ਕੈਨੇਡਾ: ਜੌਹਨ ਵਲੋਂ ਕਾਮਾਗਾਟਾਮਾਰੂ ਦੁਖਾਂਤ ਦੀ ਵਰ੍ਹੇਗੰਢ ਮੌਕੇ ਨਸਲਵਾਦ ਦੀ ਨਿੰਦਾ

ਏਜੰਸੀ

ਖ਼ਬਰਾਂ, ਪੰਜਾਬ

ਵੈਨਕੂਵਰ ਦੀ ਬੰਦਰਗਾਹ ਤੇ 1914 'ਚ ਪਹੁੰਚੇ ਜਹਾਜ਼ ਵਿਚ ਸਵਾਰ 376 ਭਾਰਤੀਆਂ ਨੂੰ ਕਰਨਾ ਪਿਆ ਸੀ ਨਸਲਵਾਦ ਦਾ ਸਾਹਮਣਾ

1

ਸਰੀ, 25 ਮਈ (ਪ.ਪ.) : ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਹਨ ਹੌਰਗਨ ਨੇ ਕਾਮਾਗਾਟਾਮਾਰੂ ਇਤਿਹਾਸਕ ਦੁਖਾਂਤ ਦੀ ਵਰ੍ਹੇਗੰਢ ਮੌਕੇ ਨਸਲਵਾਦ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੱਖਪਾਤੀ ਨੀਤੀਆਂ ਕਾਰਨ ਹੀ 23 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ ਤੇ ਪਹੁੰਚੇ ਕਾਮਾਗਾਟਾਮਾਰੂ ਵਿਚ ਸਵਾਰ 376 ਭਾਰਤੀ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਪ੍ਰੀਮੀਅਰ ਨੇ ਇਕ ਬਹੁਤ ਹੀ ਭਾਵੁਕ ਬਿਆਨ ਵਿਚ ਕਿਹਾ ਹੈ ਕਿ ਜਦੋਂ ਉਹ ਆਪਣੇ ਵੈਨਕੂਵਰ ਸਥਿਤ ਦਫ਼ਤਰ ਦੀ ਖਿੜਕੀ ਵਿਚੋਂ ਬਾਹਰ ਵੇਖਦੇ ਹਨ ਤਾਂ ਉਹ ਜਗ੍ਹਾ ਸਾਫ਼ ਦਿਖਾਈ ਦਿੰਦੀ ਹੈ ਜਿਥੇ ਕਾਮਾਗਾਟਾਮਾਰੂ ਜਹਾਜ਼ ਨੂੰ ਦੋ ਮਹੀਨਿਆਂ ਤਕ ਰੋਕ ਕੇ ਰਖਿਆ ਅਤੇ ਉਸ ਵਿਚ ਸਵਾਰ ਭਾਰਤੀਆਂ ਨਾਲ ਜ਼ਾਲਮਾਨਾ ਵਿਹਾਰ ਕੀਤਾ ਗਿਆ ਸੀ।

ਸਰਕਾਰ ਨੇ ਦੱਖਣੀ ਏਸ਼ੀਆ ਦੀ ਇਮੀਗ੍ਰੇਸ਼ਨ 'ਤੇ ਪਾਬੰਦੀ ਲਾ ਦਿਤੀ ਸੀ ਅਤੇ ਉਸ ਸਮੁੰਦਰੀ ਜਹਾਜ਼ ਨੂੰ ਭਾਰਤ ਵਾਪਸ ਪਰਤਣਾ ਪਿਆ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਕਾਮਾਗਾਟਾਮਾਰੂ ਦੀ ਵਰ੍ਹੇਗੰਢ ਉਨ੍ਹਾਂ ਨੂੰ ਇਹ ਅਹਿਸਾਸ ਦਿਵਾਉਂਦੀ ਹੈ ਕਿ ਜੇ ਉਸ ਸਮੇਂ ਉਨ੍ਹਾਂ ਲੋਕਾਂ ਨੂੰ ਬੀਸੀ ਸੂਬੇ ਵਿਚ ਰਹਿਣ ਦਾ ਮੌਕਾ ਦਿਤਾ ਜਾਂਦਾ ਤਾਂ ਬ੍ਰਿਟਿਸ਼ ਇੰਡੀਆ ਰੈਜ਼ੀਮੈਂਟ ਵਿਚਲੇ ਵਿਦਿਆਰਥੀਆਂ, ਮਜ਼ਦੂਰਾਂ ਅਤੇ ਸਾਬਕਾ ਸੈਨਿਕਾਂ ਨੇ ਕੈਨੇਡਾ ਦੇ ਵਿਕਾਸ ਵਿਚ ਬੜਾ ਅਹਿਮ ਯੋਗਦਾਨ ਪਾਉਣਾ ਸੀ। ਜੌਹਨ ਹੌਰਗਨ ਨੇ ਕਿਹਾ ਕਿ ਸਾਨੂੰ ਇਸ ਦਾ ਬੇਹੱਦ ਦੁੱਖ ਹੈ ਅਤੇ ਇਸ ਕਰ ਕੇ ਹੀ ਬੀ.ਸੀ. ਸਰਕਾਰ ਕਾਮਾਗਾਟਾਮਾਰੂ ਦੁਖਾਂਤ ਲਈ 2008 ਵਿਚ ਵਿਧਾਨ ਸਭਾ ਵਿਚ ਰਸਮੀ ਤੌਰ 'ਤੇ ਮੁਆਫ਼ੀ ਮੰਗ ਚੁਕੀ ਹੈ। ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਮਹਾਂਮਾਰੀ ਦੌਰਾਨ ਕੁੱਝ ਲੋਕਾਂ ਨੇ ਏਸ਼ੀਆਈ ਲੋਕਾਂ ਪ੍ਰਤੀ ਨਸਲਵਾਦੀ ਟਿੱਪਣੀਆਂ ਕੀਤੀਆਂ ਹਨ ਪਰ ਬੀਸੀ ਵਿਚ ਨਸਲਵਾਦ ਲਈ ਕੋਈ ਜਗ੍ਹਾ ਨਹੀਂ ਹੈ। ਸਾਨੂੰ ਇਸ ਨਫ਼ਰਤ ਦੇ ਵਿਰੁੱਧ ਡਟ ਕੇ ਖੜ੍ਹੇ ਹੋਣ ਦੀ ਜ਼ਰੂਰਤ ਹੈ। ਸਾਨੂੰ ਅਪਣੇ ਅਤੀਤ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਅਸੀ ਨਸਲੀ ਭੇਦਭਾਵ ਤੋਂ ਉਪਰ ਉਠ ਕੇ ਅਤੇ ਇਕਮੁੱਠ ਹੋ ਕੇ ਇਕ ਬਿਹਤਰ ਭਵਿਖ ਦਾ ਨਿਰਮਾਣ ਕਰ ਸਕਦੇ ਹਾਂ। (ਏਜੰਸੀ)