6 ਕਿੱਲਿਆਂ ਦੇ ਕਰੀਬ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਹੋਈ ਸਵਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨ ਦੀ ਮਾਂ ਨੇ ਰੋ-ਰੋ ਕੇ ਬਿਆਨ ਕੀਤਾ ਦਰਦ

Nearly 6 acres of standing wheat crop burnt to ashes

ਹਰ ਸਾਲ ਵਿਸਾਖੀ ਆਉਂਦੀ ਹੈ ਤੇ ਸਾਰੇ ਕਿਸਾਨ ਵਿਸਾਖੀ ਦਾ ਤਿਊਹਾਰ ਮਨਾਉਂਦੇ ਹਨ, ਮੇਲਿਆਂ ਦਾ ਅਨੰਦ ਮਾਣਦੇ ਹਨ। ਇਸ ਵਾਰ ਵੀ ਵਿਸਾਖੀ ਆਈ ਤੇ ਲੋਕਾਂ ਨੇ ਬੜੀ ਧੂਮ ਧਾਮ ਨਾਲ ਵਿਸਾਖੀ ਦਾ ਤਿਊਹਾਰ ਮਨਾਇਆ। ਕਹਿੰਦੇ ਹਨ ਕਿ ਵਿਸਾਖੀ ਤੋਂ ਬਾਅਦ ਫ਼ਸਲਾਂ ਪੱਕ ਜਾਂਦੀਆਂ ਹਨ ਤੇ ਵਾਢੀ ਦਾ ਸੀਜਨ ਸ਼ੁਰੂ ਹੋ ਜਾਂਦਾ ਹੈ। ਕਿਸਾਨਾਂ ਲਈ ਇ ਦਿਨ ਬਹੁਤ ਖ਼ੁਸ਼ੀਆਂ ਦੇ ਹੁੰਦੇ ਹਨ ਪਰ ਕਈ ਵਾਰ ਇਕ ਗਮ ਵਿਚ ਤਬਦੀਲ ਹੋ ਜਾਂਦੇ ਹੈ। ਇਸ ਵਾਰ ਪੰਜਾਬ ਵਿਚ ਬਹੁਤ ਜ਼ਿਆਦਾ ਕਿਸਾਨਾਂ ਦੀ ਫ਼ਸਲਾਂ ਅੱਗ ਦੀ ਭੇਟ ਚੜ੍ਹ ਗਈਆਂ ਜਿਹੜੀਆਂ ਕਿਸਾਨਾਂ ਨੇ ਆਪਣੇ ਪੁੱਤਾਂ ਵਾਂਗ ਪਾਲੀਆਂ ਸਨ। 

ਅੱਜ ਰੋਜ਼ਾਨਾ ਸਪੋਕਸਮੈਨ ਦੀ ਟੀਮ ਪਿੰਡ ਸ਼ੇਰਮਾਜਰਾ ਵਿਚ ਪਹੁੰਚੀ ਜਿਥੇ 6 ਕਿੱਲੇ ਕਣਕ ਦੇ ਅੱਗ ਦੀ ਭੇਟ ਚੜ੍ਹ ਗਏ। ਇਹ ਫ਼ਸਲ ਜਸਪਾਲ ਕੌਰ ਤੇ ਉਨ੍ਹਾਂ ਦੇ ਦੋਹਤੇ ਹਰਮਨ ਦੀ ਸੀ। ਜਸਪਾਲ ਕੌਰ ਨੇ ਕਿਹਾ ਕਿ ਸਾਡੇ ਕੋਲ ਸਿਰਫ਼ 2 ਕਿੱਲੇ ਜ਼ਮੀਨ ਹੈ ਤੇ ਬਾਕੀ ਅਸੀਂ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਮੇਰੇ ਦੋ ਮੁੰਡੇ ਤੇ ਇਕ ਕੁੜੀ ਹਨ। ਦੋ ਕਿਲਿਆਂ ਵਿਚ ਗੁਜ਼ਾਰਾ ਨਾ ਹੋਣ ਕਰ ਕੇ ਅਸੀਂ ਹੋਰ  ਜ਼ਮੀਨ ਠੇਕੇ ’ਤੇ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੇਰੇ ਪਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਜਿਸ ਨੇ ਕੁੱਝ ਸਮੇਂ ਪਹਿਲਾਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ।

ਉਸ ਸਮੇਂ ਅਸੀਂ 2 ਲੱਖ ਰੁਪਏ ਵਿਆਜ ’ਤੇ ਲੈ ਕੇ ਮੇਰੇ ਪਤੀ ਦਾ ਇਲਾਜ ਕਰਵਾਇਆ। ਜਦੋਂ ਸਾਡੀ ਕਣਕ ਨੂੰ ਅੱਗ ਲੱਗੀ ਉਸ ਸਮੇਂ ਮੇਰੇ ਪੁੱਤਰ ਇਥੇ ਹੀ ਸਨ ਤੇ ਉਹ ਦੱਸਦੇ ਹਨ ਕਿ ਅੱਗ ਬਿਜਲੀ ਦੇ ਖੰਭਿਆਂ ਤੋਂ ਡਿੱਗੀ ਚਿੰਗਿਆੜੀ ਤੋਂ ਲੱਗੀ ਹੈ। ਅੱਗ ਦੀ ਲਪੇਟ ਵਿਚ 22 ਏਕੜ ਲਾਹਣ ਤੇ 6 ਏਕੜ ਖੜ੍ਹੀ ਕਣਕ ਦੇ ਆ ਗਏ। ਉਸ ਦਿਨ ਸਾਡੇ ਪਰਿਵਾਰ ਨੇ ਰੋਟੀ ਵੀ ਨਹੀਂ ਖਾਧੀ, ਸਿਰਫ਼ ਪਾਣੀ ਪੀ ਕੇ ਪੈ ਗਏ, ਕਿਸੇ ਨੂੰ ਨੀਂਦ ਨਹੀਂ ਆਈ, ਸਾਰਿਆਂ ਨੂੰ ਬੇਚੈਨੀ ਲੱਗੀ ਰਹੀ।  ਉਸ ਦਿਨ ਦੇ ਮੇਰੇ ਪੁੱਤਾਂ ਦਾ ਖੇਤਾਂ ਵਿਚ ਆਉਣ ਲਈ ਦਿਲ ਹੀ ਨਹੀਂ ਕਰਦਾ। ਸਾਡੇ ਨਾ ਤਾਂ ਪੰਚਾਇਤ ਤੇ ਨਾ ਹੀ ਕਿਸੇ ਪਿੰਡ ਦੇ ਵਿਅਕਤੀ ਨੇ ਮਦਦ ਕੀਤੀ।

ਉਨ੍ਹਾਂ ਕਿਹਾ ਕਿ ਮੇਰਾ ਵੱਡਾ ਮੁੰਡਾ ਇਸ ਵਾਰ ਘਰ ਸਵਾਰਨ ਲਈ ਕਹਿੰਦਾ ਸੀ ਕਿ ਬੇਬੇ ਇਸ ਵਾਰ ਸਾਡੀ ਫ਼ਸਲ ਚੰਗੀ ਹੋਈ ਹੈ ਅਸੀਂ ਘਰ ਸਵਾਰ ਲਵਾਂਗੇ, ਸਾਨੂੰ ਕੀ ਪਤਾ ਸੀ ਕਿ ਫ਼ਸਲ ਤਾਂ ਅੱਗ ਦੀ ਭੇਟ ਚੜ੍ਹ ਜਾਣੀ ਹੈ। ਅਸੀਂ ਤਾਂ ਜ਼ਮੀਨ ਦਾ ਠੇਕਾ ਵੀ ਵਿਆਜ ’ਤੇ ਪੈਸੇ ਚੁੱਕ ਕੇ ਦਿਤਾ ਸੀ ਤੇ ਹੁਣ ਹੋਰ ਪੈਸੇ ਵੀ ਵਿਆਜ ’ਤੇ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਹੌਸਲਾ ਰੱਖ ਸਕੀਏ ਤੇ ਮਿਹਨਤ ਕਰਦੇ ਵਿਆਜ ’ਤੇ ਲਏ ਪੈਸੇ ਮੋੜ ਸਕੀਏ ਤੇ ਆਪਣੇ ਘਰ ਦਾ ਖ਼ਰਚਾ ਚਲਾ ਸਕੀਏ। ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਨ੍ਹਾਂ ਦੀ ਜ਼ਮੀਨ ਵਿਚ ਬਿਜਲੀ ਖੰਭੇ ਲੱਗੇ ਹੋਏ ਹਨ ਉਨ੍ਹਾਂ ਦਾ ਕੋਈ ਪੱਕਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਅੱਗੇ ਨੂੰ ਕਿਸੇ ਹੋਰ ਗ਼ਰੀਬ ਦੀ ਫ਼ਸਲ ਅੱਗੇ ਦੀ ਭੇਟ ਨਾਲ ਚੜ੍ਹੇ।