ਨਿਹੰਗ ਸਿੰਘਾਂ ਦੀ ਸ਼ਿਕਾਇਤ ਸਬੰਧੀ ਤਤਕਾਲ ਕਾਰਵਾਈ ਕੀਤੀ ਜਾਵੇ : ਜਾਚਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਮਾਮਲਾ ਜਾਤ-ਪਾਤ ਅਤੇ ਊਚ-ਨੀਚ ਦੇ ਵਿਤਕਰੇ ਦਾ

File Photo

ਕੋਟਕਪੂਰਾ 24 ਮਈ, (ਗੁਰਿੰਦਰ ਸਿੰਘ) : 'ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ' ਦੇ ਜਥੇਦਾਰ ਭਾਈ ਬਲਕਾਰ ਸਿੰਘ, ਭਾਈ ਕੁਲਵੰਤ ਸਿੰਘ ਅਤੇ 'ਮਿਸਲ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਦਲ' ਦੇ ਜਥੇਦਾਰ ਭਾਈ ਚੜ੍ਹਤ ਸਿੰਘ ਤੇ ਭਾਈ ਰਾਜਾ ਰਾਜ ਸਿੰਘ ਤੇ ਉਨ੍ਹਾਂ ਦੀਆਂ ਹੋਰ ਸਹਿਯੋਗੀ ਜਥੇਬੰਦੀਆਂ ਨੇ ਮਿਲ ਕੇ 16 ਮਈ, 2020 ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਇਕ ਸਾਂਝੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਕਿ ਪੰਥ ਦੀਆਂ ਕੁੱਝ ਪ੍ਰਮੁੱਖ ਨਿਹੰਗ ਸਿੰਘ ਜਥੇਬੰਦੀਆਂ ਅਤੇ ਕੁੱਝ ਡੇਰੇਦਾਰ ਸਿੱਖ ਸੰਪਰਦਾਵਾਂ, ਲੰਮੇ ਸਮੇਂ ਤੋਂ ਉਨ੍ਹਾਂ ਨਾਲ ਮਨੂੰਵਾਦੀ ਜਾਤ-ਪਾਤ 'ਤੇ ਅਧਾਰਤ ਊਚ-ਨੀਚ ਦਾ ਵਿਤਕਰੇ ਭਰਪੂਰ ਤੇ ਧੱਕੇਸ਼ਾਹੀ ਵਾਲਾ ਵਰਤਾਰਾ ਕਰਦੇ ਆ ਰਹੇ ਹਨ, ਜੋ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਰਹਿਤ ਮਰਯਾਦਾ ਮੁਤਾਬਕ ਵਰਜਿਤ ਹੈ।

ਇਸ ਲਈ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਨਿਹੰਗ ਸਿੰਘਾਂ ਦੀ ਸ਼ਿਕਾਇਤ ਸਬੰਧੀ ਕੋਈ ਤਤਕਾਲ ਕਾਰਵਾਈ ਕਰਨ, ਕਿਉਂਕਿ ਇਸ ਪੱਖੋਂ ਦੇਰੀ ਤੇ ਢਿਲ ਖ਼ਾਲਸਾ ਪੰਥ ਲਈ ਹਾਨੀਕਾਰਕ ਸਿੱਧ ਹੋ ਸਕਦੀ ਹੈ। ਅੰਤਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਨੇ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਮਨੂੰਵਾਦੀਆਂ ਵਲੋਂ ਲਿਤਾੜੇ (ਦਲਿਤ) ਤੇ ਪਛਾੜੇ ਪ੍ਰਵਾਰਕ ਪਿਛੋਕੜ ਵਾਲੇ ਉਪਰੋਕਤ ਨਿਹੰਗ ਸਿੰਘਾਂ ਦੇ ਸਮਰਥਨ ਵਿਚ ਖੜ੍ਹੇ ਹੋਣ ਕਿਉਂਕਿ ਉਨ੍ਹਾਂ ਦੀ ਦੁਖਦਾਈ ਤੇ ਹਿਰਦੇਵੇਧਕ ਸ਼ਿਕਾਇਤ ਬਿਲਕੁਲ ਜਾਇਜ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਇਨ੍ਹਾਂ ਦੇ ਬਜ਼ੁਰਗ ਤੇ ਸਮਕਾਲੀ ਸਿੰਘਾਂ ਨੇ ਗੁਰੂ ਤੇ ਪੰਥ ਲਈ ਹੁਣ ਤੱਕ ਕੁਰਬਾਨੀਆਂ ਪੱਖੋਂ ਮੋਹਰੀ ਰੋਲ ਨਿਭਾਇਆ ਹੈ।

ਇਸ ਲਈ ਗੁਰਦਵਾਰਾ ਅਕਾਲੀ ਸਿੱਖ ਸੁਸਾਇਟੀ ਵੈਨਕੂਵਰ ਦੇ ਮੁੱਖ ਗ੍ਰੰਥੀ ਗਿਆਨੀ ਜਸਬੀਰ ਸਿੰਘ, ਗੁਰਦਵਾਰਾ ਗਲੈਨਕੋਵ ਲਾਂਗ ਆਈਲੈਂਡ ਨਿਊਯਾਰਕ ਦੇ ਮੁੱਖ ਗ੍ਰੰਥੀ ਗਿਆਨੀ ਪਰਮਜੀਤ ਸਿੰਘ, ਸਰਬਜੀਤ ਸਿੰਘ ਅੰਤਰਾਸ਼ਟਰੀ ਬਾਮਸੇਫ਼ ਦਲ ਨਿਊਯਾਰਕ, ਏਕਮ-ਜੋਤਿ ਸੇਵਾ ਮਿਸ਼ਨ ਯੂ.ਕੇ. ਦੇ ਮੁਖੀ ਗਿਆਨੀ ਗੁਰਮੀਤ ਸਿੰਘ ਗੌਰਵ ਅਤੇ ਸ੍ਰੀ ਗੁਰੂ ਗ੍ਰੰਥ ਪ੍ਰਚਾਰ ਸਭਾ ਲੁਧਿਆਣਾ ਤੋਂ ਇਲਾਵਾ ਕਈ ਹੋਰ ਗੁਰਮਤਿ ਪ੍ਰਚਾਰਕ ਵੀਰਾਂ ਨੇ ਵੀ ਪੀੜਤ ਨਿਹੰਗ ਸਿੰਘਾਂ ਦੀ ਸ਼ਿਕਾਇਤ ਦੇ ਸੱਚ ਤੇ ਨਿਆਂਕਾਰੀ ਮੰਗ ਦਾ ਜ਼ੋਰਦਾਰ ਸਮਰਥਨ ਕੀਤਾ ਹੈ।

ਗਿਆਨੀ ਜਾਚਕ ਨੇ ਆਸ ਪ੍ਰਗਟ ਕੀਤੀ ਹੈ ਕਿ ਪੰਥ-ਦਰਦੀ ਸਮੂਹ ਸਿੱਖ ਸੰਸਥਾਵਾਂ ਤੇ ਸਿੱਖ ਸੰਗਤਾਂ “ਸਚਾ ਆਪਿ, ਤਖ਼ਤੁ ਸਚਾ, ਬਹਿ ਸਚਾ ਕਰੇ ਨਿਆਉ£'' ਗੁਰਵਾਕ ਦੇ ਇਲਾਹੀ ਚਾਨਣ ਵਿਚ ਉਨ੍ਹਾਂ ਵਾਂਗ ਹੀ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਜ਼ੋਰਦਾਰ ਅਪੀਲ ਕਰਨਗੇ ਤਾਕਿ ਸਿੱਖ ਸੰਸਥਾਵਾਂ ਦੇ ਬਲਬੂਤੇ ਉਹ ਪਾਣੀ ਦੇ ਪੁਣਨ ਵਾਂਗ ਸੱਚ ਤੇ ਝੂਠ ਦਾ ਨਿਤਾਰਾ ਕਰਨ ਤੋਂ ਕਦੇ ਨਾ ਝਿਜਕਣ। ਗਿਆਨੀ ਜਾਚਕ ਨੇ ਆਖਿਆ ਕਿ ਜੇ ਹੁਣ ਅਸੀ ਮੌਕਾ ਖੁੰਝਾ ਗਏ, ਚੁੱਪ ਕੀਤੇ ਰਹੇ ਅਤੇ ਪੀੜਤ ਨਿਹੰਗ ਸਿੰਘਾਂ ਦੇ ਸਮਰਥਨ ਵਿਚ ਖੜ੍ਹੇ ਨਾ ਹੋਏ ਤਾਂ ਫਿਰ ਪਛਤਾਵਾ ਹੀ ਸਾਡੇ ਹੱਥ ਰਹਿ ਜਾਏਗਾ,

ਕਿਉਂਕਿ ਪੰਥ-ਵਿਰੋਧੀ ਸ਼ਕਤੀਆਂ ਸ਼ਿਕਾਰੀ ਵਾਂਗ ਮੌਕੇ ਦੀ ਭਾਲ ਵਿਚ ਦਿਨ-ਰਾਤ ਉਨ੍ਹਾਂ ਨਿਹੰਗ ਸਿੰਘਾਂ ਦਾ ਪਿੱਛਾ ਕਰ ਰਹੀਆਂ ਹਨ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਅਪਣੇ ਆਪ ਨੂੰ ਖ਼ਾਲਸਾ ਪੰਥ ਦਾ ਅਟੁੱਟ ਅੰਗ ਪ੍ਰਗਟ ਕੀਤਾ ਹੈ। ਭਰੋਸੇਯੋਗ ਸੂਤਰ ਦਸਦੇ ਹਨ ਕਿ ਪੀੜਤ ਨਿਹੰਗ ਸਿੰਘਾਂ ਨੇ 'ਵਰਲਡ ਸਿੱਖ ਪਾਰਲੀਮੈਂਟ' ਨੂੰ ਵੀ ਨਿਆਂ ਲਈ ਪੱਤਰ ਲਿਖਿਆ ਹੈ। ਉਨ੍ਹਾਂ ਦੇ ਨੁਮਾਇੰਦਿਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖ਼ਾਲਸਾ ਇੰਟਨੈਸ਼ਨਲ, ਦਮਦਮੀ ਟਕਸਾਲ ਸਮੇਤ ਕਈ ਹੋਰ ਸੰਘਰਸ਼ਸੀਲ ਜਥੇਬੰਦੀਆਂ ਤੱਕ ਵੀ ਪਹੁੰਚ ਕੀਤੀ ਹੈ।