿੱਥੇ ਉਹ ਬਾਦਲ ਪਿੰਡ ਤੋਂ ਘੋੜੀ ਉੱਤੇ ਪੜ੍ਹਨ ਜਾਇਆ ਕਰਦੇ ਸਨ। 12ਵੀਂ ਦੀ ਪੜ੍ਹਾਈ ਉਨ੍ਹਾਂ ਨੇ ਫਿਰੋਜ਼ਪੁਰ ਵਿਖੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਤੋਂ ਕੀਤੀ। ਕਾਲਜੀ ਜ਼ਿੰਦਗੀ ਦੀ ਸ਼ੁਰੂਆਤ ਉਨ੍ਹਾਂ ਸਿੱਖ ਕਾਲਜ ਲਾਹੌਰ ਤੋਂ ਕੀਤੀ ਅਤੇ ਬਾਅਦ 'ਚ ਮਾਈਗ੍ਰੇਸ਼ਨ ਕਰਵਾ ਕੇ ਫੋਰਮਨ ਕ੍ਰਿਸ਼ਚੀਅਨ ਕਾਲਜ ਤੋਂ ਆਪਣੀ ਗਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ। 
ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਜੀਵਨ ਦਾ ਆਗਾਜ਼ ਦੇਸ਼ ਦੀ ਵੰਡ ਤੋਂ ਹੀ ਸ਼ੁਰੂ ਹੋ ਗਿਆ ਸੀ। ਆਪਣੇ ਪਿਤਾ ਰਘੂਰਾਜ ਸਿੰਘ ਵਾਂਗ ਪ੍ਰਕਾਸ਼ ਸਿੰਘ ਬਾਦਲ ਆਪਣੇ ਪਿੰਡ ਦੇ ਸਰਪੰਚ ਬਣੇ, ਬਾਅਦ 'ਚ ਉਹ ਲੰਬੀ ਬਲਾਕ ਸਮਿਤੀ ਦੇ ਚੇਅਰਮੈਨ ਬਣੇ। 
1956 'ਚ ਜਦੋਂ ਪੈਪਸੂ ਸਟੇਟ ਪੰਜਾਬ ਵਿਚ ਸ਼ਾਮਲ ਹੋਈ ਤਾਂ ਕਾਂਗਰਸ ਅਤੇ ਅਕਾਲੀ ਦਲ ਨੇ ਮਿਲ ਕੇ ਚੋਣਾਂ ਲੜੀਆਂ। ਪ੍ਰਕਾਸ਼ ਸਿੰਘ ਬਾਦਲ ਵੀ ਦੂਜੇ ਅਕਾਲੀਆਂ ਵਾਂਗ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਕੇ ਪਹਿਲੀ ਵਾਰ ਵਿਧਾਇਕ ਬਣੇ। ਬਾਦਲ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ 'ਚ ਆਪਣੇ ਪੈਰ ਪੱਕੇ ਕਰ ਲਏ ਤਾਂ ਉਨ੍ਹਾਂ ਨੇ ਕਾਂਗਰਸ ਤੋਂ ਕਿਨਾਰਾ ਕਰ ਲਿਆ। ਉਦੋਂ ਇੱਕ ਟੀਵੀ ਇੰਟਰਵਿਊ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਇਕ ਬਿਆਨ ਦਿੰਦੇ ਕਿਹਾ ਸੀ ਕਿ ਕਾਂਗਰਸ 'ਤੇ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਭਰੋਸਾ ਨਹੀਂ ਸੀ। 
ਦੂਜੇ ਪਾਸੇ ਇਕ ਹੋਰ ਚਿਹਰਾ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਹੈ ਉਹ ਇਹ ਹੈ ਕਿ ਆਪਣੇ ਨਿੱਜੀ ਫਾਇਦਿਆਂ ਲਈ ਸਿਆਸੀ ਲੀਡਰ ਉਨ੍ਹਾਂ ਸਿਆਸਤਦਾਨਾਂ ਵੀ ਸਾਂਝ ਪਾਉਣ ਤੋਂ ਪਰਹੇਜ਼ ਨਹੀਂ ਕਰਦੇ, ਜਿਨ੍ਹਾਂ ਨਾਲ ਉਨ੍ਹਾਂ ਦੇ ਕਦੇ ਮਤਭੇਦ ਰਹੇ ਹੁੰਦੇ ਹਨ। ਇੱਦਾਂ ਹੀ ਇਕ ਸਾਫ਼ ਪੱਖ ਸਾਡੇ ਸਾਹਮਣੇ ਆਉਂਦਾ ਹੈ, ਜਦੋਂ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਉਸੇ ਪ੍ਰਤਾਪ ਸਿੰਘ ਕੈਰੋਂ ਦੇ ਪਰਿਵਾਰ 'ਚ ਆਪਣੀ ਧੀ ਪਰਨੀਤ ਕੌਰ ਦਾ ਵਿਆਹ ਕੀਤਾ, ਜਿਸ ਦੇ ਨਾਲ ਹੋਏ ਮਤਭੇਦਾਂ ਕਾਰਨ ਉਹ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਸਨ।  
1969-70 ਦੀਆਂ ਮੱਧਵਰਤੀ ਚੋਣਾਂ 'ਚ ਪ੍ਰਕਾਸ਼ ਸਿੰਘ ਬਾਦਲ ਦੀ ਵਿਧਾਨ ਸਭਾ 'ਚ ਵਾਪਸੀ ਹੋਈ ਅਤੇ ਉਦੋਂ ਉਹ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਬਣੀ ਸਰਕਾਰ 'ਚ ਮੰਤਰੀ ਵੀ ਰਹੇ। ਬਾਦਲ ਨੂੰ ਪੰਚਾਇਤੀ ਰਾਜ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਮੰਤਰਾਲੇ ਦੀ ਜ਼ਿੰਮੇਵਾਰੀ ਮਿਲੀ ਸੀ। ਪ੍ਰਕਾਸ਼ ਸਿੰਘ ਬਾਦਲ ਦੀ ਕਿਸਮਤ ਉਦੋਂ ਰਾਤੋਂ-ਰਾਤ ਚਮਕ ਜਾਂਦੀ ਹੈ, ਜਦੋਂ ਗੁਰਨਾਮ ਸਿੰਘ ਅਚਾਨਕ ਦਲ ਬਦਲ ਲੈਂਦੇ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਨੇ 43 ਸਾਲ ਦੀ ਉਮਰ 'ਚ ਮੁੱਖ ਮੰਤਰੀ ਬਣ ਕੇ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਮੁੱਖ ਮੰਤਰੀ ਬਣਨ ਦਾ ਰਿਕਾਰਡ ਆਪਣੇ ਨਾਂਅ ਦਰਜ ਕਰਵਾਇਆ ਸੀ। ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਗੁੜ੍ਹਤੀ ਅਤੇ ਮਾਗਰਦਰਸ਼ਨ ਮਿਲਿਆ, ਪੰਥਕ ਅਕਾਲੀ ਤੇ ਟਕਸਾਲੀ ਆਗੂਆਂ ਤੋਂ। ਪ੍ਰਕਾਸ਼ ਸਿੰਘ ਬਾਦਲ ਗਿਆਨੀ ਕਰਤਾਰ ਸਿੰਘ ਨੂੰ ਆਪਣਾ ਸਿਆਸੀ ਗੁਰੂ ਮੰਨਦੇ ਹਨ ਅਤੇ ਉਨ੍ਹਾਂ ਤੇ ਮਾਸਟਰ ਤਾਰਾ ਸਿੰਘ ਦੇ ਪਰਛਾਵੇਂ ਹੇਠ ਉੱਭਰੇ ਪ੍ਰਕਾਸ਼ ਸਿੰਘ ਬਾਦਲ ਸਮੇਂ ਦੇ ਚੱਲਦਿਆਂ ਇਕ ਸੂਝਵਾਨ ਤੇ ਠਹਿਰਾਅ ਵਾਲੇ ਆਗੂ ਬਣੇ  ਪਰ ਇਹ ਤਾਂ ਸਿਰਫ਼ ਸ਼ੁਰੂਆਤ ਸੀ। 
ਇਸ ਤੋਂ ਬਾਅਦ 1969 ਤੋਂ ਲੈ ਕੇ ਸਾਲ 2017 ਤੱਕ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਕਦੇ ਵੀ ਚੋਣ ਨਹੀਂ ਹਾਰੇ।  1977 ਦੀਆਂ ਚੋਣਾਂ 'ਚ ਅਕਾਲੀ ਦਲ, ਜਨਤਾ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਅਤੇ ਪ੍ਰਕਾਸ਼ ਸਿੰਘ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ। ਇਸ ਵਾਰ ਉਹ 1977 ਤੋਂ 1980 ਤੱਕ ਸੱਤਾ 'ਚ ਰਹੇ। 
ਇਸ ਤੋਂ ਬਾਅਦ ਉਹ 1997 ਤੋਂ 2002 ਤੱਕ ਤੀਜੀ ਵਾਰ ਮੁੱਖ ਮੰਤਰੀ ਬਣੇ ਅਤੇ ਪਹਿਲੀ ਵਾਰ 5 ਸਾਲ ਰਾਜ ਕੀਤਾ, ਫਿਰ ਬਾਦਲ ਨੇ 2007-2012 ਅਤੇ 2012 ਤੋਂ 2017 'ਚ ਲਗਾਤਾਰ 2 ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਨਵਾਂ ਸਿਆਸੀ ਰਿਕਾਰਡ ਬਣਾਇਆ। ਫਰਵਰੀ 2017 ਵਿਚ ਜਦੋਂ ਅਕਾਲੀ ਦਲ ਦੀ ਹਾਰ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫ਼ਾ ਦਿੱਤਾ ਤਾਂ ਉਨ੍ਹਾਂ ਦੀ ਉਮਰ 90 ਸਾਲ ਸੀ।
ਨਹਿਰ ਰੋਕੋ ਮੋਰਚਾ, ਪੰਜਾਬੀ ਸੂਬਾ ਮੋਰਚਾ, ਧਰਮ ਯੁੱਧ ਮੋਰਚਾ, ਕਪੂਰੀ ਮੋਰਚਾ, ਇਨ੍ਹਾਂ ਮੁੱਦਿਆਂ 'ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਛੇੜੀ ਜੰਗ ਨੇ ਉਦੋਂ ਦੀ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਪੱਟ ਦਿੱਤੀਆਂ ਸਨ... ਮੋਰਚੇ ਲਗਾਉਣਾ ਤੇ ਜੇਲ੍ਹ ਜਾਣਾ ਉਨ੍ਹਾਂ ਦੀ ਤਕਦੀਰ ਦਾ ਹਿੱਸਾ ਬਣ ਗਿਆ ਸੀ। ਪ੍ਰਕਾਸ਼ ਸਿੰਘ ਬਾਦਲ ਅਕਸਰ ਕਹਿੰਦੇ ਆਏ ਹਨ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ 17 ਸਾਲ ਜੇਲ੍ਹ 'ਚ ਬਿਤਾਏ ਸਨ।  ਬਾਦਲ ਦੇ ਸਮਰਥਕ ਉਨ੍ਹਾਂ ਨੂੰ ਨੈਲਸਨ ਮੰਡੇਲਾ ਤੋਂ ਬਾਅਦ ਦੂਜਾ ਸਭ ਤੋਂ ਵੱਧ ਜੇਲ੍ਹ ਕੱਟਣ ਵਾਲਾ ਸਿਆਸਤਦਾਨ ਦੱਸਦੇ ਹਨ। 
ਸਾਲ 1985 'ਚ ਪ੍ਰਕਾਸ਼ ਸਿੰਘ ਬਾਦਲ ਨੂੰ ਸੰਵਿਧਾਨ ਤੇ ਧਾਰਾ 25 ਦੀ ਕਾਪੀ ਪਾੜਨ ਕਰਕੇ ਆਪਣੇ ਸਾਥੀਆਂ ਨਾਲ ਜੇਲ੍ਹ ਜਾਣਾ ਪਿਆ ਸੀ। ਦੂਜੇ ਪਾਸੇ ਉਨ੍ਹਾਂ ਦੇ ਪੂਰੇ ਖਾਨਦਾਨ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ 'ਚ ਸਾਲ 2003 'ਚ ਜੇਲ੍ਹ 'ਚ ਜਾਣਾ ਪਿਆ ਸੀ, ਪਰ 2010 'ਚ ਅਦਾਲਤ ਨੇ ਉਨ੍ਹਾਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਸੀ। 
ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਅਤੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ, ਪਰ ਹਮੇਸ਼ਾ ਹੀ ਖ਼ੁਦ ਨੂੰ ਸਿੱਖ ਹਿਤੈਸ਼ੀ ਕਹਿਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਇਕੱਲੇ ਸਿੱਖ ਵੋਟ ਦੇ ਸਹਾਰੇ ਸੱਤਾ 'ਚ ਨਹੀਂ ਆਈ। ਸੱਤਾ 'ਚ ਆਉਣ ਲਈ ਉਨ੍ਹਾਂ ਨੂੰ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦਾ ਸਹਾਰਾ ਲੈਣਾ ਪਿਆ ਹੈ। 
ਸਾਲ 2011 'ਚ ਸ੍ਰੀ ਅਕਾਲ ਤਖ਼ਤ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਫਖਰ-ਏ-ਕੌਮ ਦਾ ਨਿਵਾਜਿਆ ਗਿਆ। ਸਾਲ 2015 'ਚ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।  
ਪ੍ਰਕਾਸ਼ ਸਿੰਘ ਬਾਦਲ ਸਾਲ 1996 ਤੋਂ 2008 ਤੱਕ ਅਕਾਲੀ ਦੇ ਖੁਦ ਪ੍ਰਧਾਨ ਰਹੇ ਅਤੇ ਉਨ੍ਹਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਸੌਂਪ ਦਿੱਤੀ।  ਪ੍ਰਕਾਸ਼ ਸਿੰਘ ਬਾਦਲ ਨਾਲ ਜਿਹੜਾ ਸਭ ਤੋਂ ਵੱਡਾ ਵਿਵਾਦ ਜੁੜਦਾ ਹੈ, ਉਹ ਹੈ ਪਰਿਵਾਰਵਾਦ ਦਾ ਵਿਵਾਦ। ਪ੍ਰਕਾਸ਼ ਸਿੰਘ ਬਾਦਲ ਜਦੋਂ ਸੱਤਾ ਵਿਚ ਆਏ ਤਾਂ ਇੱਕ ਸਮੇਂ ਉਹ ਆਪ ਮੁੱਖ ਮੰਤਰੀ ਸਨ, ਪੁੱਤਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ, ਭਤੀਜਾ ਮਨਪ੍ਰੀਤ ਬਾਦਲ ਵਿੱਤ ਮੰਤਰੀ, ਜਵਾਈ ਆਦੇਸ਼ ਪ੍ਰਤਾਪ ਕੈਰੋਂ ਸਿਵਲ ਸਪਲਾਈ ਮੰਤਰੀ ਅਤੇ ਪੁੱਤਰ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਮੰਤਰੀ ਸੀ। 
ਦੂਜੇ ਕਾਰਜਕਾਲ 'ਚ ਤਾਂ ਉਨ੍ਹਾਂ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਸੌਂਪ ਦਿੱਤਾ ਸੀ। ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਕੇਂਦਰ ਵਿਚ ਵਜ਼ਾਰਤ ਦਾ ਮੌਕਾ ਮਿਲਿਆ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਵਰਗੇ ਸੀਨੀਅਰ ਆਗੂਆਂ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਾਇਆ। 
ਬਾਦਲ ਉੱਤੇ ਇਹ ਵੀ ਇਲਜ਼ਾਮ ਲੱਗਦਾ ਹੈ ਕਿ ਸੱਤਾ ਵਿਚ ਆਉਣ ਤੋਂ ਬਾਅਦ ਵੀ ਉਨ੍ਹਾਂ ਨੇ ਪਾਰਟੀ ਪ੍ਰਧਾਨਗੀ ਨਹੀਂ ਛੱਡੀ, ਇਸ ਦੇ ਨਾਲ-ਨਾਲ ਉਹ ਸ਼੍ਰੋਮਣੀ ਅਕਾਲੀ ਦਲ, ਗਾਂਧੀ ਪਰਿਵਾਰ ਦੇ ਜਿਸ ਪਰਿਵਾਰਵਾਦ ਦਾ ਵਿਰੋਧ ਕਰਦਾ ਸੀ, ਉਸੇ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ ਸੀ। ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬੀ ਬੋਲਦੇ ਇਲਾਕੇ ਪੰਜਾਬ 'ਚ ਸ਼ਾਮਲ ਕਰਵਾਉਣਾ ਅਤੇ ਦਰਿਆਈ ਪਾਣੀਆਂ ਦੇ ਮਸਲੇ ਵਰਗੇ ਅਕਾਲੀ ਦਲ ਦੇ ਰਵਾਇਤੀ ਮੁੱਦੇ ਵੀ ਹੱਲ ਨਹੀਂ ਕਰਵਾ ਸਕੇ। 
ਪਰ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਦੀ ਆਟਾ ਦਾਲ ਸਕੀਮ, ਸੰਗਤ ਦਰਸ਼ਨ, ਸਕੂਲ ਪੜ੍ਹਨ ਜਾਣ ਵਾਲੀਆਂ ਕੁੜੀਆਂ ਨੂੰ ਮੁਫ਼ਤ ਸਾਇਕਲ, ਸਪੋਰਟਸ ਕਲੱਬਾਂ ਨੂੰ ਕਿੱਟਾਂ ਵੰਡਣ ਅਤੇ ਪੰਜਾਬ ਵਿੱਚ ਢਾਂਚਾਗਤ ਵਿਸਥਾਰ ਲਈ ਕੀਤੇ ਕੰਮਾਂ ਲਈ ਅੱਜ ਵੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਸਾਰੇ ਧਰਮਾਂ ਦਾ ਆਦਰ ਤੇ ਸਤਿਕਾਰ ਵਾਲੀ ਸੋਚ ਨੇ ਬਾਦਲ ਨੂੰ ਲੋਕਾਂ ਵਿਚਕਾਰ ਹਰਮਨ ਪਿਆਰਾ ਬਣਾਇਆ।  ਵਿਰਾਸਤ ਏ ਖ਼ਾਲਸਾ, ਭਗਵਾਨ ਵਾਲਮੀਕੀ ਸਥਲ, ਜੰਗ ਏ ਆਜ਼ਾਦੀ ਮੈਮੋਰੀਲ ਅਤੇ ਵਾਰ ਸਟੇਟ ਫਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ਿਅਮ ਆਦਿ ਇਸ ਦੀਆਂ ਉਦਾਹਰਨਾਂ ਹਨ।  
ਸੋ ਇਹ ਸਨ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਦੇ ਵੱਖਰੇ-ਵੱਖਰੇ ਰੰਗ ਤੇ ਉਨ੍ਹਾਂ ਦੀ ਜ਼ਿੰਦਗੀ ਦਾ ਉਹ ਦੌਰ ਜਦੋਂ ਉਨ੍ਹਾਂ ਨੂੰ ਬਹੁਤ ਵਾਰ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪਿਆ। ਸਿਆਸੀ ਜ਼ਿੰਦਗੀ ਤੋਂ ਲੈ ਕੇ ਜੇਲ੍ਹ ਕੱਟਣ ਤੱਕ ਦਾ ਸਮਾਂ ਤੇ ਉਨ੍ਹਾਂ ਮਾਨ-ਸਨਮਾਨਾਂ ਦੀਆਂ ਗੱਲਾਂ ਜਿਹੜੇ ਉਨ੍ਹਾਂ ਦੀ ਝੋਲੀ ਪਏ।